ਪੰਜਾਬ ਸਰਕਾਰ ਹਰ ਕਦਮ ਤੇ ਦਿਵਿਆਂਗਜਨਾਂ ਦੇ ਨਾਲ ਖੜ੍ਹੀ ਹੈ- ਡਿਪਟੀ ਕਮਿਸ਼ਨਰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਦਿਵਿਆਂਗ ਪ੍ਰਾਰਥੀਆਂ ਲਈ ਸੰਸਾਰ ਦਿਵਸ ਮਨਾਇਆ
ਜਸਵੰਤ ਸਿੰਘ ਨੂੰ ਮੌਕੇ ਤੇ ਹੀ ਰੈੱਡ ਕਰਾਸ ਵਿਖੇ ਸਲਾਹਕਾਰ ਵਜੋਂ ਦਿੱਤੀ ਨੌਕਰੀ
ਰੂਪਨਗਰ/SANGHOL-TIMES/Jagmeet Singh//04 ਦਸੰਬਰ, 2024 – ਜ਼ਿਲ੍ਹੇ ਦੇ ਦਿਵਿਆਂਗ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਦਿਵਿਆਂਗ ਪ੍ਰਾਰਥੀਆਂ ਲਈ ਸੰਸਾਰ ਦਿਵਸ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ।
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿਵਿਆਂਗ ਪ੍ਰਾਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਦਿਵਿਆਂਗਜਨ ਜ਼ਿੰਦਗੀ ਦੇ ਕਿਸੇ ਵੀ ਪੜਾਅ ’ਤੇ ਖੁਦ ਨੂੰ ਕਮਜ਼ੋਰ ਨਾ ਸਮਝਣ, ਪੰਜਾਬ ਸਰਕਾਰ ਹਰ ਕਦਮ ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ। ਦਿਵਿਆਂਗਜਨਾਂ ਨੂੰ ਆਪਣੇ ਆਪ ਨੂੰ ਅਧੂਰੇ ਨਹੀਂ ਸਮਝਣਾ ਚਾਹੀਦਾ, ਸਗੋਂ ਉਹ ਆਪਣੇ ਮਨੋਬਲ ਸਦਕਾ ਅੰਬਰਾਂ ਨੂੰ ਛੂਹ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਦਿਵਿਆਂਗਜਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ, ਆਪਣੇ ਪੈਰਾਂ ਤੇ ਖੜ੍ਹੇ ਕਰਨ ਅਤੇ ਆਪਣੀ ਰੋਜ਼ੀ ਕਮਾਉਣ ਦੇ ਕਾਬਲ ਬਣਾਉਣ ਲਈ ਹਰ ਢੁੱਕਵਾਂ ਯਤਨ ਕਰਨ ਰਿਹਾ ਹੈ। ਇਸ ਲਈ ਅੱਜ ਦਿਵਿਆਂਗ ਦਿਵਸ ਦੇ ਮੌਕੇ ਨੂੰ ਮੁੱਖ ਰੱਖਦੇ ਹੋਏ ਦਿਵਿਆਂਗ ਪ੍ਰਾਰਥੀਆਂ ਨੂੰ ਰੋਜ਼ਗਾਰ, ਸਵੈ-ਰੋਜ਼ਗਾਰ ਦੇ ਮੌਕਿਆਂ ਅਤੇ ਸਰਕਾਰੀ ਅਦਾਰਿਆਂ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਵਿਸ਼ੇਸ਼ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਤਾਂ ਜੋ ਇਨ੍ਹਾਂ ਪ੍ਰਾਰਥੀਆਂ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਲਦ ਤੋਂ ਜਲਦ ਜ਼ਿਲ੍ਹੇ ਦੇ ਦਿਵਿਆਂਗਜਨਾਂ ਦੀ ਪੂਰੀ ਲਿਸਟ ਬਣਾ ਕੇ ਉਨ੍ਹਾਂ ਦੀ ਯੋਗਤਾ, ਉਮਰ ਤੇ ਪੂਰਾ ਡਾਟਾ ਤਿਆਰ ਕਰਨ ਤੇ ਕੰਪਨੀਆਂ ਨਾਲ ਤਾਲਮੇਲ ਕਰਕੇ ਰਹਿੰਦੇ ਦਿਵਿਆਂਗਜਨਾਂ ਨੂੰ ਰੋਜ਼ਗਾਰ ਦਿਵਾਉਣ ਵਿੱਚ ਉਨ੍ਹਾਂ ਦੀ ਪੂਰੀ ਤਰ੍ਹਾਂ ਸਹਾਇਤਾ ਕਰਨ।
ਇਸ ਸਮਾਗਮ ਮੌਕੇ ਜਸਵੰਤ ਸਿੰਘ ਵਾਸੀ ਹਰਗੋਬਿੰਦ ਨਗਰ, ਰੂਪਨਗਰ ਨੇ ਦੱਸਿਆ ਕਿ ਉਸ ਦੇ ਸਰੀਰ ਦੇ ਹੁਣ ਤੱਕ 15 ਓਪਰੇਸ਼ਨ ਹੋ ਚੁੱਕੇ ਹਨ, ਤੇ 235 ਟਾਂਕੇ ਲੱਗੇ ਹੋਏ ਹਨ ਤੇ ਇਸ ਦੇ ਬਾਵਜੂਦ ਵੀ ਉਸਨੇ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਪੜਾਈ ਤਾਂ ਪੂਰੀ ਕੀਤੀ ਹੀ, ਨਾਲ-ਨਾਲ ਵੱਖ-ਵੱਖ ਮੈਰਾਥਨਾਂ ਵਿੱਚ 15 ਮੈਡਲ, ਹੁਸ਼ਿਆਰਪੁਰ ਵਿਖੇ ਹੋਈ ਆਲ ਇੰਡੀਆਂ 100 ਕਿਲੋਮੀਟਰ ਸਾਈਕਲਿੰਗ ਵਿੱਚ ਵੀ ਗੋਲਡ ਮੈਡਲ ਪ੍ਰਾਪਤ ਕੀਤਾ। ਜਸਵੰਤ ਸਿੰਘ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਉਨ੍ਹਾਂ ਨੂੰ ਮੌਕੇ ਤੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦੇ ਰੈੱਡ ਕਰਾਸ ਵਿਖੇ ਸਲਾਹਕਾਰ ਦੀ ਨੌਕਰੀ ਦਿੱਤੀ, ਜਿਸ ਦੇ ਲਈ ਜਸਵੰਤ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰ ਪ੍ਰਾਰਥੀਆਂ ਨਾਲ ਸਵਾਲ ਜਵਾਬ ਸ਼ੈਸ਼ਨ ਵੀ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮੌਕੇ ਤੇ ਇੱਕ ਪ੍ਰਾਰਥੀ ਵੱਲੋਂ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਦੇ ਸਾਹਮਣੇ ਗੀਤ ਗਾ ਕੇ ਪ੍ਰਗਟ ਕੀਤਾ ਗਿਆ। ਦਿਵਿਆਂਗ ਪ੍ਰਾਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਦਿਵਿਆਂਗ ਪ੍ਰਾਰਥੀਆਂ ਨੂੰ ਰੋਜ਼ਮਰਾ ਦੀ ਜਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਬੱਚਿਆਂ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ। ਡਿਪਟੀ ਕਮਿਸ਼ਨਰ ਵੱਲੋਂ ਇਸ ਕੈਂਪ ਵਿੱਚ ਸ਼ਾਮਲ ਸਮੂਹ ਪ੍ਰਾਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਦਿਵਿਆਂਗ ਪ੍ਰਾਰਥੀਆਂ ਨੂੰ ਰੋਜ਼ਗਾਰ ਸ਼ੁਰੂ ਕਰਨ ਲਈ ਸਰਕਾਰ ਦੀਆਂ ਵੱਖ-ਵੱਖ ਸਵੈ-ਰੋਜ਼ਗਾਰ ਸਹੂਲਤਾਵਾਂ, ਕਰਜ਼ਾ ਸਹੂਲਤਾਵਾਂ, ਮੁਫ਼ਤ ਸਿਖਲਾਈ ਸਹੂਲਤਾਂ, ਪੈਨਸ਼ਨ ਸਹੂਲਤਾਵਾਂ ਅਤੇ ਹੋਰ ਸਕੀਮਾਂ ਬਾਰੇ ਐਸ.