ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ – ਜ਼ਮੀਨ – ਜਾਇਦਾਦ ਦੀ ਰਜਿਸਟਰੀ ਕਰਾਉਣੀ ਪਵੇਗੀ ਮਹਿੰਗੀ
ਚੰਡੀਗੜ੍ਹ/ਪਟਿਆਲਾ/SANGHOL-TIMES/08 ਅਗਸਤ,2024(ਮਲਕੀਤ ਸਿੰਘ ਭਾਮੀਆਂ) – ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਜਾਏਗੀ। ਪੰਜਾਬ ਸਰਕਾਰ ਨੇ ਕੁਲੈਕਟਰ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਰਾਜ ਸਰਕਾਰ ਨੂੰ ਲੱਗਭਗ 1500 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲੇਗਾ। ਦਰਅਸਲ ਪਟਿਆਲਾ ਜ਼ਿਲੇ ਨੇ 22 ਜੁਲਾਈ ਨੂੰ ਕੁਲੈਕਟਰ ਰੇਟ ਵਧਾ ਦਿੱਤੇ ਸਨ। ਜਦਕਿ ਹੁਣ ਇਸ ਸੰਬੰਧੀ ਹੋਰ ਜਿਲ੍ਹਿਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹਾਲਾਂਕਿ ਇਸ ਨਾਲ ਲੋਕਾਂ ਵਿੱਚ ਕੁੱਝ ਨਰਾਜ਼ਗੀ ਪੈਦਾ ਹੋ ਸਕਦੀ ਹੈ ਪਰ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਜਰੂਰ ਮਜਬੂਤੀ ਮਿਲੇਗੀ। ਮਿਲੀ ਜਾਣਕਾਰੀ ਦੇ ਮੁਤਾਬਿਕ ਕੁਲੈਕਟਰ ਰੇਟ ਵਧਾਉਣ ਸੰਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਇਸ ਸੰਬੰਧੀ ਪੂਰੀ ਰਣਨੀਤੀ ਬਣਾਈ ਗਈ ਹੈ। ਕੁਲੈਕਟਰ ਰੇਟ ਵਿੱਚ 5 ਤੋਂ 10 ਫੀਸਦੀ ਦਾ ਵਾਧਾ ਆਮ ਗੱਲ ਹੈ ਪਰ ਇਹ ਤੈਅ ਕਰਦੇ ਸਮੇਂ ਜ਼ਮੀਨ ਦੀ ਲੋਕੇਸ਼ਨ ਦੀ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇਕਰ ਕੋਈ ਖੇਤਰ ਜਿਆਦਾ ਵਿਕਸਿਤ ਹੋ ਰਿਹਾ ਹੈ ਤਾਂ ਉਥੇ ਕੁਲੈਕਟਰ ਰੇਟ ਜਿਆਦਾ ਵਧਾਇਆ ਜਾਂਦਾ ਹੈ। ਖੇਤੀਬਾੜੀ ਜਾਇਦਾਦ ਰਿਹਾਇਸ਼ੀ, ਵਪਾਰਕ ‘ਤੇ ਉਦਯੋਗਿਕ ਜ਼ਮੀਨ ਲਈ ਕੁਲੈਕਟਰ ਰੇਟ ਵੱਖਰੇ ਤੌਰ ਤੇ ਤੈਅ ਕੀਤੇ ਜਾਂਦੇ ਹਨ। ਸਾਰਿਆਂ ਜਿਲ੍ਹਿਆਂ ਨੂੰ ਅਪਣੇ ਪੱਧਰ ‘ਤੇ ਕੁਲੈਕਟਰ ਰੇਟ ਵਧਾਉਣਾ ਹੁੰਦਾ ਹੈ।
ਹਾਲਾਂਕਿ ਜਿਲ੍ਹਿਆਂ ਨੂੰ ਪਟਿਆਲਾ ਵਿੱਚ ਲਾਗੂ ਕੀਤੇ ਗਏ ਮਾਡਲ ਨੂੰ ਦੇਖਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਅਧਿਕਾਰੀ ਆਪੋ ਆਪਣੇ ਇਲਾਕੇ ਦੀ ਪ੍ਰਾਪਰਟੀ ਮਾਰਕੀਟ ਦਾ ਵੀ ਅਧਿਐਨ ਕਰ ਰਹੇ ਹਨ ਤਾਂ ਜੋ ਇਸਦਾ ਸਹੀ ਫੈਸਲਾ ਕੀਤਾ ਜਾ ਸਕੇ। ਹਾਲਾਂਕਿ ਲੰਬੇ ਸਮੇਂ ਤੋਂ ਕੁਲੈਕਟਰ ਰੇਟ ਨਹੀਂ ਵਧਾਇਆ ਗਿਆ ਸੀ। ਦੱਸ ਦਈਏ ਕਿ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਵਿੱਚ ਕੁਲੈਕਟਰ ਰੇਟਾਂ ਵਿਚ ਵੱਖ ਵੱਖ ਵਾਧਾ ਕੀਤਾ ਗਿਆ ਹੈ। ਕੁੱਝ ਖੇਤਰਾਂ ਵਿੱਚ ਇਹ 100 ਪ੍ਰਤੀਸ਼ਤ ਤੱਕ ਵਧਿਆ ਹੈ। ਲੇਹਲ ਵਿੱਚ ਖੇਤੀਬਾੜੀ ਜ਼ਮੀਨ ਦਾ ਕੁਲੈਕਟਰ ਰੇਟ 70 ਲੱਖ ਰੁਪਏ ਤੋਂ ਵੱਧ ਕੇ 1.50 ਕਰੋੜ ਰੁਪਏ ਪ੍ਰਤੀ ਏਕੜ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸਾਲ 2024 -25 ਦੇ ਬਜਟ ਵਿਚ ਮਾਲੀਆ 1500 ਕਰੋੜ ਰੁਪਏ ਵਧਾਉਣ ਦਾ ਟੀਚਾ ਰੱਖਿਆ ਹੈ। ਸਾਲ 2023 -24 ਵਿੱਚ 4200 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ। ਚਾਲੂ ਸਾਲ ਵਿੱਚ 6000 ਕਰੋੜ ਰੁਪਏ ਛੂਹਣ ਦੀ ਕੋਸ਼ਿਸ਼ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਅਪ੍ਰੈਲ ਤੋਂ ਜੁਲਾਈ ਤੱਕ 1854 ਕਰੋੜ ਰੁਪਏ ਇਕੱਠੇ ਹੋਏ ਹਨ। ਮਾਰਚ ਤੱਕ ਇਹ ਮਾਲੀਆ ਕੁਲੈਕਟਰ ਛੇ ਹਜ਼ਾਰ ਕਰੋੜ ਰੁਪਏ ਨੂੰ ਛੂਹ ਜਾਵੇਗਾ।
