
ਕੁਦਰਤ ਦੀ ਅਨਮੋਲ ਦਾਤ – ਸਵੱਛ ਵਾਤਾਵਰਨ
*ਧਰਤੀ ਕੁੱਖੋਂ ਬੂਟਾ ਜੰਮਦਾ, ਮਾਂ ਦੀ *ਕੁੱਖੋਂ ਧੀ, ਆਪ ਖੁਦਾ ਨੇ ਰਚਨਾ ਕੀਤੀ,ਧੀ ਤੇ ਬੂਟੇ ਦੀ*
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। 1972 ਵਿੱਚ ਸੰਯੁਕਤ ਰਾਸ਼ਟਰ ਦੁਆਰਾ ਚਲਾਏ ਗਏ ਇਸ ਦਿਵਸ ਨੂੰ ਅੱਜ 100 ਤੋਂ ਵੱਧ ਦੇਸ਼ਾਂ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਕੁਦਰਤ ਅਤੇ ਕੁਦਰਤੀ ਦਾਤਾਂ ਦੀ ਰੱਖਿਆ ਕਰਨਾ ਅਤੇ ਲੋਕਾਂ ਵਿੱਚ ਕੁਦਰਤ ਨਾਲ ਪਿਆਰ ਕਰਨ ਦੀ ਭਾਵਨਾ ਪੈਦਾ ਕਰਨਾ ਹੈ। ਇਹ ਦਿਵਸ ਮਨਾਉਣਾ ਇੱਕ ਸਲਾਨਾ ਮੁਹਿੰਮ ਹੈ।ਅੱਜ ਦਾ ਯੁੱਗ ਭੌਤਿਕਵਾਦੀ ਅਤੇ ਮਸ਼ੀਨੀ ਯੁੱਗ ਹੈ। ਜਿਸ ਨੇ ਕਾਫੀ ਹੱਦ ਤੱਕ ਮਨੁੱਖ ਦੀ ਜ਼ਿੰਦਗੀ ਨੂੰ ਵੀ ਮਸ਼ੀਨੀ ਬਣਾ ਦਿੱਤਾ ਹੈ। ਅੱਜ ਅਸੀਂ ਏਨੇ ਸੁਆਰਥੀ ਹੋ ਗਏ ਹਾਂ ਕਿ ਆਪਣੇ ਸਵਾਰਥ ਅਤੇ ਫਾਇਦੇ ਲਈ ਵਾਤਾਵਰਨ ਨਾਲ ਛੇੜਛਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।
*ਕੁਦਰਤ ਨਾਲ ਛੇੜਛਾੜ ਨਾ ਕਰੋ
ਸਗੋਂ ਉਸ ਦੀ ਸੁੰਦਰਤਾ ਦਾ ਆਨੰਦ ਮਾਣੋ..*
ਇੱਕ ਸਵੱਛ ਵਾਤਾਵਰਨ ਵਿੱਚ ਸਾਰੇ ਕੁਦਰਤੀ ਸਰੋਤ ਸ਼ਾਮਿਲ ਹੁੰਦੇ ਹਨ ਅਤੇ ਇਹ ਕਈ ਤਰੀਕਿਆਂ ਨਾਲ ਸਹਾਇਤਾ ਕਰਨ ਲਈ ਸਾਡੇ ਆਲੇ- ਦੁਆਲੇ ਵਿਚਰਦੇ ਹਨ। ਇੱਕ ਸਾਫ਼ ਵਾਤਾਵਰਨ ਸਾਨੂੰ ਇਸ ਧਰਤੀ ਤੇ ਵਿਕਸਤ ਹੋਣ ਲਈ ਅਤੇ ਜਿਉਂਦੇ ਰਹਿਣ ਲਈ ਸਾਰੀਆਂ ਜ਼ਰੂਰੀ ਵਸਤੂਆਂ ਅਤੇ ਬਿਹਤਰ ਮਾਧਿਅਮ ਪ੍ਰਦਾਨ ਕਰਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਇਹੀ ਮਨੁੱਖ ਆਪਣੀਆਂ ਨਵੀਆਂ ਤਕਨੀਕਾਂ ਨਾਲ ਵੱਧ ਲਾਭ ਕਮਾਉਣ ਦੀ ਖਾਤਿਰ ਸਾਨੂੰ ਜੀਵਨ ਦੇਣ ਵਾਲੇ ਇਸ ਵਾਤਾਵਰਨ ਦੇ ਜਰੂਰੀ ਤੱਤਾਂ ਨੂੰ ਦਿਨੋ ਦਿਨ ਘਟਾ ਰਿਹਾ ਹੈ। ਪਿਛਲੇ 60-65 ਸਾਲਾਂ ਵਿੱਚ ਮਨੁੱਖ ਨੇ ਬੁਰੀ ਤਰ੍ਹਾਂ ਵਾਤਾਵਰਨ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।
ਅੱਜ ਧਰਤੀ ਉੱਤੇ ਸ਼ਾਇਦ ਹੀ ਕੋਈ ਮਨੁੱਖ ਹੋਵੇਗਾ ਜਿਸਨੇ ਵਾਤਾਵਰਨ ਨੂੰ ਦੂਸ਼ਿਤ ਨਾ ਕੀਤਾ ਹੋਵੇ। ਅਸੀਂ ਸਾਰੇ ਜਾਣਦੇ ਹਾਂ ਕਿ ਵਾਤਾਵਰਨ ਕਿਵੇ ਦੂਸ਼ਿਤ ਹੁੰਦਾ ਹੈ।ਸਾਡੀਆਂ ਲੋੜਾਂ, ਪੈਸੇ ਕਮਾਉਣ ਦੀ ਹਵਸ, ਅਤੇ ਵਪਾਰਕ ਰੁਚੀਆਂ ਐਨੀਆਂ ਵਧ ਗਈਆਂ ਹਨ ਕਿ ਅਸੀਂ ਚਾਹੇ ਪਾਣੀ ਪ੍ਰਦੂਸ਼ਣ ਹੋ ਰਿਹਾ ਹੋਵੇ ਜਾਂ ਮਿੱਟੀ ਪ੍ਰਦੂਸ਼ਣ ਜਾਂ ਫੇਰ ਹਵਾ ਪ੍ਰਦੂਸ਼ਣ ਕੋਈ ਧਿਆਨ ਹੀ ਨਹੀਂ ਦਿੰਦੇ।
ਕੁਦਰਤ ਨੇ ਬਿਨਾਂ ਕੋਈ ਮੁੱਲ ਲਏ ਸਾਨੂੰ ਅਣਤੌਲੀਆ ਅਣਮੁੱਲੀਆਂ ਦਾਤਾਂ ਵਾਤਾਵਰਨ ਦੇ ਰੂਪ ਵਿੱਚ ਬਖ਼ਸ਼ੀਆ ਹਨ ਅਤੇ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਦਾਤਾਂ ਨੂੰ ਸਹੀ ਢੰਗ ਨਾਲ ਬਰਤੀਏ। ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਮਨੁੱਖ ਤੇ ਬਨਸਪਤੀ ਦੀ ਹੋਂਦ ਤੱਦ ਹੀ ਸੰਭਵ ਹੈ ਜੇਕਰ ਧਰਤੀ ਉੱਤੇ ਕੁਦਰਤ ਦੁਆਰਾ ਦਿਤੀ ਹੋਈ ਹਵਾ,ਪਾਣੀ, ਮਿੱਟੀ, ਸੂਰਜ ਦੀ ਗਰਮੀ ਅਤੇ ਹੋਰ ਅਨੇਕਾਂ ਉਰਜਾਵਾ ਦਾ ਆਪਣਾ ਰੂਪ,ਮਿਕਦਾਰ ਅਤੇ ਆਪਸੀ ਤਾਲਮੇਲ ਉਸੇ ਸੰਤੁਲਿਤ ਮਾਤਰਾ ਵਿੱਚ ਰਹੇ,ਜਿਸ ਮਾਤਰਾ ਨਾਲ ਮਨੁੱਖ ਅਤੇ ਸਾਰੀ ਬਨਸਪਤੀ ਦਾ ਵਿਕਾਸ ਅਤੇ ਵਧਣਾ ਫੁੱਲਣਾ ਸੰਭਵ ਹੈ। ਵਿਗਿਆਨਕ ਕਾਢਾਂ ਨੇ ਮਨੁੱਖ ਨੂੰ ਸੰਵਾਰਿਆ ਪਰ ਮਨੁੱਖ ਨੇ ਵਿਗਿਆਨਕ ਕਾਢਾਂ ਦੀ ਦੁਰਵਰਤੋਂ ਨਾਲ ਕੁਦਰਤ ਨੂੰ ਹੀ ਕਰੂਪ ਕਰ ਦਿੱਤਾ। ਕੁਦਰਤ ਦਾ ਨਿਯਮ ਹੈ ਕਿ ਜੇ ਅਸੀਂ ਉਸ ਦੇ ਬਣਾਏ ਹੋਏ ਨਿਯਮਾਂ ਨੂੰ ਭੰਗ ਕਰਾਗੇ ਤਾਂ ਉਹ ਸਾਡੇ ਲਈ ਵਿਨਾਸ਼ਕਾਰੀ ਅਸਰ ਉਤਪੰਨ ਕਰ ਦੇਵੇਗੀ ਅਤੇ ਕੁਦਰਤ ਦੇ ਵਿਕਰਾਲ ਰੂਪ ਸਾਹਮਣੇ ਮਨੁੱਖ ਦੀ ਹਸਤੀ ਬਹੁਤ ਛੋਟੀ ਨਜ਼ਰ ਆਵੇਗੀ।
*ਜੇਕਰ ਸ਼ੋਸ਼ਲ ਮੀਡੀਆ ਤੇ ਝਾਤੀ ਮਾਰੀਏ ਤਾਂ ਹਰ ਤੀਜਾ ਬੰਦਾ ਵਾਤਾਵਰਨ ਪ੍ਰੇਮੀ ਹੈ, ਹਰ ਦੂਜਾ ਬੰਦਾ ਸਮਾਜ ਸੇਵੀ ਹੈ, ਹਰ ਵਿਅਕਤੀ ਇਮਾਨਦਾਰ ਹੈ….*
ਇਸ ਵਿੱਚ ਕਿੰਨੀ ਕੁ ਸਚਾਈ ਹੈ ਅੱਜ ਕੁਦਰਤ ਦਾ ਇਹ ਹਾਲ ਦੇਖ ਕਿ ਅਸੀਂ ਆਪ ਹੀ ਸੋਚ ਸਕਦੇ ਹਾਂ। ਅੰਤ ਵਿਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਧਰਤੀ ਉੱਤੇ ਜੀਵਨ ਜਾਰੀ ਰੱਖਣ ਲਈ ਸਾਨੂੰ ਵਾਤਾਵਰਨ ਦੀ ਮੌਲਿਕਤਾ ਨੂੰ ਕਾਇਮ ਰੱਖਣ ਦੀ ਲੋੜ ਹੈ।ਧਰਤੀ ਹੀ ਇਕ ਅਜਿਹੀ ਜਗ੍ਹਾ ਹੈ ਜਿੱਥੇ ਜੀਵਨ ਸੰਭਵ ਹੈ। ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਜਨਤਾ ਨੂੰ ਵਾਤਾਵਰਨ ਨੂੰ ਬਚਾਉਣ ਦੇ ਤਰੀਕੇ ਜਾਣਨ,ਬੁਰੀਆਂ ਆਦਤਾਂ ਨੂੰ ਛੱਡਣ, ਵੱਧ ਤੋਂ ਵੱਧ ਰੁੱਖ ਲਾਉਣ ਲਈ, ਪਾਣੀ ਦੀ ਬਚਤ ਕਰਨ ਲਈ, ਪ੍ਰਦੂਸ਼ਣ ਘਟਾਉਣ ਲਈ ਅਤੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਸੰਕਲਪ ਲੈਂਦਾਂ ਹੈ ਕਿਉਂਕਿ ਜੇ
*ਦੇਸ਼ ਦੇ ਵਿਕਾਸ ਨੂੰ ਜੇ ਰਾਹ ਤੇ ਲਿਆਉਣਾ,
ਵਾਤਾਵਰਨ ਨੂੰ ਪਵੇਗਾ ਬਚਾਉਣਾ।*
ਨੀਲਮ ਕੁਮਾਰੀ,ਪੰਜਾਬੀ ਮਿਸਟ੍ਰੈਸ, ਸਰਕਾਰੀ ਹਾਈ ਸਕੂਲ, ਸਮਾਓ (Mansa, Punjab) Mob. 97797-88365