ਸ਼ਿਵ ਸੈਨਾ ਆਗੂ ‘ਤੇ ਹਮਲੇ ‘ਚ ਆਈ ਵੱਡੀ ਅੱਪਡੇਟ, ਦੋਸ਼ੀਆਂ ਨੂੰ ਫਤਹਿਗੜ੍ਹ ਸਾਹਿਬ ਤੋਂ ਕੀਤਾ ਗ੍ਰਿਫਤਾਰ
ਫਤਹਿਗੜ੍ਹ-ਸਾਹਿਬ/ਲੁਧਿਆਣਾ/SANGHOL TIMES/06ਜੁਲਾਈ,2024(ਮਲਕੀਤ ਸਿੰਘ ਭਾਮੀਆਂ) :- ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਨਿਹੰਗਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ ਗੋਰਾ ‘ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ, ਜਿੰਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਮਲੇ ਤੋਂ ਬਾਅਦ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ। ਲੁਧਿਆਣਾ ਪੁਲਿਸ ਵੱਲੋ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ ਸ਼ਿਵ ਸੈਨਾ ਆਗੂ ਉੱਤੇ ਹੋਏ ਹਮਲੇ ਨੂੰ ਟਰੈਸ ਕਰਦਿਆਂ ਮਹਿਜ 01 ਘੰਟੇ ਵਿੱਚ 02 ਦੋਸ਼ੀਆਂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ। ਜਿੰਨ੍ਹਾਂ ਕੋਲੋਂ 01 ਐਕਟਿਵਾ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋ ਅਗਲੇਰੀ ਤਫਤੀਸ਼ ਜਾਰੀ ਹੈ। ਇਸ ਮਾਮਲੇ ‘ਚ ਗੰਨਮੈਨ ਪੁਲਿਸ ਮੁਲਾਜ਼ਮ ਨੂੰ ਮੁਆਤਲ ਕਰ ਦਿੱਤਾ ਹੈ। ਸ਼ਿਵ ਸੈਨਾ ਆਗੂ ‘ਤੇ ਹਮਲਾ ਕਰਨ ਵਾਲੇ ਨਿਹੰਗਾਂ ਨੇ ਹਮਲੇ ਤੋਂ ਬਾਅਦ ਇਕ ਵੀਡੀਓ ਵੀ ਜਾਰੀ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੇ ਧਰਮ, ਮਰਿਯਾਦਾ ਅਤੇ ਸ਼ਹੀਦਾਂ ਬਾਰੇ ਕੁੱਝ ਵੀ ਬੋਲੇਗਾ ਉਸਦਾ ਇਹੀ ਹਸ਼ਰ ਹੋਵੇਗਾ। ਇਸ ਦੇ ਵਿਰੋਧ ਵਿੱਚ ਹਿੰਦੂ ਆਗੂਆਂ ਨੇ ਸ਼ਨੀਵਾਰ ਨੂੰ ਲੁਧਿਆਣਾ ਬੰਦ ਦਾ ਐਲਾਨ ਕੀਤਾ ਸੀ ਪਰ ਦੇਰ ਰਾਤ ਹਿੰਦੂ ਆਗੂਆਂ ਨੇ ਲੁਧਿਆਣਾ ਬੰਦ ਦੇ ਮੱਦੇ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਦੌਰਾਨ ਸੀਪੀ ਕੁਲਦੀਪ ਚਾਹਲ ਨੇ ਸ਼ਿਵ ਸੈਨਾ ਆਗੂ ਥਾਪਰ ਦਾ ਹਾਲ ਚਾਲ ਪੁੱਛਿਆ। ਹਿੰਦੂ ਆਗੂ ਦਾ ਕਹਿਣਾ ਹੈ ਕਿ ਪਹਿਲਾ ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਅਤੇ ਹੁਣ ਸੰਦੀਪ ਥਾਪਰ ਦੇ ਮਾਮਲੇ ਵਿੱਚ ਗੰਨਮੈਨ ਨੇ ਕੁੱਝ ਨਹੀਂ ਕੀਤਾ। ਜੇਕਰ ਉਨ੍ਹਾਂ ਨੇ ਕਰਨਾ ਹੀ ਨਹੀਂ ਤਾਂ ਪੁਲਿਸ ਉਨ੍ਹਾਂ ਦੀ ਜਾਨ ਨੂੰ ਖਤਰੇ ਵਿੱਚ ਕਿਉਂ ਪਾ ਰਹੀ ਹੈ।
