ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ
ਵਿਦੇਸ਼ੀ ਗੈਰ ਸਿੱਖ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਮਿਲਦੀ ਹੈ ਜਾਣਕਾਰੀ: ਡਾ. ਕਾਹਲੋਂ
Sanghol Times/Jagmeet Singh – Jobanpreet Singh) ਅੰਮ੍ਰਿਤਸਰ – ਸਮੁੱਚੀ ਮਨੁੱਖਤਾਂ ਦੇ ਰਹਿਬਰ ਤੇ ਸਿੱਖ ਧਰਮ ਦੇ ਬਾਨੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਉੱਤਸਵ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਦੇ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢੇ ਗਏ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਵਿਦਿਆਰਥੀਆਂ, ਅਧਿਆਪਨ, ਗ਼ੈਰ ਅਧਿਆਪਨ ਸਟਾਫ਼ ਤੋਂ ਇਲਾਵਾ ਗੁਰੂ ਘਰ ਦੇ ਕਈ ਹੋਰ ਸ਼ਰਧਾਲੂਆਂ ਤੇ ਸੰਗਤਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਹ ਨਗਰ ਕੀਰਤਨ ਜੀਐਨਡੀਯੂ ਕੈਂਪਸ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵਿਭਾਗਾਂ, ਰਿਹਾਇਸ਼ੀ ਕੁਆਟਰਾਂ, ਭਾਈ ਗੁਰਦਾਸ ਲਾਇਬ੍ਰੇਰੀ, ਮਹਿਲਾਂ-ਪੁਰਸ਼ ਹੋਸਟਲਾਂ ਤੇ ਪ੍ਰਬੰਧਕੀ ਬਲਾਕ ਤੋਂ ਹੁੰਦਾ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੰੰਪੰਨ ਹੋਇਆ। ਵੱਖ-ਵੱਖ ਵਿਭਾਗਾਂ ਦੇ ਵੱਲੋਂ ਸਵਾਗਤੀ ਗੇਟ ਬਣਾ ਕੇ ਤੇ ਫੁੱਲਾਂ ਦੀ ਵਰਖਾ ਅਤੇ ਸਜਾਵਟ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮੁੱਚੇ ਰਸਤੇ ਦੇ ਦੌਰਾਨ ਗੁਰੂ ਘਰ ਦੇ ਪਿਆਰਿਆਂ ਅਤੇ ਸ਼ਰਧਾਲੂਆਂ ਵੱਲੋਂ ਗੁਰਬਾਣੀ ਦਾ ਪ੍ਰਵਾਹ ਚਲਾ ਕੇ ਤੇ ਗੁਰਬਾਣੀ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਦੇ ਵੱਲੋਂ ਖਾਸਾ ਉਤਸ਼ਾਹ ਦਿਖਾਉਂਦੇ ਹੋਏ ਪੂਰੇ ਜ਼ੋਸ਼ੋ ਖਰੋਸ਼ ਦੇ ਨਾਲ ਨਗਰ ਕੀਰਤਨ ਦੇ ਗੁਜ਼ਰਨ ਵਾਲੇ ਰਸਤੇ ਨੂੰ ਪਾਣੀ ਦਾ ਛਿੜਕਾਅ ਅਤੇ ਝਾੜੂ ਆਦਿ ਦੀ ਸੇਵਾ ਕਰਕੇ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਖ਼ਾਲਸਾਈ ਪੋਸ਼ਾਕਾ ਦੇ ਵਿੱਚ ਸੱਜੇ ਪੰਜ ਪਿਆਰਿਆਂ ਨੂੰ ਵੱਖ-ਵੱਖ ਠਹਿਰਾਅ ਪੜ੍ਹਾਵਾਂ ਤੇ ਪੁੱਜਣ ਤੇ ਜੀਐਨਡੀਯੂ ਦੇ ਰਜਿਸਟਰਾਰ ਪ੍ਰੋ. ਡਾ. ਕੇ.ਐਸ. ਕਾਹਲੋਂ, ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਡਾ. ਪਲਵਿੰਦਰ ਸਿੰਘ, ਡੀਨ ਅਕੈਡਮਿਕ ਪ੍ਰੋ. ਡਾ. ਬਿਕਰਮਜੀਤ ਸਿੰਘ ਬਾਜਵਾ, ਡੀਨ ਸਟੂਡੈਂਟ ਵੈਲਫੇਅਰ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਮੁੱਖ ਸੁਰੱਖਿਆ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ, ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ, ਸਕੱਤਰ ਰਜਿੰਦਰ ਸਿੰਘ, ਆਫੀਸਰਜ਼ ਐਸੋਸੀਏਸ਼ਨ ਦੇ ਸਕੱਤਰ ਮਨਪ੍ਰੀਤ ਸਿੰਘ, ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਜੁਗਰਾਜ ਸਿੰਘ ਮਝੈਲ, ਵਿਭਾਗ ਮੁੱਖੀਆਂ ਆਦਿ ਤੋਂ ਇਲਾਵਾ ਕਈ ਹੋਰ ਸੰਗਠਨਾ ਦੇ ਸਰਕਦਾ ਅਹੁੱਦੇਦਾਰਾ ਤੇ ਮੈਂਬਰਾਂ ਦੇ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੁ ਦੇ ਕੇ ਸਨਮਾਨਿਤ ਕੀਤਾ ਗਿਆ। ਰਜਿਸਟਰਾਰ ਪ੍ਰੋ. ਡਾ. ਕੇ.ਐਸ ਕਾਹਲੋਂ ਨੇ ਕਿਹਾ ਕਿ ਨਗਰ ਕੀਰਤਨ ਦੇ ਆਯੋਜਨ ਨੂੰ ਲੈ ਕੇ ਵੀਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਦਾ ਹੂੰ-ਬ-ਹੂੰ ਪਾਲਣ ਕੀਤਾ ਗਿਆ ਹੈ। ਜਦੋਂ ਕਿ ਵਿਰਾਸਤੀ ਸਿੱਖ ਰਹੁ-ਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਥਾਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਦੀ ਜਿੰਨੀ ਪ੍ਰਸ਼ੰਸ਼ਾ ਕੀਤੀ ਜਾਵੇ ਉਹਨੀਂ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਇੰਨ੍ਹਾਂ ਯਤਨਾਂ ਦੇ ਨਾਲ ਜੀਐਨਡੀਯੂ ਦੇ ਵਿੱਚ ਪੜ੍ਹਣ ਵਾਲੇ ਦੇਸ਼ੀ ਵਿਦੇਸ਼ੀ ਗੈਰ ਸਿੱਖ ਵਿਦਿਆਰਥੀਆਂ ਨੂੰ ਸਿੱਖ ਗੁਰੂਆਂ ਦੇ ਜੀਵਨ ਬਿਓੁਰੇ ਤੇ ਉਨ੍ਹਾਂ ਨਾਲ ਸਬੰਧਤ ਦਿਹਾੜਿਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਜੋ ਕਿ ਕਾਬਿਲ-ਏ-ਤਾਰੀਫ਼ ਹੈ। ਵੱਖ ਵੱਖ ਵਿਭਾਗਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਗੁਰੂ ਘਰ ਦੇ ਪਿਆਰਿਆਂ ਦੇ ਲਈ ਜਲ-ਪਾਨ ਅਤੇ ਰਿਹਾਇਸ਼ੀ ਕੁਆਟਰਾਂ ਦੇ ਵਸਨੀਕਾਂ ਦੇ ਵੱਲੋਂ ਸਾਂਝੇ ਤੌਰ ਤੇ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।