ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਗਿਆ ਵਿਸ਼ਵ ਆਬਾਦੀ ਦਿਵਸ
—-
ਅੱਜ ਤੋਂ ਸ਼ੁਰੂ ਦੂਜੇ ਪੰਦਰਵਾੜੇ ਦੌਰਾਨ ਨਲਬੰਦੀ ਅਤੇ ਨਸਬੰਦੀ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਣਗੇ
SangholTimes/GurjitBilla/ਮੋਹਾਲੀ/11 ਜੁਲਾਈ,2022 – ਗੁਰਜੀਤ ਬਿੱਲਾ ਜ਼ਿਲ੍ਹੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਸੰਸਥਾਵਾਂ ਦੇ ਮੁਖੀਆਂ ਦੀ ਅਗਵਾਈ ਹੇਠ ਸਿਹਤ ਕਾਮਿਆਂ ਨੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ ਨੇ ਦਸਿਆ ਕਿ ਸਿਹਤ ਸੰਸਥਾਵਾਂ ਵਿਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਤੀਮਾਰਦਾਰਾਂ ਨੂੰ ਆਬਾਦੀ ਨੂੰ ਕੰਟਰੋਲ ਕਰਨ ਵਾਸਤੇ ਪਰਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਬਾਰੇ ਤਫ਼ਸੀਲ ਨਾਲ ਸਮਝਾਇਆ ਗਿਆ। ਯੋਗ ਜੋੜਿਆਂ ਨੂੰ ਪਰਵਾਰ ਨਿਯੋਜਨ ਦੇ ਪੱਕੇ ਅਤੇ ਕੱਚੇ ਸਾਧਨ ਜਿਵੇਂ ਨਸਬੰਦੀ, ਨਲਬੰਦੀ, ਗਰਭ-ਰੋਕੂ ਅੰਤਰਾ ਟੀਕਾ, ਛਾਇਆ ਗੋਲੀ, ਕਾਪਰ-ਟੀ, ਗੋਲੀਆਂ ਅਤੇ ਕੰਡੋਮ ਆਦਿ ਦੀ ਵਰਤੋਂ ਬਾਰੇ ਜਾਣਕਾਰੀ ਦਿਤੀ ਗਈ।
ਅਧਿਕਾਰੀਆਂ ਨੇ ਦਸਿਆ ਕਿ ਇਸ ਵਾਰ ਵਿਸ਼ਵ ਆਬਾਦੀ ਦਿਵਸ ਨੂੰ ਦੋ ਹਿੱਸਿਆਂ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਦੋ ਪੰਦਰਵਾੜੇ ਸ਼ੁਰੂ ਕੀਤੇ ਗਏ ਹਨ। ਪਹਿਲਾ ਪੰਦਰਵਾੜਾ ‘ਦੰਪਤੀ ਸੰਪਰਕ ਪਖਵਾੜਾ’ 27 ਜੂਨ ਤੋਂ 10 ਜੁਲਾਈ ਤਕ ਸਫ਼ਲਤਾ ਨਾਲ ਮੁਕੰਮਲ ਹੋ ਗਿਆ ਹੈ ਅਤੇ ਦੂਜਾ ਪੰਦਰਵਾੜਾ ‘ਜਨਸੰਖਿਆ ਸਥਿਰਤਾ ਪਖਵਾੜਾ’ 11 ਜੁਲਾਈ ਤੋਂ 24 ਜੁਲਾਈ ਤਕ ਚੱਲੇਗਾ। ਇਨ੍ਹਾਂ ਪੰਦਰਵਾੜਿਆਂ ਦੌਰਾਨ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਲੋਕਾਂ ਨੂੰ ਦੇਰੀ ਨਾਲ ਵਿਆਹ ਕਰਨ ਦੇ ਨੁਕਸਾਨ, ਦੋ ਬੱਚਿਆਂ ਦੇ ਜਨਮ ਵਿਚਾਲੇ ਵਾਜਬ ਅੰਤਰਾਲ, ਪਰਿਵਾਰ ਨਿਯੋਜਨ ਵਿਚ ਮਰਦਾਂ ਦੀ ਹਿੱਸੇਦਾਰੀ, ਗਰਭਪਾਤ ਤੋਂ ਬਾਅਦ ਪਰਿਵਾਰ ਨਿਯੋਜਨ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਜਾਣਕਾਰੀ ਦਿਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਵਾਰ ਦੇ ਵਿਸ਼ਵ ਆਬਾਦੀ ਦਿਵਸ ਦਾ ਨਾਹਰਾ ਹੈ-‘ਪਰਿਵਾਰ ਨਿਯੋਜਨ ਦਾ ਅਪਣਾਉ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਏ।’
ਪਹਿਲੇ ਪੰਦਰਵਾੜੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਕਰਨ ਦੇ ਨਾਲ-ਨਾਲ ਯੋਗ ਜੋੜਿਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਪਰਵਾਰ ਨਿਯੋਜਨ ਦੇ ਪੱਕੇ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਜਦਕਿ ਦੂਜੇ ਪੰਦਰਵਾੜੇ ਦੌਰਾਨ ਨਲਬੰਦੀ ਅਤੇ ਨਸਬੰਦੀ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਣਗੇ।