ਐਡਵੋਕੇਟ ਧਾਮੀ ਤੀਸਰੀ ਵਾਰ ਬਣੇ ਐਸਜੀਪੀਸੀ ਦੇ ਪ੍ਰਧਾਨ, ਰਾਜਿੰਦਰ ਸਿੰਘ ਮਹਿਤਾ ਜਨਰਲ ਸਕੱਤਰ ਅਤੇ ਮਸਾਣਾ ਬਣੇ ਸੀਨੀਅਰ ਮੀਤ ਪ੍ਰਧਾਨ
ਐਡਵੋਕੇਟ ਧਾਮੀ ਨੂੰ 118 ਅਤੇ ਸ. ਘੁੰਨਸ ਨੂੰ ਮਿਲੀਆਂ 17 ਵੋਟਾਂ
Sanghol Times/ਅੰਮ੍ਰਿਤਸਰ/08 ਨਵੰਬਰ,2023(Jagmeet Singh- Jobanpreet Singh) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਦੀ ਹੋਈ ਸਾਲਾਨਾਂ ਚੋਣ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਤੀਸਰੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਹੋਏ ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਕੁੱਲ ਪਈਆਂ 137 ਵੋਟਾਂ ਵਿੱਚੋਂ 118 ਵੋਟਾਂ ਪ੍ਰਾਪਤ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਮੁਕਾਬਲੇ ਪ੍ਰਧਾਨਗੀ ਦੀ ਚੋਣ ਲੜਨ ਲਈ ਖੜੇ ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਪਈਆਂ, ਜਦਕਿ 2 ਵੋਟਾਂ ਰੱਦ ਹੋਈਆਂ। ਇਜ਼ਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਸੁਲਤਾਨ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ 137 ਮੈਂਬਰ ਮੌਜ਼ੂਦ ਰਹੇ।
ਜਨਰਲ ਇਜਲਾਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਲਈ ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ ਅਤੇ ਜਨਰਲ ਸਕੱਤਰ ਲਈ ਭਾਈ ਰਾਜਿੰਦਰ ਸਿੰਘ ਮਹਿਤਾ ਨੂੰ ਚੁਣਿਆਂ ਗਿਆ। ਇਸ ਤੋਂ ਇਲਾਵਾਂ ਅੰਤ੍ਰਿੰਗ ਕਮੇਟੀ ਦੇ 11 ਮੈਂਬਰ ਵੀ ਚੁਣੇ ਗਏ, ਜਿਨ੍ਹਾਂ ਵਿੱਚ ਮੋਹਨ ਸਿੰਘ ਬੰਗੀ, ਰਘਬੀਰ ਸਿੰਘ ਸਹਾਰਨਮਾਜਰਾ, ਜਸਮੇਰ ਸਿੰਘ ਲਾਛੜੂ, ਖੁਸ਼ਵਿੰਦਰ ਸਿੰਘ ਭਾਟੀਆ, ਬੀਬੀ ਹਰਦੀਪ ਕੌਰ ਖੋਖ, ਇੰਦਰਮੋਹਨ ਸਿੰਘ ਲਖਮੀਰਵਾਲਾ, ਗੁਰਪ੍ਰੀਤ ਸਿੰਘ ਝੱਬਰ, ਬੀਬੀ ਮਲਕੀਤ ਕੌਰ ਕਮਾਲਪੁਰ, ਅਮਰਜੀਤ ਸਿੰਘ ਭਲਾਈਪੁਰ, ਬੀਬੀ ਜਸਪਾਲ ਕੌਰ ਤੇ ਜਸਵੰਤ ਸਿੰਘ ਪੁੜੈਣ ਸ਼ਾਮਲ ਹਨ।
ਐਡਵੋਕੇਟ ਧਾਮੀ ਨੇ ਪ੍ਰਧਾਨ ਚੁਣੇ ਜਾਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਉਨ੍ਹਾਂ ਨੂੰ ਇਹ ਸੇਵਾ ਤੀਜੀ ਵਾਰ ਮਿਲੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸਮੁੱਚੇ ਹਾਊਸ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦਲ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਉਹ ਯਤਨ ਕਰਨਗੇ ਕਿ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਦੀਆਂ ਸੇਵਾਵਾਂ ਕੌਮੀ ਭਾਵਨਾਵਾਂ ਅਨੁਸਾਰ ਕੀਤੀਆਂ ਜਾਣ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਸਮਾਂ ਕੌਮ ਲਈ ਚੁਣੌਤੀਆਂ ਵਾਲਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਸਾਹਮਣੇ ਹੋਣ ਦੇ ਨਾਲ-ਨਾਲ ਕਈ ਪੰਥਕ ਮਸਲੇ ਵੀ ਦਰਪੇਸ਼ ਹਨ। ਉਨ੍ਹਾਂ ਕਿਹਾ ਕਿ ਚਾਹੇ ਕੇਂਦਰ ਜਾਂ ਪੰਜਾਬ ਦੀ ਸਰਕਾਰ ਹੋਵੇ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਵਿੱਚ ਦਖ਼ਲਅੰਦਾਜ਼ੀ ਕਰ ਰਹੀਆਂ ਹਨ। ਸਰਕਾਰਾਂ ਵੱਲੋਂ ਵੋਟਾਂ ਬਣਾਉਣ ਲਈ ਬਹੁਤ ਥੋੜ੍ਹਾ ਸਮਾਂ ਦੇਣ ਪਿੱਛੇ ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸਰਕਾਰਾਂ ਦਾ ਮੰਤਵ ਸਿੱਖਾਂ ਦੀਆਂ ਘੱਟ ਵੋਟਾਂ ਬਣਨ ਦੇਣਾ ਹੈ, ਤਾਂਕਿ ਇਨ੍ਹਾਂ ਨੂੰ ਪੰਜਾਬ ਅੰਦਰ ਘੱਟਗਿਣਤੀ ਦਰਸਾਇਆ ਜਾਵੇ।
ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਸਿੱਖ ਕੌਮ ਦੇ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਵੱਡਾ ਮਸਲਾ ਹੈ, ਜਿਸ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ। ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਦਾ ਦਿਨ ਸ਼੍ਰੋਮਣੀ ਕਮੇਟੀ ਅਹੁੱਦੇਦਾਰਾਂ ਦਾ ਚੋਣ ਨਤੀਜਾ ਇਹ ਦਰਸਾਉਂਦਾ ਹੈ ਕਿ ਦਲ ਦੇ ਸਮੁੱਚੇ ਮੈਂਬਰ ਇਕਜੁੱਟ ਹਨ ਅਤੇ ਆਪਣੀ ਪਾਰਟੀ ’ਤੇ ਭਰੋਸਾ ਕਰਦੇ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੀਆਂ ਭਵਿੱਖੀ ਯੋਜਨਾਵਾਂ ਅਤੇ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਤਰਜੀਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਧਰਮ ਪ੍ਰਚਾਰ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਸੋਧਾਂ ਅਤੇ ਸੇਧਾਂ ਤਹਿਤ ਅੱਗੇ ਵਧਿਆ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਪੁੱਜਦੀ ਸੰਗਤ ਲਈ ਨਵੀਆਂ ਸਰਾਵਾਂ ਸਥਾਪਤ ਕਰਨਾ ਵੀ ਏਜੰਡੇ ’ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਹੋਰ ਵੀ ਕਈ ਕੌਮੀ ਕਾਰਜ ਕੀਤੇ ਜਾਣ ਵਾਲੇ ਹਨ, ਜਿਨ੍ਹਾਂ ’ਤੇ ਕੌਮ ਦੇ ਵਿਦਵਾਨਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਰਾਇ ਮਸ਼ਵਰੇ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਪ੍ਰਬੰਧਕੀ ਸੁਧਾਰਾਂ ਵੱਲ ਵੀ ਵਧਿਆ ਜਾਵੇਗਾ।
