
“ਆਪ੍ਰੇਸ਼ਨ ਸਿੰਦੂਰ” : ਭਾਰਤੀ ਫੋਜ ਨੇ ਜੈਸ਼ – ਏ – ਮੁਹੰਮਦ ਦੇ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਟਿਕਾਣਿਆਂ ਨੂੰ ਕੀਤਾ ਤਬਾਹ, ਹੈਡਕੁਆਰਟਰ ਵੀ ਉਡਾਇਆ
ਨਵੀਂ ਦਿੱਲੀ /SANGHOL-TIMES/07 ਮਈ,2025(ਮਲਕੀਤ ਸਿੰਘ ਭਾਮੀਆਂ) :- ਪਾਕਿਸਤਾਨ ਵਿੱਚ ਭਾਰਤੀ ਫੌਜ ਦੇ ਹਵਾਈ ਹਮਲੇ ਵਿੱਚ ਜੈਸ਼ – ਏ – ਮੁਹੰਮਦ ਦੇ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਖਬਰਾਂ ਅਨੁਸਾਰ ਮਸੂਦ ਅਜ਼ਹਰ ਦੇ ਅੱਤਵਾਦੀ ਸੰਗਠਨ ਜੈਸ਼ ਦੇ ਹੈਡਕੁਆਰਟਰ ਸੁਭਾਨ ਅੱਲ੍ਹਾ ਮਸਜਿਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮਸੂਦ ਅਜ਼ਹਰ ਦੇ ਟਿਕਾਣੇ ‘ਤੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਦਾ ਕਲਿੱਪ ਵਾਇਰਲ ਹੋ ਰਿਹਾ ਹੈ। ਬਹਾਵਲਪੁਰ ਵਿੱਚ ਮਸੂਦ ਅਜ਼ਹਰ ਦੇ ਟਿਕਾਣੇ ‘ਤੇ ਚਾਰ ਮਿਜ਼ਾਈਲਾਂ ਦਾਗੀਆਂ ਹਨ। ਇਸ ਹਮਲੇ ਵਿੱਚ ਇਕ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਬਹਾਵਲਪੁਰ ਦੇ ਵਿਕਟੋਰੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਾਕਿਸਤਾਨੀ ਮੀਡੀਆ ਅਨੁਸਾਰ ਮਸੂਦ ਅਜ਼ਹਰ ਦੇ ਟਿਕਾਣੇ ‘ਤੇ ਚਾਰ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਮਦਰੱਸੇ ‘ਤੇ ਹਮਲੇ ਤੋਂ ਬਾਅਦ ਉੱਥੇ ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ। ਪੁਲਿਸ ਬਲ ਬਚਾਅ ਲਈ ਮੌਕੇ ਤੇ ਪਹੁੰਚ ਗਏ ਹਨ। ਨਾਲ ਹੀ, ਵੱਡੀ ਗਿਣਤੀ ਸੁਰੱਖਿਆ ਏਜੰਸੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। ਕੌਣ ਹੈ ਮੌਲਾਨਾ ਮਸੂਦ ਅਜ਼ਹਰ ? ਮੌਲਾਨਾ ਮਸੂਦ ਅਜ਼ਹਰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ ਦਾ ਮੁੱਖੀ ਹੈ। ਜੈਸ਼ – ਏ – ਮੁਹੰਮਦ ਨੇ ਸਾਲ 2019 ਵਿੱਚ ਭਾਰਤ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਿੰਮੇਵਾਰੀ ਲਈ ਸੀ। ਉਸ ਹਮਲੇ ਵਿੱਚ 40 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਇਲਾਵਾ ਪਠਾਨਕੋਟ ਏਅਰਬੈਸ ਹਮਲੇ ਵਿੱਚ ਵੀ ਉਸਦਾ ਹੱਥ ਦੱਸਿਆ ਜਾਂਦਾ ਹੈ। ਮਸੂਦ ਅਜ਼ਹਰ ਉਹੀ ਅੱਤਵਾਦੀ ਹੈ, ਜਿਸਨੂੰ 1999 ਵਿੱਚ ਕੰਧਾਰ ਜਹਾਜ਼ ਹਾਈਜੈਕ ਕਰਨ ਤੋਂ ਬਾਅਦ ਭਾਰਤ ਛੱਡਣ ਪਿਆ ਸੀ। 24 ਦਸੰਬਰ 1999 ਨੂੰ ਕੁੱਝ ਅੱਤਵਾਦੀਆਂ ਨੇ 178 ਯਾਤਰੀਆਂ ਨੂੰ ਲੈਕੇ ਜਾਣ ਵਾਲੇ ਆਈਈਸੀ – ਬੀ 14 ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ। ਬਦਲੇ ਵਿੱਚ ਉਨਾ ਦੇ ਤਿੰਨ ਅੱਤਵਾਦੀਆਂ ਨੂੰ ਰਿਹਾਅ ਕਰਨ ਦਾ ਸੌਦਾ ਕੀਤਾ ਗਿਆ ਸੀ, ਜਿਸ ਵਿੱਚ ਮਸੂਦ ਅਜ਼ਹਰ ਵੀ ਸ਼ਾਮਲ ਸੀ। ਰਿਹਾਈ ਤੋਂ ਬਾਅਦ ਮਸੂਦ ਅਜ਼ਹਰ ਪਾਕਿਸਤਾਨ ਚਲਾ ਗਿਆ ਅਤੇ ਇਸ ਨੇ ਉਥੋਂ ਅੱਤਵਾਦੀ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸੀ। ਭਾਰਤ ਲੰਬੇ ਸਮੇਂ ਤੋਂ ਅੱਤਵਾਦੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਸਾਲ 2019 ਵਿੱਚ ਭਾਰਤ ਨੂੰ ਇਸ ਵਿੱਚ ਸਫਲਤਾ ਮਿਲੀ ਜਦੋਂ ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਸਥਿਤ ਜੈਸ਼ – ਏ – ਮੁਹੰਮਦ ਦੇ ਮੁੱਖੀ ਮਸੂਦ ਅਜ਼ਹਰ ਨੂੰ ਇਕ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ।