ਪਰਾਲੀ ਸਾੜਨ ਦੇ ਖ਼ਤਰਿਆਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਜ਼ਮੀਨੀ ਪੱਧਰ ‘ਤੇ
ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਉਪਲਬਧ
ਡੀ ਸੀ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਕੀਤੀ ਅਪੀਲ
Sanghol Times/ਐਸ.ਏ.ਐਸ.ਨਗਰ, 3 ਅਕਤੂਬਰ:k
ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਕਮਰ ਕੱਸ ਲਈ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਲੰਘੇ ਸ਼ਨੀਵਾਰ ਨੂੰ ਕਿਸਾਨਾਂ ਨਾਲ ਮੀਟਿੰਗ ਕਰਨ ਉਪਰੰਤ ਅੱਜ ਉਪ ਮੰਡਲ ਮੈਜਿਸਟਰੇਟਾਂ ਅਤੇ ਹੋਰ ਅਧਿਕਾਰੀਆਂ ਨੂੰ ਫੀਲਡ ਵਿੱਚ ਭੇਜਿਆ ਤਾਂ ਜੋ ਸੁਸਾਇਟੀਆਂ ਅਤੇ ਕਿਸਾਨਾਂ ਕੋਲ ਉਪਲਬਧ ਪਰਾਲੀ ਪ੍ਰਬੰਧਨ (ਸੀ.ਆਰ.ਐਮ) ਮਸ਼ੀਨਰੀ ਦੀ ਸੁਚੱਜੀ ਵਰਤੋਂ ਲਈ ਪ੍ਰੇਰਿਤ ਕਰਨ ਤੋਂ ਇਲਾਵਾ ਉਨ੍ਹਾਂ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਕਿਸਾਨਾਂ ਨਾਲ ਤਾਲਮੇਲ ਕੀਤਾ ਜਾ ਸਕੇ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਲਾਟ ਦੇ ਡਰਾਅ ਤੋਂ ਬਾਅਦ ਪਰਾਲੀ ਪ੍ਰਬੰਧਨ ਮਸ਼ੀਨਰੀ ਮਨਜ਼ੂਰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ, “ਅਸੀਂ ਕਿਸਾਨਾਂ ਨੂੰ ਜਨਤਕ ਅਤੇ ਵਾਤਾਵਰਨ ਹਿੱਤ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦੇ ਆ ਰਹੇ ਹਾਂ। ਇਸ ਤੋਂ ਇਲਾਵਾ, ਅਸੀਂ ਜ਼ਿਲ੍ਹੇ ਵਿੱਚ ਉਪਲਬਧ, ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਵਾਸਤੇ ਉਪਲਬਧ ਮਸ਼ੀਨਰੀ ਦੀ ਢੁਕਵੀਂ ਵਰਤੋਂ ਲਈ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ।”
ਉਸਨੇ ਅੱਗੇ ਕਿਹਾ ਕਿ ਅਸੀਂ ਜ਼ਿਲੇ ਦੇ ਚਾਰ ਮੋਹਰੀ ਉਦਯੋਗਾਂ ਨਾਲ ਗੱਠਜੋੜ ਕੀਤਾ ਹੈ ਜੋ ਪਰਾਲੀ ਦੀ ਬਾਇਓਫਿਊਲ ਵਜੋਂ ਖਪਤ ਕਰਦੇ ਹਨ। ਆਸ਼ਿਕਾ ਜੈਨ ਨੇ ਅੱਗੇ ਕਿਹਾ ਕਿ ਕਿਉਂਕਿ ਉਹਨਾਂ ਇਕਾਈਆਂ ਨੂੰ ਖਰੀਦੀ ਗਈ ਪਰਾਲੀ ਦੇ ਲੰਬੇ ਸਮੇਂ ਲਈ ਸਟੋਰੇਜ ਦੀ ਲੋੜ ਹੈ, ਅਸੀਂ ਹੁੰਗਾਰੇ ਵਿੱਚ ਉਹਨਾਂ ਨੂੰ ਆਰਜ਼ੀ ਸਟੋਰੇਜ ਲਈ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਯੂਨਿਟਾਂ ਤੋਂ 87 ਏਕੜ ਆਰਜ਼ੀ ਸਟੋਰੇਜ ਸਾਈਟ ਦੀ ਮੰਗ ਪ੍ਰਾਪਤ ਹੋਈ ਹੈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਉਨ੍ਹਾਂ ਦੀ ਮੰਗ ਅਨੁਸਾਰ ਜ਼ਮੀਨ ਦਾ ਪ੍ਰਬੰਧ ਕਰ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਪਰਾਲੀ ਦੇ ਪ੍ਰਬੰਧਨ ਲਈ ਢੁਕਵੇਂ ਉਪਾਅ ਪ੍ਰਦਾਨ ਕਰਨ ਲਈ, ਅਸੀਂ ਪਰਾਲੀ ਦੀਆਂ ਗੰਢਾਂ ਬਣਾਉਣ ਲਈ ਕਈ ਬੇਲਰਾਂ ਦਾ ਪ੍ਰਬੰਧ ਕੀਤਾ ਹੈ। ਹਾਲਾਂਕਿ, ਪਰਾਲੀ ਸਾੜਨ ਦੀਆਂ ਘਟਨਾਵਾਂ ਦੀਆਂ ਕੁਝ ਕੁ ਰਿਪੋਰਟਾਂ ਹਨ ਪਰ ਅਸੀਂ ਪਰਾਲੀ ਨੂੰ ਅੱਗ ਲਗਾਉਣ ਦੀ ਮਾੜੀ ਪ੍ਰਥਾ ਨੂੰ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਅੱਜ ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ ਨੇ ਰਾਮਗੜ੍ਹ ਉਰਫ ਬੂਟਾ ਸਿੰਘ ਵਾਲਾ ਦਾ ਦੌਰਾ ਕਰਕੇ ਕਿਸਾਨਾਂ ਨਾਲ ਮੀਟਿੰਗ ਕੀਤੀ, ਐਸ.ਡੀ.ਐਮ ਖਰੜ ਰਵਿੰਦਰ ਸਿੰਘ ਫਤਿਹਪੁਰ ਥੇੜ੍ਹੀ ਦੇ ਕਿਸਾਨ ਅਵਤਾਰ ਸਿੰਘ ਵੱਲੋਂ ਨਵੀਂ ਖਰੀਦੀ ਬੇਲਰ ਮਸ਼ੀਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਦੌਰਾ ਕੀਤਾ। ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਪਰਾਗਪੁਰ ਦਾ ਦੌਰਾ ਕੀਤਾ ਜਿੱਥੇ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡੇਵੀ ਗੋਇਲ ਦੀ ਨੇ ਪੰਡਵਾਲਾ ਅਤੇ ਨਚੀਕੇਤਾ ਯੂਨਿਟ ਵਿਖੇ ਅਸਥਾਈ ਸਟੋਰੇਜ ਲਈ ਡੰਪਿੰਗ ਸਾਈਟ ਅਤੇ ਮਿਲ ਚ ਜਾ ਰਹੀ ਪਰਾਲੀ ਦਾ ਜਾਇਜ਼ਾ ਲਿਆ।
ਇਸ ਤੋਂ ਇਲਾਵਾ 38 ਕਲੱਸਟਰ ਅਫ਼ਸਰਾਂ ਦੀ ਨਿਗਰਾਨੀ ਹੇਠ 98 ਨੋਡਲ ਅਫ਼ਸਰਾਂ ਨੂੰ ਸਾੜ-ਫੂਕ ਦੀਆਂ ਘਟਨਾਵਾਂ ਦੀ ਰੋਕਥਾਮ ਦੇ ਮੱਦੇਨਜ਼ਰ ਜ਼ਿਲ੍ਹੇ ਦੀ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਦੀ ਬਜਾਏ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦੀ ਮਦਦ ਨਾਲ ਇਨ-ਸੀਟੂ ਜਾਂ ਐਕਸ-ਸੀਟੂ ਪ੍ਰਕਿਰਿਆਵਾਂ ਦੀ ਵਰਤੋਂ ਕਰਕੇ ਇਸ ਦਾ ਨਿਪਟਾਰਾ ਕਰਨ।
————–