ਅਹਿਮ ਵੱਡੀ ਖਬਰ : ਪੰਜਾਬ ਦੇ 8 ਸਰਕਾਰੀ ਕਾਲਜ ਖੁਦਮੁਖਤਿਆਰੀ ਕਾਲਜਾਂ ਵਜੋਂ ਹੋਣਗੇ ਅਪਗ੍ਰੇਡ, ਮਾਨ ਸਰਕਾਰ ਨੇ ਕਰ ਲਈ ਤਿਆਰੀ
ਚੰਡੀਗੜ੍ਹ/SANGHOL TIMES/13ਅਗਸਤ,2024(ਮਲਕੀਤ ਸਿੰਘ ਭਾਮੀਆਂ) – ਪੰਜਾਬ ਸਰਕਾਰ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਮੱਦਦ ਨਾਲ 8 ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ ਕਾਲਜਾਂ ਵਜੋਂ ਅਪਗ੍ਰੇਡ ਕਰਨ ਲਈ ਪਛਾਣ ਕੀਤੀ ਹੈ। ਇਸ ਸੂਚੀ ਵਿੱਚ ਸਰਕਾਰੀ ਕਾਲਜ ਫਾਰ ਗਰਲਜ਼ ਲੁਧਿਆਣਾ, ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਸਰਕਾਰੀ ਕਾਲਜ ਫਾਰ ਗਰਲਜ਼ ਪਟਿਆਲਾ, ਐਸ ਆਰ ਸਰਕਾਰੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਅਤੇ ਮੁਹਾਲੀ, ਮਲੇਰਕੋਟਲਾ ਅਤੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜਾਂ ਦੇ ਨਾਂ ਸੂਚੀ ਵਿੱਚ ਸ਼ਾਮਿਲ ਹਨ। ਇੰਨਾਂ ਕਾਲਜਾਂ ਨੂੰ ਅਪਣੀਆਂ ਤਜਵੀਜ਼ਾਂ ਡਾਇਰੈਕਟਰ ਸੀਨੀਆਰ ਸੈਕੰਡਰੀ ਸਿੱਖਿਆ ਦਫਤਰ ਨੂੰ ਭੇਜਣ ਲਈ ਕਿਹਾ ਗਿਆ ਹੈ। ਇਹ ਤਜਵੀਜ਼ਾਂ ਫਿਰ “ਕਾਲਜਾਂ ਨੂੰ ਆਟੋਨੋਮਸ ਸਟੇਟਸ ਦੀ ਗਰਾਂਟ ਅਤੇ ਮਿਆਰਾਂ ਦੀ ਸਾਂਭ ਸੰਭਾਲ ਲਈ ਉਪਾਅ” ਰੈਗੂਲੇਸ਼ਨ, 2023 ਦੇ ਤਹਿਤ ਅੰਤਿਮ ਵਿਚਾਰ ਲਈ ਯੂਜੀਸੀ ਨੂੰ ਭੇਜੀਆਂ ਜਾਣਗੀਆਂ। ਖੁਦਮੁਖਤਿਆਰੀ ਦਾ ਮਤਲਬ ਇਹ ਹੋਵੇਗਾ ਕਿ ਇਹ ਕਾਲਜ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੀ ਇਜਾਜ਼ਤ ‘ਤੇ ਬਿੰਨਾਂ ਮੌਜੂਦਾ ਕੋਰਸਾਂ ਦੀ ਸਮੀਖਿਆ ਕਰਨ ਅਤੇ ਨਵੇਂ ਕੋਰਸਾਂ ਨੂੰ ਮੁੜ ਡਿਜ਼ਾਇਨ ਕਰਨ ਲਈ ਸੁਤੰਤਰ ਹੋਣਗੇ। ਇੰਨਾਂ ਕਾਲਜਾਂ ਨੂੰ ਫੀਸ ਢਾਂਚੇ ਬਾਰੇ ਫੈਸਲਾ ਕਰਨ ਦੀ ਵੀ ਅਜਾਦੀ ਹੋਵੇਗੀ।
