ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ੍ਵਾਂਗ ਰਚਣ ਵਾਲਿਆਂ ਵੱਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮੁਆਫ਼ੀਨਾਮਾ ਪੇਸ਼ ਡਾ. ਵਿਜੇ ਸਤਬੀਰ ਸਿੰਘ
ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/
22 ਨਵੰਬਰ, 2024 –
ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਇੱਕ ਧਾਰਮਿਕ ਅਸਥਾਨ ਸ਼ਾਹਡੋਲ ਵਿਖੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਦੀ ਵੇਸ਼ਭੂਸ਼ਾ ਧਾਰਨ ਕਰਨ ਦਾ ਸਵਾਂਗ ਰਚਨ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ, ਜਿਸ ਕਰਕੇ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਤਖ਼ਤ ਸੱਚਖੰਡ ਬੋਰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਤੁਰੰਤ ਹੀ ਨਾਂਦੇੜ ਦੇ ਜਿਲ੍ਹਾ ਕੁਲੈਕਟਰ ਤੇ ਪੁਲਿਸ ਪ੍ਰਸ਼ਾਸਨ ਪਾਸ ਲਿਖਤੀ ਸ਼ਿਕਾਇਤ ਦਰਜ਼ ਕਰਵਾਈ ਸੀ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਦੋਸ਼ੀਆਂ ਖਿਲਾਫ ਐਫ.ਆਈ.ਆਰ. ਦਰਜ ਕਰਵਾਕੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ ।
ਡਾ. ਵਿਜੇ ਸਤਬੀਰ ਸਿੰਘ ਨੇ ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹੁਣ ਦੋਸ਼ੀ ਪੱਖ ਸਾਹਮਣੇਂ ਆਇਆ ਹੈ ਤੇ ਸਿੰਧੀ ਸਮਾਜ ਸ਼ਾਹਡੋਲ (ਮੱਧ ਪ੍ਰਦੇਸ਼) ਦੇ ਪ੍ਰਧਾਨ ਨੇ ਮਾਨਯੋਗ ਜੱਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਤੇ ਸਮੂੰਹ ਪੰਜ ਪਿਆਰੇ ਸਾਹਿਬਾਨ ਪਾਸੋਂ ਇਸ ਗੁਸਤਾਖ਼ੀ ਲਈ ਲਿਖਤੀ ਮੁਆਫ਼ੀ ਦੀ ਯਾਚਨਾ ਕੀਤੀ ਹੈ। ਜਿਸ ਵਿੱਚ ਪ੍ਰਧਾਨ ਸ੍ਰੀ ਰਮੇਸ਼ ਖੱਤਰੀ ਨੇ ਲਿਖਿਆ ਹੈ ਕਿ ਪੂਰੇ ਸਿੰਧੀ ਸਮਾਜ ਦੀ ਸਮੂੰਹ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਪਾਰ ਆਸਥਾ ਹੈ ਤੇ ਸਿੱਖ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ਼ ਕਦੀਂ ਵੀ ਅਚੇਤ ਤੌਰ ‘ਤੇ ਵੀ ਗੁਸਤਾਖੀ ਕਰਨ ਦੀ ਮਨਸ਼ਾ ਨਹੀਂ ਰੱਖਦੇ। ਇਸ ਘਟਨਾ ਸੰਬੰਧੀ ਉਨ੍ਹਾਂ ਦੱਸਿਆ ਕਿ 12 ਸਾਲ ਦੀ ਇੱਕ ਬੱਚੀ ਜੋ ਕਿ ਰਾਮਲੀਲਾ ਆਦਿ ਨਾਟਕਾਂ ਵਿੱਚ ਅਲੱਗ-ਅਲੱਗ ਪਾਤਰਾਂ ਦਾ ਰੋਲ ਅਦਾ ਕਰਦੀ ਸੀ, ਉਸੇ ਪ੍ਰਕਾਰ ਉਸ ਬੱਚੀ ਵੱਲੋਂ ਅਣਜਾਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਧਾਰਨ ਕਰਨ ਦੀ ਗ਼ਲਤੀ ਹੋਈ ਹੈ। ਇਸ ਲਈ ਸ਼ਾਹਡੋਲ ਦੇ ਸਮੂੰਹ ਸਿੰਧੀ ਪੰਚਾਇਤ ਦੇ ਸਾਰੇ ਪਦਅਧਿਕਾਰੀ, ਬੱਚੀ ਤੇ ਬੱਚੀ ਦੇ ਮਾਤਾ ਪਿਤਾ ਨੇ ਖਿਮਾਂ ਦੀ ਯਾਚਨਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਤੋਂ ਬਾਹਰ ਰਹਿਣ ਕਾਰਨ ਸਿੱਖ ਗੁਰੂ ਸਾਹਿਬਾਨ ਤੇ ਧਾਰਮਿਕ ਮਰਿਯਾਦਾ ਬਾਰੇ ਉਨ੍ਹਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਸੀ ਤੇ ਇਹ ਸਾਰਾ ਕੁੱਝ ਅਣਜਾਣਪੁਣੇ ਵਿੱਚ ਹੋਇਆ ਹੈ। ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਯੋਗ ਧਾਰਮਿਕ ਨਿਰਣੈ ਲੈਣ ਲਈ ਇਹ ਲਿਖ਼ਤੀ ਮੁਆਫ਼ੀਨਾਮਾ ਮਾਨਯੋਗ ਜੱਥੇਦਾਰ ਸਾਹਿਬ ਤੇ ਪੰਜ ਪਿਆਰੇ ਸਾਹਿਬਾਨ ਦੇ ਪਾਸ ਪੇਸ਼ ਕੀਤਾ ਗਿਆ ਹੈ। ਮਾਨਯੋਗ ਸਿੰਘ ਸਾਹਿਬਾਨ ਵੱਲੋਂ ਜੋ ਵੀ ਫ਼ੈਸਲਾ ਲਿਆ ਜਾਵੇਗਾ, ਉਸ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਉਣਗੇ।