ਐਡਵੋਕੇਟ ਧਾਮੀ ਸਮੇਤ ਚੁਣੇ ਹੋਏ ਅਹੁੱਦੇਦਾਰਾਂ ਨੇ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਅਹੁਦੇਦਾਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਜਿੱਥੇ ਉਨ੍ਹਾਂ ਨੂੰ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ। ਐਡਵੋਕੇਟ ਧਾਮੀ ਸਮੇਤ ਅਹੁੱਦੇਦਾਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗਏ। ਇਸ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦਫ਼ਤਰ ਵਿਖੇ ਆਪਣਾ ਕਾਰਜਭਾਰ ਸੰਭਾਲਿਆ ਅਤੇ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਵਚਨਬੱਧਤਾ ਪ੍ਰਗਟਾਈ।
ਐਡਵੋਕੇਟ ਧਾਮੀ ਨੇ ਨਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੇਸ਼ ਕੀਤਾ
ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ ਅਤੇ ਮਜੀਦ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਕੀਤੀ ਗਈ। ਐਡਵੋਕੇਟ ਧਾਮੀ ਦੇ ਮੁਕਾਬਲੇ ਬਲਬੀਰ ਸਿੰਘ ਘੁੰਨਸ ਦਾ ਨਾਂ ਅਮਰੀਕ ਸਿੰਘ ਸ਼ਾਹਪੁਰ ਵੱਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਨਾਂ ਦੀ ਤਾਈਦ ਬਲਦੇਵ ਸਿੰਘ ਚੂੰਘਾ ਅਤੇ ਮਜੀਦ ਨਿਰਮੈਲ ਸਿੰਘ ਜੌਲਾਂ ਨੇ ਕੀਤੀ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ ਦਾ ਨਾਂ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੇਸ਼ ਕੀਤਾ, ਤਾਈਦ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਤਾਈਦ ਮਜੀਦ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕੀਤੀ। ਜੂਨੀਅਰ ਮੀਤ ਪ੍ਰਧਾਨ ਲਈ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਨਾਂ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਪੇਸ਼ ਕੀਤਾ ਗਿਆ, ਤਾਈਦ ਗੁਰਮੇਲ ਸਿੰਘ ਸੰਗਤਪੁਰਾ ਅਤੇ ਮਜੀਦ ਅਵਤਾਰ ਸਿੰਘ ਰਿਆ ਨੇ ਕੀਤੀ। ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਦਾ ਨਾਂ ਸੁਰਜੀਤ ਸਿੰਘ ਭਿੱਟੇਵੱਡ ਵੱਲੋਂ ਪੇਸ਼ ਕੀਤਾ ਗਿਆ। ਭਾਈ ਮਹਿਤਾ ਦੇ ਨਾਂ ਦੀ ਤਾਈਦ ਖੁਸ਼ਵਿੰਦਰ ਸਿੰਘ ਭਾਟੀਆ ਅਤੇ ਮਜੀਦ ਫੁੰਮਣ ਸਿੰਘ ਵੱਲੋਂ ਕੀਤੀ ਗਈ। 11 ਮੈਂਬਰੀ ਅੰਤ੍ਰਿੰਗ ਕਮੇਟੀ ਬਣਾਉਣ ਲਈ ਪਰਮਜੀਤ ਸਿੰਘ ਖਾਲਸਾ ਵੱਲੋਂ ਤਜਵੀਜ਼ ਪੇਸ਼ ਕੀਤੀ, ਜਿਸ ’ਤੇ ਗੁਰਬਚਨ ਸਿੰਘ ਕਰਮੂੰਵਾਲਾ ਤੇ ਬਲਦਵੇ ਸਿੰਘ ਕਲਿਆਣ ਨੇ ਮੋਹਰ ਲਗਾਈ।
ਜਨਰਲ ਇਜਲਾਸ ਦੌਰਾਨ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮਤੇ ਪੇਸ਼ ਕਰਨ ਅਤੇ ਆਪਣੇ ਵਿਚਾਰ ਪੇਸ਼ ਕਰਨ ਦੇ ਨਾਲ-ਨਾਲ ਮੈਂਬਰ ਸੁਖਦੇਵ ਸਿੰਘ ਭੋਰ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਬਣ ਰਹੀਆਂ ਵੋਟਾਂ ਦੀ ਪ੍ਰਕਿਰਿਆ ਵਿੱਚ ਖਾਮੀਆਂ ਵਿਰੁੱਧ ਤਿੱਖੀ ਅਵਾਜ਼ ਉਠਾਉਣ ਲਈ ਆਖਿਆ। ਐਡਵੋਕੇਟ ਧਾਮੀ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਜਨਰਲ ਇਜਲਾਸ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਚਲਾਈ।
ਜਨਰਲ ਹਾਊਸ ਦੌਰਾਨ ਹਾਜ਼ਰ ਰਹੇ ਮੈਂਬਰ ਸਾਹਿਬਾਨ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁੱਦੇਦਾਰਾਂ ਦੀ ਚੋਣ ਸਮੇਂ ਇਜ਼ਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ 137 ਮੈਂਬਰ ਹਾਜ਼ਰ ਸਨ। ਹਾਜ਼ਰ ਮੈਂਬਰਾਂ ਵਿੱਚ ਚੁਣੇ ਗਏ ਅਹੁੱਦੇਦਾਰਾਂ ਤੋਂ ਇਲਾਵਾਂ ਕਿਰਪਾਲ ਸਿੰਘ ਬਡੂੰਗਰ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਲਵਿੰਦਰਪਾਲ ਸਿੰਘ ਪੱਖੋਕੇ, ਬੀਬੀ ਜਗੀਰ ਕੌਰ, ਦਲਜੀਤ ਸਿੰਘ ਭਿੰਡਰ, ਅਮਰੀਕ ਸਿੰਘ ਜਨੈਤਪੁਰ, ਹਰਪਾਲ ਸਿੰਘ ਪਾਲੀ, ਬਲਦੇਵ ਸਿੰਘ ਕਾਇਮਪੁਰ, ਬੀਬੀ ਮਨਜੀਤ ਕੌਰ ਕੰਧੋਲਾ, ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਜਗਸੀਰ ਸਿੰਘ ਮਾਗੇਆਣਾ, ਗੁਰਪਾਲ ਸਿੰਘ ਗੋਰਾ, ਬੀਬੀ ਕਿਰਨਵੀਰ ਕੌਰ, ਨਤਵੇਜ ਸਿੰਘ ਕਾਉਣੀ, ਕੌਰ ਸਿੰਘ ਬਹਾਵਵਾਲਾ, ਬੀਬੀ ਪ੍ਰਮਿੰਦਰ ਕੌਰ, ਸੂਬਾ ਸਿੰਘ ਡੱਬਵਾਲਾ, ਦਰਸ਼ਨ ਸਿੰਘ ਬਰਾੜ, ਪ੍ਰੀਤਮ ਸਿੰਘ ਮਲਸੀਹਾਂ, ਦਰਸ਼ਨ ਸਿੰਘ ਸ਼ੇਰਖਾਂ, ਬਲਵਿੰਦਰ ਸਿੰਘ ਭੰਮਾਂ ਲੰਡਾ, ਸਤਪਾਲ ਸਿੰਘ ਤਲਵੰਡੀ ਭਾਈ, ਬੀਬੀ ਜਸਵਿੰਦਰ ਕੌਰ ਜ਼ੀਰਾ, ਗੁਰਮੀਤ ਸਿੰਘ ਬੂਹ, ਬੀਬੀ ਨਰਿੰਦਰ ਕੌਰ, ਗੁਰਮੇਲ ਸਿੰਘ ਸੰਗਤਪੁਰਾ, ਸੁਖਹਰਪ੍ਰੀਤ ਸਿੰਘ ਰੋਡੇ, ਤਰਸੇਮ ਸਿੰਘ ਰੱਤੀਆਂ, ਬੀਬੀ ਜਸਵਿੰਦਰ ਕੌਰ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸ਼ੇਰ ਸਿੰਘ ਮੰਡਵਾਲਾ, ਫੁੰਮਣ ਸਿੰਘ, ਮੇਜਰ ਸਿੰਘ ਮਹਿਰਾਜ, ਬੀਬੀ ਜਸਪਾਲ ਕੌਰ, ਅਮਰੀਕ ਸਿੰਘ ਕੋਟਸ਼ਮੀਰ, ਬੀਬੀ ਜੋਗਿੰਦਰ ਕੌਰ ਰਠੌਰ, ਸੁਰਜੀਤ ਸਿੰਘ ਰਾਏਪੁਰ, ਮਿੱਠੂ ਸਿੰਘ ਕਾਹਨੇਕੇ, ਬੂਟਾ ਸਿੰਘ, ਬੀਬੀ ਜਸਵੀਰ ਕੌਰ, ਬੀਬੀ ਪਰਮਜੀਤ ਕੌਰ, ਮਲਕੀਤ ਸਿੰਘ ਚੰਗਾਲ, ਪਰਮਜੀਤ ਸਿੰਘ ਖਾਲਸਾ, ਬਲਦੇਵ ਸਿੰਘ ਚੂੰਘਾ, ਸੰਤ ਬਲਬੀਰ ਸਿੰਘ ਘੁੰਨਸ, ਬੀਬੀ ਸ਼ਰਨਜੀਤ ਕੌਰ, ਭੁਪਿੰਦਰ ਸਿੰਘ ਭਲਵਾਨ, ਹਰਦੇਵ ਸਿੰਘ ਰੋਂਗਲਾ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਨਿਰਮੈਲ ਸਿੰਘ ਜੌਲਾਂ, ਸੁਰਜੀਤ ਸਿੰਘ ਗੜ੍ਹੀ, ਬਾਬਾ ਗੁਰਪ੍ਰੀਤ ਸਿੰਘ, ਰਣਧੀਰ ਸਿੰਘ ਚੀਮਾਂ, ਅਵਤਾਰ ਸਿੰਘ ਰਿਆ, ਰਵਿੰਦਰ ਸਿੰਘ ਖਾਲਸਾ, ਦਵਿੰਦਰ ਸਿੰਘ ਖੱਟੜਾ, ਚਰਨ ਸਿੰਘ ਆਲਮਗੀਰ, ਹਰਪਾਲ ਸਿੰਘ ਜੱਲਾ, ਗੁਰਪ੍ਰੀਤ ਸਿੰਘ ਗਰਚਾ, ਜਗਜੀਤ ਸਿੰਘ ਤਲਵੰਡੀ, ਗੁਰਚਰਨ ਸਿੰਘ ਗਰੇਵਾਲ, ਕੇਵਲ ਸਿੰਘ ਬਾਦਲ, ਬਲਵਿੰਦਰ ਸਿੰਘ ਬੈਂਸ, ਬੀਬੀ ਰਜਿੰਦਰ ਕੌਰ, ਰਣਜੀਤ ਸਿੰਘ ਮੰਗਲੀ, ਸਰਬੰਸ ਸਿੰਘ ਮਾਣਕੀ, ਬੀਬੀ ਹਰਜਿੰਦਰ ਕੌਰ, ਮਹਿੰਦਰ ਸਿੰਘ ਹੁਸੈਨਪੁਰਾ, ਸੁਖਦੇਵ ਸਿੰਘ ਭੋਰ, ਬਲਦੇਵ ਸਿੰਘ ਕਲਿਆਣ, ਪਰਮਜੀਤ ਸਿੰਘ ਰਾਏਪੁਰ, ਬੀਬੀ ਦਵਿੰਦਰ ਕੌਰ ਕਾਲੜਾ, ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ਬੀਬੀ ਗੁਰਮੀਤ ਕੌਰ ਭਟਨੂਰਾ, ਬੀਬੀ ਗੁਰਪ੍ਰੀਤ ਕੌਰ, ਜਰਨੈਲ ਸਿੰਘ ਡੋਗਰਾਂਵਾਲਾ, ਬਲਜੀਤ ਸਿੰਘ ਜਲਾਲ ਉਸਮਾਂ, ਬਲਵਿੰਦਰ ਸਿੰਘ ਵੇਂਈਪੂਈਂ, ਗੁਰਬਚਨ ਸਿੰਘ ਕਰਮੂੰਵਾਲਾ, ਬੀਬੀ ਹਰਜਿੰਦਰ ਕੌਰ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਮੰਗਵਿੰਦਰ ਸਿੰਘ ਖਾਪੜਖੇੜੀ, ਗੁਰਿੰਦਰਪਾਲ ਸਿੰਘ ਰਣੀਕੇ, ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨਪੁਰਾ, ਬੀਬੀ ਕਿਰਨਜੋਤ ਕੌਰ, ਸੁਰਜੀਤ ਸਿੰਘ ਭਿੱਟੇਵੱਡ, ਬੀਬੀ ਬਲਵਿੰਦਰ ਕੌਰ ਲੋਪੋਕੇ, ਅਮਰੀਕ ਸਿੰਘ ਵਿਛੋਆ, ਜੋਧ ਸਿੰਘ ਸਮਰਾ, ਬੀਬੀ ਸਵਰਨ ਕੌਰ ਤੇੜਾ, ਅਮਰਜੀਤ ਸਿੰਘ ਬੰਡਾਲਾ, ਬਿਕਰਮਜੀਤ ਸਿੰਘ ਕੋਟਲਾ, ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਤੁਗਲਵਾਲ, ਗੁਰਿੰਦਰਪਾਲ ਸਿੰਘ ਗੋਰਾ, ਗੁਰਨਾਮ ਸਿੰਘ ਜੱਸਲ, ਅਮਰੀਕ ਸਿੰਘ ਸ਼ਾਹਪੁਰ, ਬੀਬੀ ਜੋਗਿੰਦਰ ਕੌਰ, ਬੀਬੀ ਜਸਵੀਰ ਕੌਰ ਜੱਫਰਵਾਲ, ਰਵਿੰਦਰ ਸਿੰਘ ਚੱਕ, ਤਾਰਾ ਸਿੰਘ ਤਲਵੰਡੀ, ਸੁਰਿੰਦਰ ਸਿੰਘ ਠੇਕੇਦਾਰ, ਜੰਗ ਬਹਾਦਰ ਸਿੰਘ ਰਾਏ, ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਲੱਖੇਵਾਲ, ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ, ਬੀਬੀ ਪਰਮਜੀਤ ਕੌਰ ਲਾਂਡਰਾਂ, ਰਘੂਜੀਤ ਸਿੰਘ ਵਿਰਕ, ਭਾਈ ਰਾਮ ਸਿੰਘ, ਜਗਤਾਰ ਸਿੰਘ ਰੋਡੇ, ਸੁਰਜੀਤ ਸਿੰਘ ਕੰਗ, ਹਰਭਜਨ ਸਿੰਘ ਚੀਮਾਂ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਸੁਖਜੀਤ ਸਿੰਘ ਕਾਦੀਆਂ, ਗੁਰਮਿੰਦਰ ਸਿੰਘ ਮਠਾਰੂ, ਗੁਰਿੰਦਰ ਸਿੰਘ ਬਾਵਾ, ਬੀਬੀ ਸੁਖਵਿੰਦਰ ਕੌਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਗੁਰਮੀਤ ਸਿੰਘ ਬੁੱਟਰ, ਤੇਜਿੰਦਰ ਸਿੰਘ ਪੱਡਾ ਆਦਿ ਮੌਜ਼ੂਦ ਸਨ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਸੰਖੇਪ ਜਾਣਕਾਰੀ
ਸ਼੍ਰੋਮਣੀ ਕਮੇਟੀ ਦੇ ਤੀਸਰੀ ਵਾਰ ਲਗਾਤਾਰ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲੰਮੇ ਅਰਸੇ ਤੋਂ ਸਿੱਖ ਸੰਸਥਾ ਨਾਲ ਜੁੜੇ ਹੋਏ ਹਨ। 1956 ਵਿੱਚ ਜਨਮੇ ਐਡਵੋਕੇਟ ਹਰਜਿੰਦਰ ਸਿੰਘ ਬੀਏ, ਐਲਐਲਬੀ ਪਾਸ ਹਨ ਅਤੇ ਚਾਰ ਦਹਾਕਿਆਂ ਤੋਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਹਨ। ਉਹ 1996 ਵਿੱਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਅਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਮੈਂਬਰ ਬਣਦੇ ਰਹੇ। ਉਹ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤ੍ਰਿੰਗ ਮੈਂਬਰ ਵੀ ਬਣੇ। ਐਡਵੋਕੇਟ ਧਾਮੀ 2019 ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ, ਜਿਸ ਮਗਰੋਂ 2020 ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਪ੍ਰਬੰਧਕੀ ਅਹੁੱਦੇ ’ਤੇ ਸੇਵਾ ਨਿਭਾਈ। ਉਸ ਮਗਰੋਂ ਨਵੰਬਰ 2021 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ ਹੁਣ ਇਸ ਅਹੁਦੇ ਉੱਤੇ ਲਗਾਤਾਰ ਤੀਸਰੀ ਵਾਰ ਚੁਣੇ ਗਏ ਹਨ। ਉਹ ਸਿੱਖ ਸਰੋਕਾਰਾਂ ਦੀ ਡੂੰਘੀ ਪਕੜ ਰੱਖਦੇ ਹਨ ਅਤੇ ਇੱਕ ਦਿਆਨਤਦਾਰ ਆਗੂ ਵਜੋਂ ਜਾਣੇ ਜਾਂਦੇ ਹਨ। ਸਿੱਖ ਸੰਘਰਸ਼ ਦੇ ਯੋਧਿਆਂ ਦੇ ਕੇਸਾਂ ਦੀ ਪੈਰਵਾਈ ਵੀ ਕਰਦੇ ਰਹੇ ਹਨ। ਐਡਵੋਕੇਟ ਧਾਮੀ ਦੇ ਮੁੱਖ ਸਕੱਤਰ ਅਤੇ ਪ੍ਰਧਾਨ ਹੁੰਦਿਆਂ ਕਈ ਸ਼ਤਾਬਦੀਆਂ ਵੀ ਮਨਾਈਆਂ ਗਈਆਂ ਹਨ