“ਜੋ ਦਿਖਾ, ਸੋ ਲਿਖਾ”
*ਅਕਾਲੀ ਦਲ ਨੂੰ ਲੱਗ ਰਿਹੈ ਝੱਟਕੇ ਤੇ ਝੱਟਕਾ*
*ਬੀਬੀ ਜਗੀਰ ਕੌਰ ਨੇ ਬਣਾਈ ਨਵੀਂ ਪਾਰਟੀ*
ਪਿਛਲੇ 25 ਸਾਲਾਂ ਦੌਰਾਨ 15 ਸਾਲ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਸ ਸਮੇਂ ਆਪਣੀ ਹੋਂਦ ਬਚਾਉਣ ਲਈ ਸੰਘੱਰਸ਼ ਕਰਦੀ ਨਜ਼ਰ ਆ ਰਹੀ ਹੈ। ਇਸ ਨੂੰ ਕਈ ਪਾਸੇ ਤੋਂ ਵੱਡੇ ਝਟਕੇ ਲੱਗ ਰਹੈ ਨੇ । ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਪਾਰਟੀ ਨੂੰ ਸੰਭਾਲਣ ਲਈ ਲਿਆ ਹਰ ਫੈਸਲਾ ਪੁੱਠਾ ਪੈ ਰਿਹੈ। ਅਸਲ ਵਿਚ ਨਿਰਾਸ਼ ਅਕਾਲੀ ਸਫਾਂ ਵਿਚ ਪਾਰਟੀ ਪ੍ਰਧਾਨ ਦੀ ਕਾਰਗੁਜ਼ਾਰੀ ਕਾਰਨ ਹੀ ਵਧੇਰੇ ਨਿਰਾਸ਼ਾ ਚੱਲ ਰਹੀ ਹੈ। ਬੀਤੇ ਦਿਨੀਂ ਅਕਾਲ ਤੱਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਵਿਖਰ ਚੁੱਕੇ ਅਕਾਲੀ ਦਲ ਅੱਗੇ ਨਵੇਂ ਚੈਲੇਂਜ ਪੇਸ਼ ਕੀਤੇ ਨੇ।
*ਜਥੇਦਾਰ ਸਾਹਿਬ ਦੀ ਅਪੀਲ*
ਤੱਖਤਾਂ ਦੇ ਜਥੇਦਾਰ ਰਾਜਨੀਤੀ ਵਿਚ ਸ਼੍ਰੋਮਣੀ ਅਕਾਲੀ ਦਲ, ਖਾਸ ਕਰ ਬਾਦਲਾਂ ਦਾ ਪੱਖ ਪੂਰਦੇ ਹੀ ਆ ਰਹੇ ਨੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੱਕੇ ਤੌਰ ਤੇ ਤਾਂ ਤੱਖਤ ਦਮਦਮਾਂ ਸਾਹਿਬ ਦੇ ਜਥੇਦਾਰ ਨੇ, ਪਰ ਇਸ ਸਮੇਂ ਉਹ ਅਕਾਲ ਤੱਖਤ ਦੇ ਵੀ ਕਾਰਜਕਾਰੀ ਜਥੇਦਾਰ ਨੇ। ਅਕਾਲੀ ਦਲ ਨਾਲੋਂ ਟੁੱਟ ਚੁੱਕੇ ਪੰਥਕ ਆਧਾਰ ਨੂੰ ਮੁੜ ਤੋਂ ਜੋੜਨ ਲਈ ਉਹ ਕਈ ਵਾਰ ਅਕਾਲੀ ਲੀਡਰਸ਼ਿਪ ਨੂੰ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਯਤਨ ਕਰਨ ਦੀ ਰਾਏ ਦੇ ਚੁੱਕੇ ਨੇ। ਉਨਾਂ ਦੀ ਰਾਘਵ ਚੱਢਾ ਦੀ ਮੰਗਣੀ ਦੇ ਸਮਾਗਮ ਵਿਚ ਸ਼ਾਮਿਲ ਹੋਣ ਤੇ ਅਕਾਲੀ ਲੀਡਰਾਂ ਵਲੋਂ ਤਿੱਖੀ ਨੁਕਤਾਚੀਨੀ ਹੋਈ। ਚਰਚਾ ਹੈ ਕਿ ਕੁੱਝ ਸੀਨੀਅਰ ਅਕਾਲੀ ਆਗੂਆਂ ਵਲੋਂ ਜਥੇਦਾਰ ਸਾਹਿਬ ਨੂੰ ਮਿਲ ਕੇ ਸੁਖਬੀਰ ਬਾਦਲ ਨੂੰ ਅਣਜਾਣੇ ‘ਚ ਹੋਈਆਂ ਭੁੱਲਾਂ ਲਈ ਮੁਆਫੀ ਦੇਣ ਦਾ ਦਬਾਅ ਪਾਇਆ ਗਿਆ, ਤਾਂ ਕਿ ਉਨਾਂ ਤੋਂ ਅਸਤੀਫੇ ਦੀ ਮੰਗ ਦਾ ਮੁੱਦਾ ਹਮੇਸ਼ਾਂ ਲਈ ਸੁਲਝ ਜਾਏ। ਪਰ ਜਥੇਦਾਰ ਨੇ ਖਾਸ ਭੁੱਲ ਦੇ ਜ਼ਿਕਰ ਤੋਂ ਬਗੈਰ ਮੁਆਫੀ ਨੂੰ ਹਾਮੀ ਨਹੀਂ ਭਰੀ। ਇਸ ਪਿੱਛੋਂ ਸ਼੍ਰੋਮਣੀ ਕਮੇਟੀ ਵਲੋਂ ਉਨਾਂ ਦੇ ਥਾਂ ਪੱਕਾ ਜਥੇਦਾਰ ਨਿਯੁੱਕਤ ਕਰਨ ਦੇ ਇਸ਼ਾਰੇ ਵੀ ਆਏ। ਜਥੇਦਾਰ ਸਾਹਿਬ ਦਾ ਰੁੱਖ ਆਪਣੀ ਛੁੱਟੀ ਨੂੰ ਭਾਂਪਦੇ ਹੋਰ ਸਖਤ ਨਜ਼ਰ ਆਇਆ। ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਸਬੰਧੀ ਸਮਾਗਮ ਤੇ ਬੋਲਦੇ ਉਨ੍ਹਾਂ ਕੇਂਦਰ ਸਰਕਾਰ ਤੇ ਸਿੱਖ ਸੰਸਥਾਵਾਂ ਨੂੰ ਕੰਮਜ਼ੋਰ ਕਰਨ ਦੇ ਦੋਸ਼ ਲਗਾਏ ਅਤੇ ਸਿੱਖ ਸੰਸਥਾਵਾਂ ਅਤੇ ਰਾਜਨੀਤਕ ਧਿਰਾਂ ਨੂੰ ਕੇਂਦਰ ਅੱਗੇ ਗਿੜਗੜਾਉਣ ਦੀ ਬਜਾਏ ਕੌਮ ਦੀ ਸ਼ਕਤੀ ਇੱਕਜੁੱਟ ਕਰਨ ਲਈ ਆਖਿਆ। ਪੰਥਕ ਫੁੱਟ ਲਈ ਉਨਾਂ ਦਾ ਸਿੱਧਾ ਇਸ਼ਾਰਾ ਅਕਾਲੀ ਦਲ ਦੀ ਲੀਡਰਸ਼ਿੱਪ ਵਲ ਜਾਂਦੈ। ਪਰ ਇਸ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਜਥਦਾਰ ਤੇ ਕਾਰਵਾਈ ਮੁਸ਼ਕਲ ਜਾਪਦੀ ਹੈ।
*ਬੀਬੀ ਜਗੀਰ ਕੌਰ ਵਲੋਂ ਝੱਟਕਾ*
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਾਰਟੀ ਉਮੀਦਵਾਰ ਖਿਲਾਫ ਪ੍ਰਧਾਨਗੀ ਦੀ ਚੋਣ ਲੜਨ ਤੇ ਪਾਰਟੀ ਚੋਂ ਕੱਢਿਆ ਗਿਆ। ਬੀਬੀ ਚੋਣ ਤਾਂ ਨਹੀਂ ਜਿੱਤ ਸਕੀ, ਪਰ 42 ਵੋਟਾਂ ਨਾਲ ਤਾਕਤ ਜਰੂਰ ਦਿਖਾ ਗਈ। ਹੁਣ ਉਨਾਂ ਨੇ ਵੱਖਰਾ ‘ਸ਼੍ਰੋਮਣੀ ਅਕਾਲੀ ਪੰਥ’ ਬੋਰਡ ਬਣਾ ਕੇ ਪਾਰਟੀ ਸਾਹਮਣੇ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ। ਬੀਬੀ ਦਾ ਕਹਿਣੈ ਕਿ ਉਹ ਅਕਾਲੀ ਦਲ ਤੋਂ ਵੱਖ ਹੋਏ ਸਾਰੇ ਪੰਥਕ ਆਗੂਆਂ ਨੂੰ ਜੋੜਨਗੇ ਅਤੇ ਚੰਗੇ ਗੁਰਸਿੱਖ ਵਿਅਕਤੀਆਂ ਨੂੰ ਚੋਣਾਂ ਲੜਾਕੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਵਾਰ ਤੋਂ ਮੁੱਕਤ ਕਰਾਉਣਗੇ। ਉਨਾਂ ਨੇ ਸੁਖਬੀਰ ਬਾਦਲ ਨਾਲ ਨਾਰਾਜ਼ ਆਗੂਆਂ ਨਾਲ ਮੀਟਿੰਗਾਂ ਵੀ ਸ਼ੁਰੂ ਕੀਤੀਆਂ ਨੇ। ਬੀਬੀ ਦਾ ਕਹਿਣੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਰਾਜਨੀਤੀ ਦਾ ਦਖ਼ਲ ਖਤਮ ਕਰਾਵਾਂਗੇ।
*ਸੁਖਬੀਰ ਦੀ ਅਗਵਾਈ ਤੇ ਸਵਾਲ*
ਪੰਜਾਬ ਦੀ ਰਾਜਨੀਤੀ ਵਿਚ ਸ਼੍ਰੋਮਣੀ ਆਕਾਲੀ ਦਲ ਹਮੇਸ਼ਾਂ ਪ੍ਰਮੁੱਖ ਭੂਮਿਕਾ ਵਿਚ ਰਿਹੈ। ਲੰਮਾ ਸਮਾਂ ਪਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ ਅਤੇ ਜਗਦੇਵ ਸਿੰਘ ਤਲਵੰਡੀ ਦੀ ਤਿਕੜੀ ਦੀ ਸਾਂਝੀ ਅਗਵਾਈ ਵਿਚ ਪਾਰਟੀ ਦੀ ਪੂਰੀ ਚੜਤ ਰਹੀ ਅਤੇ ਵੱਡੇ ਮੋਰਚੇ ਜਿੱਤੇ। ਵੱਡੇ ਬਾਦਲ ਵਲੋਂ ਸੁਖਬੀਰ ਬਾਦਲ ਨੂੰ ਅੱਗੇ ਵਧਾ ਕੇ ਟੌਹੜਾ ਅਤੇ ਤਲਵੰਡੀ ਹਾਸ਼ੀਏ ਤੇ ਧੱਕ ਦਿੱਤੇ ਗਏ। ਪਾਰਟੀ ਅਤੇ ਸ਼੍ਰੋਮਣੀ ਕਮੇਟੀ ਦਾ ਸਾਰਾ ਕੰਟਰੋਲ ਸਿੱਧੇ ਤੌਰ ਤੇ ਬਾਦਲ ਪਰਵਾਰ ਦੇ ਹੱਥ ਚਲਾ ਗਿਆ। ਸੁਖਬੀਰ ਦੇ ਉੱਪ ਮੰਤਰੀ ਅਤੇ ਪ੍ਰਧਾਨ ਬਣਨ ਪਿੱਛੋਂ ਸਾਰੀ ਤਾਕਤ ਦੀ ਵਰਤੋਂ ਸੁਖਬੀਰ ਅਤੇ ਅਹਿਲਕਾਰਾਂ ਵਲੋਂ ਹੁੰਦੀ ਰਹੀ। ਇਸ ਦੌਰਾਨ 2007 ਵਿਚ ਰਾਮ ਰਹੀਮ ਦੇ ਸਵਾਂਗ ਰੱਚਣ ਦੇ ਮਾਮਲੇ ਨੂੰ ਰਫਾ ਦਫਾ ਕਰਨਾ ਅਤੇ ਬੇਅਦਬੀ ਮਾਮਲੇ ਵਿਚ ਸ਼ੱਕੀ ਭੂਮਿਕਾ ਕਾਰਨ ਪੰਥਕ ਵੋਟ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਰਾਮ ਰਹੀਮ ਨੂੰ ਜਥੇਦਾਰਾਂ ਤੋਂ ਮੁਆਫੀ ਦਵਾ ਕੇ ਸ਼੍ਰੋਮਣੀ ਕਮੇਟੀ ਰਾਹੀਂ 95 ਲੱਖ ਰੁਪੈ ਦੇ ਇਸ਼ਤਿਹਾਰ ਦੇਣ ਅਤੇ ਫਿਰ ਮੁਆਫੀਨਾਮਾਂ ਵਾਪਿਸ ਕਰਾਉਣ ਨਾਲ ਪਾਰਟੀ ਪੰਥਕ ਆਧਾਰ ਗੁਆ ਬੈਠੀ। ਸਿੱਖ ਨੌਜਵਾਨਾਂ ਤੇ ਤਸ਼ੱਦਤ ਲਈ ਬਦਨਾਮ ਸੁਮੇਧ ਸਿੰਘ ਸੈਣੀ ਨੂੰ ਡੀਆਈਜੀ ਲਾਉਣਾ ਵੀ ਮਹਿੰਗਾ ਪਿਆ। ਬਹਿਬਲ ਕਲਾਂ ਦੇ ਮੋਰਚੇ ਨੇ ਅਕਾਲੀ ਦਲ ਦੀਆਂ ਜੜਾਂ ਹਿਲਾਈਆਂ। 2022 ਦੀਆਂ ਚੋਣਾਂ ਵਿਚ ਪਾਰਟੀ ਦੀ ਸ਼ਰਮਨਾਕ ਹਾਰ ਦੀ ਸਮੀਖਿਆ ਲਈ ਬਣਾਈ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਅਣਗੋਲਿਆਂ ਕਰਨਾ ਵੀ ਉਲਟਾ ਪਿਆ। ਸੰਗਰੂਰ ਜਿਮਨੀ ਚੋਣ ਵਿਚ ਪਾਰਟੀ ਪੰਜਵੇਂ ਸਥਾਨ ਤੇ ਰਹੀ। ਹੁਣ ਜਲੰਧਰ ਲੋਕ ਸਭਾ ਜਿਮਨੀ ਚੋਣ ਵਿਚ ਵੀ ਕਾਰਗੁਜਾਰੀ ਸੁਧਰ ਨਾਂ ਸਕੀ। ਬੇਸ਼ਕ ਪਾਰਟੀ ਨੂੰ ਪੁਰਾਣੀ ਭਾਈਵਾਲ ਬੀਜੇਪੀ ਤੋਂ ਕੁੱਝ ਵੱਧ ਵੋਟਾਂ ਮਿਲੀਆਂ, ਪਰ ਇਨਾਂ ਵਿਚ ਵੱਡੀ ਗਿਣਤੀ ਬੀਐਸਪੀ ਦੀਆਂ ਵੋਟਾਂ ਦੀ ਸੀ। ਦੋ ਜਿਮਨੀ ਚੋਣਾਂ ਵਿਚ ਕਰਾਰੀ ਹਾਰ ਪਿੱਛੋਂ ਵੀ ਲੀਡਰਸ਼ਿਪ ਨੇ ਜਿੰਮਵਾਰੀ ਨਹੀਂ ਕਬੂਲੀ। ਸੁਖਬੀਰ ਬਾਦਲ ਦੀ ਅਗਵਾਈ ਵਿਚ 2017 ਤੋੰ ਲਗਾਤਾਰ ਚਾਰ ਚੋਣਾਂ ਹਾਰਨ ਨਾਲ ਪਾਰਟੀ ਦਾ ਗਰਾਫ ਮੂਧੇ ਮੂੰਹ ਡਿੱਗ ਚੁਕੈ। ਬੀਜੇਪੀ ਤੋਂ ਵੱਖ ਹੋ ਕੇ ਲੜੀ 2022 ਚੋਣ ਵਿਚ ਤਾਂ ਪਾਰਟੀ ਬੀਐਸਪੀ ਨਾਲ ਗੱਠਜੋੜ ਦੇ ਬਾਵਜੂਦ ਸਿਰਫ 3 ਸੀਟਾਂ ਹੀ ਜਿੱਤ ਸਕੀ। ਖੇਤੀ ਕਨੂੰਨਾਂ ਨੂੰ ਸਹੀ ਦੱਸ ਕੇ ਕਿਸਾਨਾਂ ਦਾ ਗੁੱਸਾ ਵੀ ਸਹੇੜਿਆ ਅਤੇ ਗੱਠਜੋੜ ਵੀ ਗਵਾਇਆ। ਅਕਾਲੀ ਸਰਕਾਰ ਦੇ ਰਾਜ ਦੌਰਾਨ ਲੁੱਟ, ਬੇਅਦਬੀ ਅਤੇ ਨਸ਼ਿਆਂ ਦੇ ਵਪਾਰ ਨੇ ਪਾਰਟੀ ਨੂੰ ਅਰਸ਼ ਤੋਂ ਫਰਸ਼ ਤੇ ਪਟਕਾ ਮਾਰਿਐ। ਦਿੱਲੀ ਗੁਰਦੁਆਰਾ ਕਮੇਟੀ ਹੱਥੋਂ ਗਈ ਅਤੇ ਹਰਿਆਣਾ ਵਿਚ ਵੱਖਰੀ ਕਮੇਟੀ ਦਾ ਗੱਠਨ ਹੋ ਚੁੱਕੈ। ਹੁਣ ਪਾਰਟੀ ਸਫਾਂ ਵਿਚ ਮਾਯੂਸੀ ਹੱਦਾਂ ਪਾਰ ਕਰ ਚੁੱਕੀ ਹੈ ਅਤੇ ਵਰਕਰਾਂ ਦਾ ਭੜਕਿਆਂ ਗੁੱਸਾ ਬਗੈਰ ਵੱਡੀ ਕੁਰਬਾਨੀ ਬਿਨਾਂ ਸ਼ਾਂਤ ਹੁੰਦਾ ਨਹੀਂ ਦਿਸਦਾ। ਅੰਦਰ ਖਾਤੇ ਬਹੁਤੇ ਲੀਡਰ ਨਾਰਾਜ਼ ਨੇ ਅਤੇ ਸਹੀ ਸਮੇਂ ਦੀ ਤਲਾਸ਼ ਵਿਚ ਨੇ। ਬਹੁੱਤੇ ਟਕਸਾਲੀ ਆਗੂ ਸੁਖਬੀਰ ਦੇ ਰਵੱਈਏ ਕਾਰਨ ਪਾਰਟੀ ਤੋੰ ਕਿਨਾਰਾ ਵੀ ਕਰ ਚੁੱਕੇ ਨੇ।
*ਬੀਜੇਪੀ ਨਾਲ ਗੱਠਜੋੜ ਦੀ ਆਸ*
ਵੱਡੇ ਬਾਦਲ ਦੀ ਮੌਤ ਪਿੱਛੋਂ ਅਕਾਲੀ ਦਲ ਅਤੇ ਬੀਜੇਪੀ ਵਿਚਕਾਰ ਮੁੱੜ ਤੋਂ 25 ਸਾਲ ਚੱਲੇ ਗੱਠਜੋੜ ਦੀ ਸੁਰਜੀਤੀ ਦੀ ਚਰਚਾ ਚੱਲੀ। ਜਲੰਧਰ ਦੀ ਜਿਮਨੀ ਚੋਣ ਵਿਚ ਕਰਾਰੀ ਹਾਰ ਪਿੱਛੋਂ ਦੋਵੇਂ ਪਾਰਟੀਆਂ ਲਈ ਗੱਠਜੋੜ ਮਜਬੂਰੀ ਬਣਿਆ ਜਾਪਦੈ। ਫਿਰ ਵੀ ਬੀਜੇਪੀ ਅਜੇ ਪੱਤੇ ਖੋਲਣ ਤੋਂ ਕਤਰਾਉਂਦੀ ਹੈ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦੋਬਾਰਾ ਅਕਾਲੀ ਦਲ ਨਾਲ ਗੱਠਜੋੜ ਦੀ ਸੰਭਾਵਨਾਂ ਤੋਂ ਇਨਕਾਰ ਕੀਤੈ। ਪਰ ਹਾਸ਼ੀੇੇਏ ਤੇ ਗਿਆ ਅਕਾਲੀ ਦਲ ਗੱਠਜੋੜ ਲਈ ਕਾਫੀ ਕਾਹਲਾ ਦਿਖਦੈ। ਜੇਕਰ ਗੱਠਜੋੜ ਹੁੰਦੈ ਤਾਂ ਬੀਜੇਪੀ ਨਵੇਂ ਹਾਲਾਤਾਂ ਵਿਚ ਵਧੇਰੇ ਸੀਟਾਂ ਤੇ ਹੀ ਸਹਿਮਤ ਹੋਏਗੀ। ਇਸ ਤਰਾਂ ਸੂਬੇ ਅੰਦਰ ਅਕਾਲੀ ਦਲ ਦੀ ਸਰਦਾਰੀ ਕਾਇਮ ਰਹਿਣੀ ਅਸੰਭਵ ਹੋਵੇਗੀ ਅਤੇ ਇਕ ਵੱਡੀ ਖੇਤਰੀ ਪਾਰਟੀ ਕੌਮੀ ਪਾਰਟੀ ਦੀ ਪਿਛਲੱਗ ਹੋ ਕੇ ਰਹਿ ਜਾਏਗੀ।
*ਸਮੇਂ ਦੀ ਜ਼ਰੂਰਤ*
ਸੂਬੇ ਵਿਚ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਆਪਣਾ ਆਧਾਰ ਵਧਾਉਣ ਲਈ ਗਹਿਗੱਚ ਮੁਕਾਬਲਾ ਚਲ ਰਿਹੈ ਅਤੇ ਸੱਤਾਧਾਰੀ ‘ਆਪ’ ਵੀ ਜਥੇਬੰਧਕ ਢਾਂਚਾ ਖੜਾ ਨਹੀਂ ਕਰ ਸਕੀ। ਉਂਝ ਸ੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅੱਜ ਵੀ ਮਜਬੂਤ ਆਧਾਰ ਵਾਲੀ ਪਾਰਟੀ ਹੈ। ਵਰਕਰ ਲੀਡਰਸ਼ਿਪ ਤੋਂ ਨਿਰਾਸ਼ ਜਰੂਰ ਨੇ, ਪਰ ਪਾਰਟੀ ਦੇ ਮੁੜ ਉਭਰਨ ਦੀ ਪੱਕੀ ਉਮੀਦ ਵਿਚ ਨੇ। ਪਾਰਟੀ ਛੱਡ ਕੇ ਗਏ ਸਾਰੇ ਸੀਨੀਅਰ ਆਗੂ ਸੁਖਬੀਰ ਬਾਦਲ ਦੀ ਥਾਂ ਨਵੇਂ ਲੀਡਰ ਦੀ ਅਗਵਾਈ ਵਿਚ ਮੁੜ ਵਾਪਸੀ ਕਰਨ ਲਈ ਸਹਿਮਤੀ ਵੀ ਦੇ ਰਹੇ ਨੇ। ਸੂਖਬੀਰ ਬਾਦਲ ਰੁਸਿਆਂ ਨੂੰ ਵਾਪਿਸ ਆਉਣ ਦੀ ਅਪੀਲ ਤਾਂ ਕਰਦੇ ਨੇ, ਪਰ ਪ੍ਰਧਾਨਗੀ ਛੱਡਣ ਦੀ ਗੱਲ ਨਹੀ ਕਰਦੇ। ਇਸ ਸਮੇਂ ਜੇਕਰ ਲੀਡਰਸ਼ਿਪ ਬਦਲੀ ਜਾਂਦੀ ਹੈ, ਤਾਂ ਅਕਾਲੀ ਦਲ ਮੁੱੜ ਤੋਂ ਇਕ ਮਜਬੂਤ ਖੇਤਰੀ ਪਾਰਟੀ ਵਜੋਂ ਉਭਰਨ ਦੇ ਸਮੱਰਥ ਜਾਪਦੈ।
ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)
ਫੋਨ: 9915836543