ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਉਤੇ ਸਟੇਟ ਵਿਜੀਲੈਂਸ ਤਲਬ ਕਰਨਾ ਮਹਜ਼ ਇਕ ਬਦਲੇ ਦੀ ਰਾਜਨੀਤੀ
ਸਿੱਧੂ ਨੇ ਕਿਹਾ ਇਹ ਕਾਰਵਾਈ ਸੱਚੀ ਕਲਮ ਅਤੇ ਹੱਕ ਦੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼
ਮੋਹਾਲੀ/03 ਜੂਨ,2023/Bureau – ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਪਦਮ ਭੂਸ਼ਨ ਅਤੇ ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਉਤੇ ਬਦਲੇ ਦੀ ਭਾਵਨਾ ਨਾਲ ਸਟੇਟ ਵਿਜੀਲੈਂਸ ਬਿਊਰੋ ਦਾ ਇਸਤੇਮਾਲ ਕਰਨ ਦੀ ਨਿੰਦਾ ਕੀਤੀ। ਅਜੀਤ ਅਖ਼ਬਾਰ ਅਤੇ ਡਾ. ਹਮਦਰਦ ਨੂੰ ਸਟੇਟ ਵਿਜੀਲੈਂਸ ਬਿਊਰੋ ਦੇ ਇਸਤੇਮਾਲ ਨੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਿੱਧੂ ਨੇ ਕਿਹਾ ਇਹ ਕਾਰਵਾਈ ਸੱਚੀ ਕਲਮ ਅਤੇ ਹੱਕ ਦੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼ ਹੈ। ਸਿੱਧੂ ਨੇ ਕਿਹਾ ਪੰਜਾਬ ਵਿਚ ਇਹੋ ਜਿਹੀ ਬਦਲੇ ਦੀ ਰਾਜਨੀਤੀ ਕਦੇ ਨਹੀਂ ਹੋਈ।
ਸਿੱਧੂ ਨੇ ਕਿਹਾ “ਸਾਨੂੰ ਇਹ ਵੀ ਯਕੀਨ ਹੈ ਕਿ ਅਜਿਹੀਆਂ ਸਾਜਿਸ਼ਾਂ ਪੰਜਾਬ ਦੀ ਜ਼ਮੀਰ ਅਤੇ “ਪੰਜਾਬ ਦੀ ਆਵਾਜ਼” ਨੂੰ ਬੰਦ ਨਹੀਂ ਕਰ ਸਕਦੀਆਂ। ਸ੍ਰੀ ਸਿੱਧੂ ਨੇ ਡਾ. ਹਮਦਰਦ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੱਚੀ ਆਵਾਜ਼ ਦੱਸਦਿਆਂ ਕਿਹਾ ਕਿ ਪੱਤਰਕਾਰੀ ਅਤੇ ਸਮਾਜਿਕ ਜੀਵਨ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ, ਉਹ ਇਕ ਸੱਚੀ ਅਤੇ ਇਮਾਨਦਾਰ ਸਖਸ਼ੀਅਤ ਦੇ ਮਾਲਕ ਹਨ। ਸਿੱਧੂ ਨੇ ਕਿਹਾ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦ ਅਜੀਤ ਦੀ ਆਵਾਜ਼ ਨੂੰ ਦਬਾਇਆ ਗਿਆ, ਪਿਛਲੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅਜੀਤ ਅਖਬਾਰ ਦੇ ਪੱਤਰਕਾਰਾਂ ਨੂੰ ਐਂਟਰੀ ਪਾਸ ਨਹੀਂ ਦਿਤੇ ਗਏ ਸੀ। ਜਿਸ ਨੂੰ ਮਾਨਯੋਗ ਹਾਈ ਕੋਰਟ ਵਿਚ ਚੈਲੇਂਜ ਕੀਤਾ ਗਿਆ ਸੀ ਅਤੇ ਮਾਨਯੋਗ ਕੋਰਟ ਦੇ ਕਹਿਣ ਤੇ ਪੱਤਰਕਾਰਾਂ ਨੂੰ ਪਾਸ ਜਾਰੀ ਹੋਏ ਸਨ। ਸਿੱਧੂ ਨੇ ਕਿਹਾ ਆਪ ਸਰਕਾਰ ਨੇ ਬਦਲੇ ਦਾ ਮੁਜਾਹਿਰਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਭ ਤੋਂ ਪਹਿਲਾਂ ਅਜੀਤ ਅਖ਼ਬਾਰ ਦੇ ਇਸ਼ਤਿਹਾਰ ਬੰਦ ਕੀਤੇ ਗਏੇ ਫਿਰ ਅਜੀਤ ਦੇ ਕਾਰਜਕਰਤਾਵਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਮੈਨੇਜਿੰਗ ਡਾਇਰੈਕਟਰ ਨੂੰ ਪਰੇਸ਼ਾਨ ਕਰਨ ਵਿੱਚ ਜੁਟ ਗਏ। ਇਹ ਬਦਲਾਖੋਰੀ ਦੀ ਰਾਜਨੀਤੀ ਦਾ ਸਿਖਰ ਹੈ ਅਤੇ ਲੋਕਤੰਤਰ ਵਿੱਚ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਸਿੱਧੂ ਨੇ ਕਿਹਾ ਮੀਡਿਆ ਲੋਕਤੰਤਰ ਦਾ ਚੌਥਾ ਸਤੰਬ ਹੈ, ਅਤੇ ਉਸ ਦੀ ਆਜ਼ਾਦੀ ਖੋਹਣਾ ਲੋਕਤੰਤਰ ਦੀ ਹਤਿਆ ਹੈ।