ਸੀ.ਐੱਫ.ਸੀ ਕਾਰਪੋਰੇਸ਼ਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਜ਼ਿਲ੍ਹਾ ਰੈੱਡ ਕਰਾਸ, ਆਰਸੇਟੀ, ਪੀ.ਐਸ.ਡੀ.ਐਮ ਅਤੇ ਹੋਰ ਕਈ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਨੁਮਾਇੰਦਿਆਂ ਵੱਲੋਂ ਜਾਗਰੂਕ ਕੀਤਾ ਗਿਆ ਹੈ ਅਤੇ ਵਿਸਥਾਰ ਨਾਲ ਹਰ ਵਿਭਾਗੀ ਸਕੀਮ ਬਾਰੇ ਸਮਝਾਇਆ ਗਿਆ ਹੈ।
ਕੈਰੀਅਰ ਕਾਊਸਲਰ ਜਸਵੀਰ ਸਿੰਘ ਅਤੇ ਪਲੇਸਮੈਂਟ ਅਫਸਰ ਮੀਨਕਾਸ਼ੀ ਬੇਦੀ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਦਿਵਿਆਂਗ ਪ੍ਰਾਰਥੀਆਂ ਨੂੰ ਆਪਣੀ ਰੋਜ਼ੀ ਕਮਾਉਣ ਦੇ ਕਾਬਲ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਦਿਵਿਆਂਗ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਮੁੱਢਲੇ ਤੌਰ ਤੇ ਆਪਣਾ ਨਾਮ ਰਜਿਸਟਰ ਕਰਵਾਉਣ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਉਨ੍ਹਾਂ ਨੂੰ ਕੈਰੀਅਰ ਲਈ ਲੋੜੀਂਦੀ ਅਗਵਾਈ ਦਿੱਤੀ ਜਾਵੇਗੀ ਅਤੇ ਪ੍ਰਾਈਵੇਟ ਅਤੇ ਸਰਕਾਰੀ ਨੌਕਰੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਬਲਾਕ ਮਿਸ਼ਨ ਮੈਨੇਜਰ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਰੂਪਨਗਰ ਗੁਰਪ੍ਰੀਤ ਸਿੰਘ ਵੱਲੋਂ ਪ੍ਰਾਰਥੀਆਂ ਨੂੰ ਹੁਨਰ ਵਿਕਾਸ ਦੇ ਮੁਫ਼ਤ ਕੋਰਸਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਮਾਈਕਰੋਸਾਫਟ ਅਤੇ ਨੈਸਕਾਮ ਆਦਿ ਕੰਪਨੀਆਂ ਵਿੱਚ ਸਿਖਲਾਈ ਲੈਣ ਲਈ ਰਜਿਸਟ੍ਰੇਸ਼ਨ ਦੀ ਕਾਰਜਵਿਧੀ ਬਾਰੇ ਸਮਝਾਇਆ ਗਿਆ। ਯੰਗ ਪ੍ਰੋਫੈਸ਼ਨਲ, ਐਮ.ਸੀ.ਸੀ. ਮਿਸ ਕੰਚਨ ਪਾਂਡੇ ਵੱਲੋਂ ਨੌਜਵਾਨਾਂ ਨੂੰ ਐਨ.ਸੀ.ਐਸ ਪੋਰਟਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪ੍ਰਿੰਸੀਪਲ ਆਦਰਸ਼ ਸ਼ਰਮਾ, ਸੁਖਰਾਮ ਸਿੰਘ ਸਹਾਇਕ ਜ਼ਿਲ੍ਹਾ ਮੈਨੇਜਰ, ਗੁਰਦੀਪ ਸਿੰਘ ਸਹਾਇਕ ਜ਼ਿਲ੍ਹਾ ਮੈਨੇਜਰ, ਜੀ.ਐਸ.ਰੈਨੀ, ਗੁਰਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਹਾਜ਼ਰ ਸਨ।
