ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਕਿਸਾਨ ਮੇਲੇ ਨੂੰ ਭਰਵਾਂ ਹੁੰਗਾਰਾ
ਡਾ. ਐਮ.ਐਸ.ਭੁੱਲਰ ਨੇ ਘਰੇਲੂ ਵਰਤੋਂ ਦੀਆਂ ਸਬਜ਼ੀਆਂ, ਫਲ ਦੁੱਧ ਆਦਿ ਦਾ ਉਤਪਾਦਨ ਕਿਸਾਨਾਂ ਨੂੰ ਆਪ ਹੀ ਕਰਨ ਦੀ ਕੀਤੀ ਅਪੀਲ

ਰੂਪਨਗਰ/SANGHOL-TIMES/Jagmeet-Singh/04 ਨਵੰਬਰ,2024- ਪੀਏਯੂ ਲੁਧਿਆਣਾ ਅਤੇ ਆਈਸੀਏਆਰ ਅਟਾਰੀ ਜ਼ੋਨ-1 ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ) ‘ਤੇ ਕੇਂਦਰਿਤ ਕਿਸਾਨ ਮੇਲਾ ਸਫਲਤਾਪੂਰਵਕ ਆਯੋਜਿਤ ਕੀਤਾ।
ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਸਤਬੀਰ ਸਿੰਘ ਦੀ ਰਹਿਨੁਮਾਈ ਹੇਠ ਹੋਏ ਇਸ ਸਮਾਗਮ ਵਿੱਚ ਡਾਇਰੈਕਟਰ ਪਸਾਰ ਸਿੱਖਿਆ ਪੀਏਯੂ ਲੁਧਿਆਣਾ ਡਾ. ਐਮ.ਐਸ.ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਸੋਸੀਏਟ ਡਾਇਰੈਕਟਰ ਕੇਵੀਕੇ ਹੁਸ਼ਿਆਰਪੁਰ ਡਾ. ਐਮਐਸ ਬੌਂਸ, ਡਿਪਟੀ ਡਾਇਰੈਕਟਰ ਕੇਵੀਕੇ ਮੋਹਾਲੀ ਡਾ. ਬੀਐਸ ਖੱਦਾ, ਡਿਪਟੀ ਡਾਇਰੈਕਟਰ ਕੇਵੀਕੇ ਐਸਬੀਐਸ ਨਗਰ ਡਾ. ਪਰਦੀਪ ਕੁਮਾਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਜਸਦੇਵ ਸਿੰਘ ਅਤੇ ਖੇਤੀਬਾੜੀ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਪੰਕਜ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਟੈਕਨੀਕਲ ਸੈਸ਼ਨ ਦੌਰਾਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਆਏ ਹੋਏ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਕੇਂਦਰ ਦੀਆਂ ਨਵੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਸਿਫਾਰਿਸ਼ ਤਕਨੀਕਾਂ ਨਾਲ ਖੇਤੀ ਦੀ ਮਹੱਤਤਾ ‘ਤੇ ਜਾਣਕਾਰੀ ਭਰਪੂਰ ਚਰਚਾਵਾਂ ਕੀਤੀਆਂ। ਪੀਏਯੂ ਦੇ ਬੀਜਾਂ ਦੀ ਵਿਕਰੀ, ਸਾਹਿਤ ਦੀ ਵਿਕਰੀ, ਪਸ਼ੂਆਂ ਦੇ ਪੌਸ਼ਟਿਕ ਉਤਪਾਦਾਂ ਦੀ ਵਿਕਰੀ ਇਸ ਸਮਾਗਮ ਦੇ ਹੋਰ ਪ੍ਰਮੁੱਖ ਆਕਰਸ਼ਣ ਸਨ। ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਹੋਏ ਜ਼ਿਲ੍ਹਾ ਰੂਪਨਗਰ ਦੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੁੱਖ ਮਹਿਮਾਨ ਡਾ. ਐਮਐਸ ਭੁੱਲਰ ਨੇ ਜ਼ਿਲ੍ਹਾ ਰੂਪਨਗਰ ਦੇ ਪਰਾਲੀ ਪ੍ਰਬੰਧਨ ਵਿੱਚ ਮੋਹਰੀ ਹੋਣ ਲਈ ਸ਼ਲਾਘਾ ਕਰਦਿਆਂ ਖੇਤ ਵਿੱਚ ਹੀ ਪਰਾਲੀ ਪ੍ਰਬੰਧਨ ਦੀ ਜ਼ਰੂਰਤ ਤੇ ਚਾਨਣਾ ਪਾਇਆ। ਉਨ੍ਹਾਂ ਕਿਸਾਨਾਂ ਨੂੰ ਪੀਏਯੂ ਦੀਆਂ ਕਣਕ ਦੀਆਂ ਖਾਸ ਕਿਸਮਾਂ ਜਿਵੇ ਕਿ ਚਪਾਤੀ ਨੰ.1, ਜ਼ਿੰਕ ਨੰ.1,2, ਪੀਬੀਡਬਲਿਊ ਆਰ ਐਸ 1 ਆਦਿ ਵੀ ਵਰਤਣ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਸਿਫਾਰਿਸ਼ ਤਕਨੀਕਾਂ ਜਿਵੇ ਬੀਜ ਸੋਧ ਦੀ ਮਹੱਤਾ ਬਾਰੇ ਵੀ ਜ਼ਿਕਰ ਕੀਤਾ। ਡਾ. ਭੁੱਲਰ ਨੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਘਰੇਲੂ ਵਰਤੋਂ ਦੀਆਂ ਸਬਜ਼ੀਆਂ, ਫਲ ਦੁੱਧ ਆਦਿ ਦਾ ਉਤਪਾਦਨ ਆਪ ਹੀ ਕੀਤਾ ਜਾਵੇ।
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਵੱਲੋਂ ਖੇਤੀਬਾੜੀ ਅਤੇ ਪਸ਼ੂ ਧਨ ਦੇ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਉਪਯੋਗਿਤਾ ਬਾਰੇ ਪ੍ਰਦਰਸ਼ਨੀ ਕਿਸਾਨਾਂ ਲਈ ਇੱਕ ਜਾਗਰੂਕਤਾ ਭਰਪੂਰ ਤਜਰਬਾ ਸਾਬਤ ਹੋਈ।
ਇਸ ਮੇਲੇ ਵਿੱਚ ਸਰਕਾਰੀ ਵਿਭਾਗ ਜਿਵੇ ਕਿ ਭੂਮੀ ਰੱਖਿਆ, ਬਾਗਬਾਨੀ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ, ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ, ਮਾਰਕਫੈੱਡ, ਨਗਰ ਕੌਂਸਲ, ਪੰਜਾਬ ਐਗਰੋ, ਰੋਜ਼ਗਾਰ ਵਿਭਾਗ, ਇਫਕੋ, ਐਨਐਫਐਲ, ਐਸਬੀਆਈ ਅਤੇ ਪ੍ਰਾਈਵੇਟ ਕੰਪਨੀਆਂ ਐਗਰੀਜ਼ੋਨ, ਬਾਇਰ, ਕੇਅਰਜ਼, ਕੁਆਂਟਮ ਪੇਪਰ ਮਿੱਲ, ਵਿਰਬੈਕ ਅਤੇ ਕੇਵੀਕੇ ਦੇ ਉੱਦਮੀਆਂ ਦੀ ਭਾਰੀ ਸ਼ਮੂਲੀਅਤ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਨੇ ਇਸ ਸਮਾਗਮ ਨੂੰ ਸਫਲ਼ ਬਨਾਉਣ ਵਿੱਚ ਪੂਰਾ ਯੋਗਦਾਨ ਪਾਇਆ।
ਅੰਤ ਵਿੱਚ ਡਾ. ਐਮਐਸ ਬੌਂਸ ਨੇ ਮੇਲੇ ਨੂੰ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਦੱਸਦਿਆਂ ਧੰਨਵਾਦ ਦਾ ਮਤਾ ਪੇਸ਼ ਕੀਤਾ।
