ਕੁਰਾਲੀ ਵਿੱਚ ਭਿਆਨਕ ਸੜਕ ਹਾਦਸਾ, ਦੋ ਵਿਅਕਤੀਆਂ ਦੀ ਮੌਤ, 25 ਸਵਾਰੀਆਂ ਜ਼ਖ਼ਮੀ
ਪੁੱਲ਼ ਦੀ ਰੇਲਿੰਗ ਤੋੜ ਕੇ ਹਵਾ ਵਿੱਚ ਲਟਕੀ ਹਰਿਆਣਾ ਰੋਡਵੇਜ਼ ਦੀ ਬੱਸ
ਸੰਘੋਲ ਟਾਇਮਜ਼/ ਕੁਰਾਲੀ/ 9 ਮਈ, 2022 (ਬਿਊਰੋ)- ਕੁਰਾਲੀ ਰੂਪਨਗਰ ਮਾਰਗ ਤੇ ਪੈਂਦੇ ਰੇਲਵੇ ਓਵਰ ਬਿ੍ਰਜ ਤੇ ਬੀਤੀ ਅੱਧੀ ਰਾਤ ਨੂੰ ਦੋ ਬੱਸਾਂ ਦੀ ਭੇਤਭਰੇ ਹਾਲਾਤ ਦੌਰਾਨ ਭਿਆਨਕ ਟੱਕਰ ਹੋ ਗਈ। ਹਾਦਸੇ ਦੌਰਾਨ ਦੋ ਸਵਾਰੀਆਂ ਦੀ ਮੌਕੇ ਤੇ ਮੌਤ ਹੋ ਗਈ ਤੇ 25 ਦੇ ਕਰੀਬ ਹੋਰ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਹਾਦਸੇ ਵੇਲੇ ਡਰਾਈਵਰ ਤੇ ਕੰਡਕਟਰ ਪੁੱਲ ਤੋਂ ਹੇਠਾਂ ਡਿੱਗ ਗਏ। ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹਨ।
ਸਥਾਨਕ ਸਿਟੀ ਪੁਲੀਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਬੱਸਾਂ ਕਬਜ਼ੇ ਵਿੱਚ ਲੈਂਦੇ ਹੋਏ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲੀਸ ਦੀ ਟੀਮ ਵੱਲੋਂ ਹਾਦਸੇ ਦੇ ਕਾਰਨਾਂ ਬਾਰੇ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਬੱਸਾਂ ਰੂਪਨਗਰ ਵਾਲੇ ਪਾਸਿਓਂ ਖਰੜ ਵੱਲ ਨੂੰ ਜਾ ਰਹੀਆਂ ਸਨ। ਇਸੇ ਦੌਰਾਨ ਇਕ ਬਸ ਦੇ ਡਰਾਇਵਰ ਵੱਲੋਂ ਦੂਜੀ ਬੱਸ ਨੂੰ ਓਵਰਟੇਕ ਕਰਨ ਦੌਰਾਨ ਇਹ ਸਾਰੀ ਘਟਨਾ ਵਾਪਰੀ। ਹਾਦਸੇ ਦੌਰਾਨ ਇੱਕ ਬੱਸ ਰੇਲਵੇ ਓਵਰ ਬਿ੍ਰਜ ਦੀ ਰੇਲਿੰਗ ਤੇ ਚੜਨ ਦੌਰਾਨ ਅੱਧ ਵਿਚਕਾਰ ਪੁਲ਼ ਤੇ ਲਟਕ ਗਈ। ਇਸ ਦੌਰਾਨ ਦੋ ਸਵਾਰੀਆਂ ਬੱਸ ਵਿਚੋਂ ਓਵਰਬਿ੍ਰਜ ਦੀ ਕਰੀਬ 30 ਫੁੱਟ ਉਚਾਈ ਤੋਂ ਥੱਲੇ ਜਾਂਦੀ ਸਰਵਿਸ ਰੋਡ ਤੇ ਡਿੱਗ ਪਈਆਂ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਮੌਕੇ ਤੇ ਪੁਹੰਚੀ ਸਿਟੀ ਥਾਣਾ ਪੁਲੀਸ ਦੀ ਟੀਮ ਤੇ ਇਕੱਠੇ ਹੋਏ ਲੋਕਾਂ ਨੇ ਸਵਾਰੀਆਂ ਨੂੰ ਬੱਸ ਵਿਚੋਂ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ। ਇਸ ਹਾਦਸੇ ਦੌਰਾਨ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਮੌਕੇ ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਕਈ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ।