ਮਾਮਲਾ ਹੋਂਦ ਚਿੱਲੜ ਵਿਖੇ 32 ਸਿੱਖਾਂ ਨੂੰ ਅੱਗ ਲਗਾ ਕੇ ਸਾੜਨ ਦਾ – ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਹੋਂਦ ਚਿੱਲੜ ਦਾ ਕੀਤਾ ਦੌਰਾ
ਸਿੱਖ ਕਤਲੇਆਮ ਮਨੁੱਖਤਾ ਦੇ ਮੱਥੇ ਤੇ ਕਲੰਕ – ਸੰਤ ਸੀਚੇਵਾਲ

ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/08-ਨਵੰਬਰ 2024 –
ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਦੇ ਨਾਲ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਹੋਂਦ ਵਿਖੇ ਪਹੁੰਚ ਕੇ ਪੀੜਤਾਂ ਦਾ ਹਾਲ ਜਾਣਿਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਰਿਆਣਾ ਦੇ ਜ਼ਿਲ੍ਹੇ ਰਿਵਾੜੀ ਦੀ ਤਹਿਸੀਲ ਪਟੌਦੀ ਦੇ ਪਿੰਡ ਹੋਂਦ ਵਿਖੇ 2 ਨਵੰਬਰ 1984 ਨੂੰ ਮਾਸੂਮ ਬੱਚਿਆਂ ਸਣੇ 32 ਸਿੱਖਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਅੱਗ ਲਗਾ ਕੇ ਖ਼ੂਹ ਵਿੱਚ ਸੁੱਟ ਕੇ ਦਰਦਨਾਕ ਮੌਤ ਦਿੱਤੀ ਗਈ। ਲਗਭਗ 27 ਵਰ੍ਹਿਆਂ ਬਾਅਦ ਭਾਈ ਦਰਸ਼ਨ ਸਿੰਘ ਘੋਲੀਆ ਵੱਲੋਂ ਤੇ ਹੋਰ ਪੰਥਕ ਆਗੂਆਂ ਵੱਲੋਂ ਇਸ ਮੁੱਦੇ ਨੂੰ ਪੰਥ ਦੇ ਸਨਮੁੱਖ ਕੀਤਾ। ਫ਼ਿਰ ਪੰਥਕ ਆਗੂਆਂ ਦੇ ਸਹਿਯੋਗ ਨਾਲ ਇਨਸਾਫ਼ ਲਈ ਲੜਾਈ ਲੜੀ। ਅਦਾਲਤ ਦੀ ਰਿਪੋਰਟ ਆਉਣ ਭਾਵੇਂ 22 ਕਰੋੜ 60 ਲੱਖ ਦੀ ਮੁਆਵਜ਼ਾ ਰਾਸ਼ੀ ਤਾਂ ਜ਼ਰੂਰ ਮਿਲ ਗਈ ਪਰ 4 ਪੁਲਿਸ ਅਧਿਕਾਰੀਆਂ ਸਮੇਤ ਦੋਸ਼ੀਆਂ ਤੇ ਕਾਰਵਾਈ ਲਈ ਸਰਕਾਰਾਂ ਨੂੰ ਸਮਾਂ ਨਾ ਮਿਲ ਸਕਿਆ ਅਤੇ ਨਾ ਹੀ ਕਰੋੜਾਂ ਰੁਪਿਆ ਮਿਲਣ ਦੇ ਉਸਾਰੀ ਸ਼ੁਰੂ ਹੋਈ। ਅੱਜ ਚਾਰ ਦਹਾਕਿਆਂ ਬਾਅਦ ਪਿੰਡ ਹੋਂਦ ਚਿੱਲੜ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕਰਨ ਲਈ ਅਰਦਾਸ ਸਮਾਗਮ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਭਾਈ ਦਰਸ਼ਨ ਸਿੰਘ ਘੋਲੀਆ ਦੇ ਨਾਲ ਪਿੰਡ ਹੋਂਦ ਦਾ ਦੌਰਾ ਕਰਦਿਆਂ ਪਿੰਡ ਅੰਦਰ ਵੱਡੀ ਗਿਣਤੀ ਵਿੱਚ ਬੂਟੇ ਲਗਾਉਂਦਿਆਂ ਸੰਤ ਸੀਚੇਵਾਲ ਨੇ ਆਖਿਆ ਕਿ ਸਿੱਖ ਨਸ਼ਲਕੁਸ਼ੀ ਦੇ ਇਸ ਕੌਮੀ ਮਸਲੇ ਨੂੰ ਉਹ ਪੂਰੀ ਤਨਦੇਹੀ ਦੇ ਨਾਲ ਕੇਂਦਰ ਅਤੇ ਹਰਿਆਣਾ ਸਰਕਾਰ ਕੋਲ ਉਠਾਉਣਗੇ ਤਾਂ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਪਿੰਡ ਦੇ ਜ਼ਮੀਨੀ ਰਕਬੇ ਨੂੰ ਜੋ ਹੌਲੀ-ਹੌਲੀ ਘਟ ਰਿਹਾ ਹੈ ਪੂਰਾ ਕਰਨ ਤੋਂ ਇਲਾਵਾ ਸ਼ਹੀਦੀ ਯਾਦਗਾਰ ਉਸਾਰਨ ਦਾ ਰਾਹ ਪੱਧਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਕਤਲੇਆਮ ਮਨੁੱਖਤਾ ਦੇ ਮੱਥੇ ਤੇ ਕਲੰਕ ਵੱਜੋਂ ਉਭਰ ਕੇ ਪੂਰੇ ਸਮਾਜ ਨੂੰ ਸ਼ਰਮਸ਼ਾਰ ਕਰ ਦਿੰਦੇ ਹਨ, ਜੋ ਨਹੀਂ ਵਾਪਰਨੇ ਚਾਹੀਦੇ।
ਇਸ ਮੌਕੇ ਪੀੜਤ ਗੁਰਜੀਤ ਸਿੰਘ ਪਟੌਦੀ, ਗੋਪਾਲ ਸਿੰਘ, ਚਿਲੜ ਹੋਂਦ, ਪਰੇਮ ਸਿੰਘ, ਸਰਪੰਚ ਪ੍ਰਿਅੰਕਾ ਦੇਵੀ, ਸੰਦੀਪ ਸਿੰਘ ਮੋਮਨਾਬਾਦ, ਜੀਵਨਾ ਬਾਈ ਪਟੌਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਸੁਰਜੀਤ ਸਿੰਘ ਖਾਲਸਾ, ਪੀੜਤ ਪਰਿਵਾਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ ।
ਕੈਪਸਨ : ਪਿੰਡ ਹੋਂਦ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਹੋਂਦ ਚਿੱਲੜ ਆਗੂ ਦਰਸ਼ਨ ਸਿੰਘ ਘੋਲੀਆ ਅਤੇ ਪੀੜਤ ਪਰਿਵਾਰ ।
