Sanghol Times/Jagmeet Singh/ਮੋਹਾਲੀ/03
ਨਵੰਬਰ,2023 – ਮਜ਼ਦੂਰਾਂ ਦੇ ਮੱਸਲਿਆਂ ਸਬੰਧੀ ਪੰਜਾਬ ਸਰਕਾਰ ਵਲੋਂ ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ ਨੂੰ ਵਾਰ ਵਾਰ ਸਮਾਂ ਦੇ ਕੇ ਮੀਟਿੰਗ ਨਾ ਕਰਨ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਖਿਲਾਫ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਵੱਖ-ਵੱਖ ਸਨਅਤਾਂ ਅਤੇ ਵਿਭਾਗਾਂ ਨਾਲ ਸੰਬੰਧਤ ਹਜ਼ਾਰਾਂ ਕਿਰਤੀਆਂ ਤੇ ਮੁਲਾਜ਼ਮਾਂ ਨੇ ਲੇਬਰ ਕਮਿਸ਼ਨਰ ਪੰਜਾਬ ਦੇ ਮੁੱਖ ਦਫਤਰ ਮੁਹਾਲੀ ਕਿਰਤ ਭਵਨ ਦੇ ਸਾਹਮਣੇ ਜ਼ਬਰਦਸਤ ਰੋਸ ਰੈਲੀ ਤੇ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਦੇ ਸਨਅਤੀ ਮਜ਼ਦੂਰਾਂ, ਭੱਠਾ ਮਜ਼ਦੂਰਾਂ ਅਤੇ ਮੁਲਾਜ਼ਮਾਂ ਉਪਰ ਕੰਮ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਠੋਸਣ ਦੇ ਨਾਦਰਸ਼ਾਹੀ ਫੈਸਲੇ ਨੂੰ ਵੰਗਾਰਿਆ ਅਤੇ ਸਭ ਕਿਰਤੀਆਂ ਅਤੇ ਮਿਹਨਤਕਸ਼ ਲੋਕਾਂ ਨੂੰ ਇਸ ਵਿਰੁੱਧ ਅਤੇ ਲੋਕਾਂ ਦੀਆਂ ਭਖਦੀਆਂ ਮੰਗਾਂ ਲਈ ਸਾਂਝੀ ਲਾਮਬੰਦੀ ਕਰਨ ਲਈ ਉਭਾਰਿਆ | ਰੈਲੀ ‘ਚ ਐਲਾਨ ਕੀਤਾ ਗਿਆ ਕਿ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਨਵੀਂ ਰਣਨੀਤੀ ਘੜ ਕੇ ਵਧੇਰੇ ਜੁਝਾਰੂ ਐਕਸ਼ਨ ਕੀਤੇ ਜਾਣਗੇ |
ਮਜ਼ਦੂਰਾਂ-ਮੁਲਾਜ਼ਮਾਂ ਦੀਆਂ ਚਾਰ ਪ੍ਰਮੁੱਖ ਜਥੇਬੰਦੀਆਂ-ਏਟਕ, ਇੰਟਕ, ਸੀ ਟੀ ਯੂ ਪੰਜਾਬ ਅਤੇ ਹਿੰਦ ਮਜ਼ਦੂਰ ਸਭਾ ਦੇ ਸੱਦੇ ਉਤੇ ਲਾਮਬੰਦ ਹੋਏ ਹਜ਼ਾਰਾਂ ਮਜ਼ਦੂਰਾਂ ਨੂੰ ਲੇਬਰ ਭਵਨ ਦੇ ਸਾਹਮਣੇ ਚੌਹਾਂ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ | ਉਨ੍ਹਾਂ ਮਜ਼ਦੂਰਾਂ ਦੀ ਕੰਮ ਦਿਹਾੜੀ ਦੇ ਘੰਟੇ ਵਧਾਉਣ ਦੇ ਫੈਸਲੇ ਦੀ ਸਖਤ ਨਿੰਦਿਆ ਕਰਨ ਅਤੇ ਇਸ ਨੂੰ ਵਾਪਸ ਲੈਣ ਉਤੇ ਜ਼ੋਰ ਦੇਣ ਤੋਂ ਇਲਾਵਾ ਮੰਗ ਕੀਤੀ ਕਿ ਘੱਟੋ-ਘੱਟ ਉਜਰਤ ਜੋ 2012 ਤੋਂ ਬਾਅਦ ਕਦੇ ਨਹੀਂ ਵਧਾਈ ਗਈ, ਵਿਚ ਫੋਰਨ ਵਾਧਾ ਕੀਤਾ ਜਾਵੇ | ਹੁਨਰਮੰਦ ਮਜ਼ਦੂਰ ਦੀ ਘੱਟੋ-ਘੱਟ ਤਨਖਾਹ 26,000 ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਕੀਤੀ ਜਾਵੇ |
ਪੰਜਾਬ ਭਰ ਤੋਂ ਆਏ ਮਜ਼ਦੂਰਾਂ, ਮੁਲਾਜ਼ਮਾਂ, ਪੰਜਾਬ ਸਰਕਾਰ ਦੇ ਠੇਕਾ ਭਰਤੀ ਅਤੇ ਆਊਟ ਸੋਰਸ ਵਰਕਰਾਂ ਅਤੇ ਨਰੇਗਾ ਮਜ਼ਦੂਰਾਂ ਵਿਚ ਵੱਡੀ ਗਿਣਤੀ ਵਿਚ ਇਸਤਰੀਆਂ ਵੀ ਸ਼ਾਮਲ ਸਨ, ਖਾਸ ਕਰਕੇ ਘਰੇਲੂ ਇਸਤਰੀ ਮਜ਼ਦੂਰ ਆਈਆਂ ਸਨ |
ਬੰਤ ਸਿੰਘ ਬਰਾੜ (ਏਟਕ), ਸ਼ਿਵ ਕੁਮਾਰ (ਸੀ ਟੀ ਯੂ ਪੰਜਾਬ), ਰਜਿੰਦਰ ਸਿੰਘ (ਹਿੰਦ ਮਜ਼ਦੂਰ ਸਭਾ) ਅਤੇ ਸੁਰਿੰਦਰ ਕੁਮਾਰ (ਇੰਟਕ) ਦੀ ਪ੍ਰਧਾਨਗੀ ਹੇਠ ਹੋਈ ਇਸ ਮਹਾਂ ਰੈਲੀ ਨੂੰ ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਹਰਦੇਵ ਅਰਸ਼ੀ ਸਾਬਕਾ ਵਿਧਾਇਕ, ਅਮਰਜੀਤ ਆਸਲ, ਨੱਥਾ ਸਿੰਘ, ਕੁਲਵੰਤ ਸਿੰਘ ਬਾਵਾ, ਇਕਬਾਲ ਸਿੰਘ, ਦਸਵਿੰਦਰ ਕੌਰ, ਸੁਖਦੇਵ ਸ਼ਰਮਾ, ਕੇਵਲ ਸਿੰਘ, ਧਿਆਨ ਸਿੰਘ ਠਾਕੁਰ, ਸੁਰਿੰਦਰਪਾਲ ਸਿੰਘ ਲਾਹੌਰੀਆ, ਦਿਲਬਾਗ ਸਿੰਘ, ਸੱਜਣ ਸਿੰਘ, ਦਲਜੀਤ ਸਿੰਘ, ਜਗਤਾਰ ਸਿੰਘ, ਜਗਦੀਸ਼ ਸਿੰਘ, ਦਰਸ਼ਨ ਸਿੰਘ ਲੁਬਾਣਾ, ਜਸਮੇਰ ਕੌਰ, ਜਗਦੀਸ਼ ਸਿੰਘ ਚਾਹਲ, ਅਮਰਜੀਤ ਕੌਰ, ਸੁਰਿੰਦਰ ਸ਼ਰਮਾ, ਨੱਥਾ ਸਿੰਘ ਆਦਿ ਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਕਿ ਕੱਚੇ-ਪੱਕੇ ਸਾਰੇ ਮਜ਼ਦੂਰਾਂ-ਮੁਲਾਜ਼ਮਾਂ ਦੀ ਆਰਥਿਕਤਾ ਸੁਧਾਰਨ ਲਈ ਅਤੇ ਰੁਜ਼ਗਾਰ ਪੈਦਾ ਕਰਨ ਲਈ ਪੈਸੇ ਖਰਚ ਕੀਤੇ ਜਾਣ | ਉਨ੍ਹਾ ਐੱਸ ਵਾਈ ਐੱਲ ਨਹਿਰ ਸਮੇਤ ਸਾਰੇ ਮੁੱਦਿਆਂ ‘ਤੇ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿੱਚ ਲੈ ਕੇ ਸਾਂਝੀ ਰਣਨੀਤੀ ਬਣਾਉਣ ‘ਤੇ ਜ਼ੋਰ ਦਿੱਤਾ | ਰੈਲੀ ਨੇ ਇਕ ਮਤਾ ਪਾਸ ਕਰਕੇ ਫਲਸਤੀਨੀ ਸੰਘਰਸ਼ ਦੀ ਹਮਾਇਤ ਕੀਤੀ ਅਤੇ ਭਾਰਤ ਸਰਕਾਰ ਨੂੰ ਸਪੱਸ਼ਟ ਸਟੈਂਡ ਲੈਣ ਲਈ ਜ਼ੋਰ ਦਿੱਤਾ | ਮੰਚ ਸੰਚਾਲਨ ਅਮਰਜੀਤ ਆਸਲ ਨੇ ਕੀਤਾ | ਅੰਤ ਵਿਚ ਸੀ ਟੀ ਯੂ ਪੰਜਾਬ ਦੇ ਪ੍ਰਧਾਨ ਦੇਵ ਰਾਜ ਵਰਮਾ ਨੇ ਸਭ ਦਾ ਧੰਨਵਾਦ ਕੀਤਾ | ਲੇਬਰ ਕਮਿਸ਼ਨਰ ਨੇ ਰੈਲੀ ਵਾਲੀ ਥਾਂ ਆਪ ਆ ਕੇ ਲੀਡਰਸ਼ਿਪ ਤੋਂ ਮੰਗ ਪੱਤਰ ਲਿਆ ਅਤੇ ਮੰਗਾਂ ਨੂੰ ਸੰਜੀਦਗੀ ਨਾਲ ਪੂਰਾ ਕਰਨ ਲਈ ਵਿਚਾਰ ਦਾ ਭਰੋਸਾ ਦੁਆਇਆ |
ਉਪਰੋਕਤ ਤੋਂ ਇਲਾਵਾ ਜ਼ਿਕਰਯੋਗ ਮਜ਼ਦੂਰ ਆਗੂਆਂ ਵਿਚ ਸ਼ਾਮਲ ਸਨ-ਮਹਿੰਦਰਪਾਲ ਮੋਹਾਲੀ, ਗੁਰਨਾਮ ਸਿੰਘ ਰੋਪੜ, ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਡੀ.ਪੀ. ਮੌੜ, ਚਮਕੌਰ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਭੰਗਲ, ਜਸਪਾਲ ਦੱਪਰ, ਵਿਨੋਦ ਚੁੱਘ, ਗੁਰਦਿਆਲ ਸਿੰਘ, ਜੈਪਾਲ ਫਗਵਾੜਾ, ਵਿਜੈ ਕੁਮਾਰ ਅੰਮਿ੍ਤਸਰ, ਮਨਿੰਦਰ ਭਾਟੀਆ, ਰੈਕਟਰ ਕਥੂਰੀਆ, ਲੇਖਕ ਆਗੂ ਸਰਦਾਰਾ ਸਿੰਘ ਚੀਮਾ ਅਤੇ ਗੁਰਨਾਮ ਕੰਵਰ ਆਦਿ | ਰੈਲੀ ਦੀਆਂ ਪ੍ਰਮੁੱਖ ਮੰਗਾਂ ਸਨ: 1. ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ; 2. ਘੱਟੋ-ਘੱਟ ਉਜਰਤਾਂ ਵਿਚ ਫੌਰੀ ਵਾਧਾ ਕੀਤਾ ਜਾਵੇ; 3. ਭੱਠਾ ਸਨਅਤ ਵਿਚ ਬੇਮੌਸਮੀ ਬਾਰਸ਼ਾਂ ਕਾਰਨ ਹੁੰਦੇ ਨੁਕਸਾਨ ਨੂੰ ਕੁਦਰਤੀ ਆਫਤ ਮੰਨ ਕੇ ਮੁਆਵਜ਼ਾ ਦਿੱਤਾ ਜਾਵੇ; 4. ਆਂਗਣਵਾੜੀ, ਹੈਲਪਰਾਂ, ਆਸ਼ਾ, ਮਿਡ-ਡੇ ਮੀਲ ਕਾਮਿਆਂ ਨੂੰ ”ਵਰਕਰU ਦਾ ਦਰਜਾ ਅਤੇ ਘੱਟੋ-ਘੱਟ ਉਜਰਤ ਦਿੱਤੀ ਜਾਵੇ; 5. ਖਾਲੀ ਆਸਾਮੀਆਂ ਭਰੀਆਂ ਜਾਣ; 6. ਪੱਲੇਦਾਰਾਂ ਦੀਆਂ ਮੰਗਾਂ ਮੰਨ ਕੇ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ; 7. ਲੇਬਰ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ; 8. ਮਜ਼ਦੂਰ-ਵਿਰੋਧੀ 4 ਲੇਬਰ ਕੋਡ ਰੱਦ ਕੀਤੇ ਜਾਣ; 9. ਠੇਕਾ ਭਰਤੀ ਅਤੇ ਆਊਟ ਸੋਰਸ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ; 10. ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ; 11. ਮਨਰੇਗਾ ਦਿਹਾੜੀ 700 ਰੁਪਏ ਕਰੋ; ਸਾਲਾਨਾ 200 ਦਿਨ ਕੰਮ ਦਿਓ; ਸ਼ਹਿਰਾਂ ਵਿਚ ਵੀ ਇਹ ਸਕੀਮ ਲਾਗੂ ਕਰੋ; 12. ਉਸਾਰੀ ਮਜ਼ਦੂਰ ਦੀ ਮੌਤ ‘ਤੇ 5 ਲੱਖ ਰੁਪਏ ਐਕਸ ਗਰੇਸ਼ੀਆ ਦਿੱਤਾ ਜਾਵੇ; 13. ਆਯੂਸ਼ਮਾਨ ਕਾਰਡ ਬੰਦ ਕਰਕੇ ਲਾਭਪਾਤਰੀਆਂ ਨੂੰ ਇਲਾਜ ਦੇ ਪੂਰੇ ਪੈਸੇ ਦਿੱਤੇ ਜਾਣ; 14. ਲਾਭਪਾਤਰੀ ਸਕੀਮਾਂ ਪਾਸ ਕਰਨ ਲਈ ਤਹਿਸੀਲ ਵਿਚ ਹਰ ਮਹੀਨੇ ਮੀਟਿੰਗ ਲਾਜ਼ਮੀ ਕੀਤੀ ਜਾਵੇ; 15. ਘਰੇਲੂ ਮਜ਼ਦੂਰਾਂ ਦੀ ਰਜਿਸਟਰੇਸ਼ਨ ਮੁੜ ਚਾਲੂ ਕੀਤੀ ਜਾਵੇ; 16. ਕੁਲੀਆਂ ਉਪਰ ਲੇਬਰ ਕਾਨੂੰਨ ਲਾਗੂ ਕੀਤੇ ਜਾਣ |