ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੰਜੀਦਾ ਹੋਵੇ- ਐਡਵੋਕੇਟ ਧਾਮੀ
ਸੰਘੋਲ ਟਾਇਮਜ਼/ਜਗਮੀਤਸਿੰਘ/ਅੰਮ੍ਰਿਤਸਰ/25ਮਈ,2022 –
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ’ਚ ਤਬਦੀਲ ਕਰਨ ਤੋਂ ਰੋਕਣ ਲਈ ਪੰਜਾਬ ਸਰਕਾਰ ਨੂੰ ਗੰਭੀਰ ਯਤਨ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਬਾਰੇ ਮਾਣਯੋਗ ਹਾਈਕੋਰਟ ਵਿਚ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਪੱਖ ਪੂਰਿਆ ਜਾਣਾ ਚਾਹੀਦਾ ਸੀ, ਜਿਸ ਵਿਚ ਪੰਜਾਬ ਦੀ ਸਰਕਾਰ ਨਾਕਾਮ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਕਿਸੇ ਵੀ ਕੀਮਤ ’ਤੇ ਕੇਂਦਰੀ ਯੂਨੀਵਰਸਿਟੀ ਨਹੀਂ ਬਣਨੀ ਚਾਹੀਦੀ ਅਤੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਸੰਜੀਦਾ ਹੋਣ ਦੀ ਲੋੜ ਹੈ। ਸਰਕਾਰ ਇਸ ਮਾਮਲੇ ’ਚ ਵੱਡੇ ਵਕੀਲਾਂ ਨਾਲ ਮਸ਼ਵਰਾ ਕਰਕੇ ਮਾਮਲਾ ਅੱਗੇ ਵਧਾਏ, ਤਾਂ ਜੋ ਪੰਜਾਬ ਦੀ ਵਿਰਾਸਤ ਸੁਰੱਖਿਅਤ ਰਹੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰ ਦੇ ਸੇਵਾ ਨਿਯਮ ਲਾਗੂ ਕਰਨ ਦਾ ਪੰਜਾਬ ਵਿਰੋਧੀ ਫੈਸਲਾ ਸਾਹਮਣੇ ਆਇਆ ਸੀ ਅਤੇ ਹੁਣ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਕੇਸ ਵਿਚ ਇਹ ਯੂਨੀਵਰਸਿਟੀ ਪੰਜਾਬ ਤੋਂ ਖੁਸਦੀ ਨਜ਼ਰ ਆ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਹੱਕਾਂ ਤੇ ਹਿੱਤਾਂ ’ਤੇ ਡਾਕਾ ਬਰਦਾਸ਼ਤਯੋਗ ਨਹੀਂ ਹੈ, ਲਿਹਾਜ਼ਾ ਪੰਜਾਬ ਸਰਕਾਰ ਪੰਜਾਬ ਨਾਲ ਜੁੜੇ ਸਰੋਕਾਰਾਂ ਪ੍ਰਤੀ ਸੰਜੀਦਾ ਹੋਵੇ।