ਲੋਕ ਸਭਾ ਇਲੈਕਸ਼ਨ : ਮੀਂਹ ਤੇ ਹਨੇਰੀ ‘ਚ ਫਤਹਿਗੜ੍ਹ ਸਾਹਿਬ ਪਹੁੰਚੇ ਮੁੱਖ ਮੰਤਰੀ ਮਾਨ, ਖਰਾਬ ਹੋਈ ਫਸਲ ਲਈ ਮੁਆਵਜ਼ੇ ਦਾ ਕੀਤਾ ਐਲਾਨ
Sanghol Times/ਫਤਹਿਗੜ੍ਹ ਸਾਹਿਬ/19ਅਪ੍ਰੈਲ,2024(ਮਲਕੀਤ ਸਿੰਘ ਭਾਮੀਆਂ) :- ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ( ਆਪ ) ਦੀ ਜਿੱਤ ਯਕੀਨੀ ਬਣਾਉਣ ਲਈ ਚਾਰਜ ਸੰਭਾਲ ਲਿਆ ਹੈ। ਖਰਾਬ ਮੌਸਮ, ਹਨੇਰੀ ਤੇ ਝੱਖੜ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ। ਉਨ੍ਹਾਂ ਖਰਾਬ ਮੌਸਮ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਵਾਲੇ ਤੂਫਾਨ ਵਾਂਗ ਹਨ, ਜੋ ਕੁੱਝ ਸਮੇਂ ਬਾਅਦ ਸਾਫ ਹੋ ਜਾਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੀਂਹ ਕਾਰਨ ਫਸਲਾਂ ਦਾ ਜੋ ਨੁਕਸਾਨ ਹੋਇਆ ਹੈ। ਉਹ ਇਸ ਬਾਰੇ ਪਤਾ ਲਗਾ ਰਹੇ ਹਨ। ਉਹ ਚੰਡੀਗੜ੍ਹ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਸਰਕਾਰ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਵੇਗੀ। ਮੁੱਖ ਮੰਤਰੀ ਨੇ ਭਾਜਪਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਫਿਲਮਾਂ ਵਿੱਚ ਉਹ ਸਰਹੱਦ ਪਾਰ ਜਾ ਕੇ ਨਲਕੇ ਪੁੱਟਦੇ ਰਹਿੰਦੇ ਹਨ, ਪਰ ਉਨ੍ਹਾਂ ਨੇ 5 ਸਾਲਾਂ ਵਿੱਚ ਗੁਰਦਾਸਪੁਰ ਵਿੱਚ ਇਕ ਟੂਟੀ ਵੀ ਨਹੀਂ ਲਗਾਈ। ਇਸ ਵਾਰ ਲੋਕ ਭਾਜਪਾ ਨੂੰ ਪੂਰਾ ਜਵਾਬ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਮੈ ਖੁੱਦ ਪੈਸੇ ਨਹੀਂ ਖਾਂਦਾ ਪਰ ਜਿਸਨੇ ਵੀ ਸਰਕਾਰੀ ਪੈਸਾ ਖਾਧਾ ਹੈ ਉਹ ਵਿਆਜ ਸਮੇਤ ਵਸੂਲ ਕਰਨਗੇ। ਭਾਵੇਂ ਕਿਸੇ ਨੇ ਇਹ ਪੈਸਾ ਪਹਾੜਾਂ ਵਿੱਚ ਲੁਕੋਇਆ ਹੋਵੇ ਜਾਂ ਕਿਤੇ ਹੋਰ ਨਿਵੇਸ਼ ਕੀਤਾ ਹੋਵੇ। ਉਸ ਪੈਸੇ ਦੀ ਵਸੂਲੀ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਉਣੇ। ਉਸ ਤੋਂ ਬਾਅਦ ਇਸ ਸੂਬੇ ਦੀ ਭਲਾਈ ਤੇ ਖਰਚ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਦੂਜੇ ਰਾਜਾਂ ਵਿੱਚ ਜਾਂਦੇ ਹਨ ਤਾਂ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਦਿੱਲੀ ਅਤੇ ਪੰਜਾਬ ਵਿੱਚ ਮੋਦੀ ਦੀ ਹਨੇਰੀ ਨੂੰ ਕਿਵੇਂ ਰੋਕਿਆ। ਇਸ ਤੇ ਲੋਕਾਂ ਨੂੰ ਸਵਾਲ ਪੁੱਛਦਾ ਹਾਂ ਕਿ ਭਾਜਪਾ ਦਾ ਚੋਣ ਨਿਸ਼ਾਨ ਕੀ ਹੈ, ਤਾਂ ਉਸਦਾ ਜੁਵਾਬ ਮਿਲਦਾ ਹੈ ਕਮਲ ਦਾ ਫੁੱਲ। ਫਿਰ ਪੁੱਛਦੇ ਹਨ ਕਿ ਕਮਲ ਕਿਥੋਂ ਉੱਗਦਾ ਹੈ, ਜਿਸ ਦਾ ਜੁਵਾਬ ਮਿਲਦਾ ਚਿੱਕੜ ਵਿੱਚ। ਇਸ ਤੋਂ ਬਾਅਦ ਉਹ ਲੋਕਾਂ ਨੂੰ ਸਵਾਲ ਕਰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ। ਇਸ ਤੇ ਲੋਕ ਉਸ ਝਾੜੂ ਦਾ ਜੁਵਾਬ ਦਿੰਦੇ ਹਨ। ਫਿਰ ਉਹ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਝਾੜੂ ਨਾਲ ਚਿੱਕੜ ਸਾਫ ਕੀਤਾ। ਇਸ ਕਰਕੇ ਪੰਜਾਬ ਵਿੱਚ ਕਮਲ ਨਹੀਂ ਉੱਗਿਆ। ਪਹਿਲਾਂ ਪੰਜਾਬ ਵਿੱਚ ਉਨ੍ਹਾਂ ਦੇ ਦੋ ਸੰਸਦ ਮੈਂਬਰ ਸਨ, ਇਸ ਵਾਰ ਉਹ ਵੀ ਸਾਫ ਹੋ ਜਾਣਗੇ। ਮੁੱਖ ਮੰਤਰੀ ਨੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ ਉਨ੍ਹਾਂ ਦੱਸਿਆ ਕਿ ਪੰਜਾਬ ਬਚਾਓ ਯਾਤਰਾ ਦੌਰਾਨ ਅਪਣੀ ਜੀਪ ਤੇ ਛੱਤਰੀ ਲਗਾ ਕੇ ਘੁੰਮਦੇ ਹਨ ਜਦੋਂ ਕਿ ਵਲੰਟੀਅਰ ਧੁੱਪ ਵਿੱਚ ਸੜ੍ਹ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਮੰਦਬੁੱਧੀ ਹੈ, ਪਤਾ ਨਹੀਂ ਲੱਗਦਾ ਕਿਸਨੂੰ ਕੀ ਬੋਲ ਦਿੰਦਾ ਹੈ।
