ਸਬ ਜੇਲ੍ਹ ਪੱਟੀ ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ
Sanghol Times/ਪੱਟੀ/27 ਨਵੰਬਰ,2023(ਜੋਗਾ ਸਿੰਘ) –
ਸਬ ਜੇਲ੍ਹ ਪੱਟੀ ਵਿਖੇ ਬੰਦੀਆਂ ਦਾ ਸੁਧਾਰ ਕਰਨ ਅਤੇ ਉਹਨਾਂ ਦਾ ਜੀਵਨ ਪੱਧਰ ਖੁਸ਼ਹਾਲ ਬਣਾੁੳਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਬ ਜੇਲ੍ਹ ਪੱਟੀ ਵਿਖੇ ਅੱਜ ਬੰਦੀਆਂ ਨਾਲ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜੇਲ਼੍ਹ ਅੰਦਰ ਬਣੇ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਬੰਦੀਆਂ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਜੀਵਨ ਤੇ ਆਧਾਰਿਤ ਕਥਾ ਸੁਣਾਈ ਗਈ। ਪਾਠ ਦੇ ਭੋਗ ਉਪਰੰਤ ਤਮਾਮ ਬੰਦੀਆਂ ਨੂੰ ਵਿਸ਼ੇਸ਼ ਲੰਗਰ ਅਤੇ ਕੜਾਹ ਪ੍ਰਸ਼ਾਦ ਮੁਹੱਈਆ ਕਰਵਾਇਆ ਗਿਆ। ਬੰਦੀਆਂ ਵਲੋਂ ਗੁਰੁ ਸਾਹਿਬ ਦੀ ਯਾਦ ਵਿੱਚ ਜੇਲ੍ਹ ਦੇ ਅੰਦਰ 03 ਦਿਨ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਅਤੇ ਸਬਦਾਂ ਦਾ ਗਾਇਨ ਕੀਤਾ ਗਿਆ। ਗੁਰੂ ਸ਼ਾਹਿਬ ਦੇ ਇਸ ਪਵਿਤਰ ਦਿਹਾੜੇ ਤੇ ਬੰਦੀਆਂ ਨੂੰ ਵਿਸ਼ੇਸ ਲੰਗਰ ਛੋਲੇ ਪਨੀਰ ਦੀ ਸਬਜੀ ਅਤੇ ਪੂਰੀਆਂ ਅਤੇ ਮਠਿਆਈਆਂ ਤਿਆਰ ਕਰਵਾਕੇ ਲੰਗਰ ਤਮਾਮ ਬੰਦੀਆਂ ਨੂੰ ਬਰਾਬਰ ਵੰਡਾਇਆ ਗਿਆ। ਇਸ ਮੌਕੇ ਬੰਦੀਆਂ ਵੱਲੋਂ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਬੰਦੀਆਂ ਵਲੋਂ ਨਸ਼ੇ ਦੀ ਆਦਤ ਅਤੇ ਗਲਤ ਕੰਮਾਂ ਨੂੰ ਤਿਆਗ ਕੇ ਇੱਕ ਸਾਫ ਸੁਥਰਾ ਜੀਵਨ ਬਤੀਤ ਕਰਨ ਦਾ ਪ੍ਰਣ ਕੀਤਾ ਗਿਆ। ਜੇਲ੍ਹ ਦੇ ਅੰਦਰ ਬਣੇ ਗੁਰਦੁਆਰਾ ਸਾਹਿਬ ਵਿਖੇ ਸਜਾਵਟੀ ਲਾਈਟਾਂ ਲਗਾਈਆਂ ਗਈਆਂ ਅਤੇ ਦੀਪਮਾਲਾ ਵੀ ਕੀਤੀ ਗਈ। ਜੇਲ੍ਹ ਵਿਭਾਗ ਵਲੋਂ ਕੀਤੇ ਗਏ ਵਿਸ਼ੇਸ ਉਪਰਾਲੇ ਦੀ ਬੰਦੀਆਂ ਵਲੋਂ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ(ਜੇਲ੍ਹਾਂ) ਪੰਜਾਬ ਜੀ ਦਾ ਅਤੇ ਸ੍ਰੀ ਜਤਿੰਦਰ ਪਾਲ ਸਿੰਘ ਬੋਪਾਰਾਏ, ਸੁਪਰਡੰਟ ਜੇਲ੍ਹ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ। ਇਸ ਸਮੇਂ ਸ੍ਰੀ ਜਤਿੰਦਰ ਪਾਲ ਸਿੰਘ ਡਿਪਟੀ ਸੁਪਰਡੈਂਟ , ਸ੍ਰੀ ਸੁਖਦੇਵ ਸਿੰਘ ਹੈੱਡਵਾਰਡਰ ਸ੍ਰੀ ਬਾਜ ਸਿੰਘ ਹੈੱਡਵਾਰਡਰ ਅਤੇ ਬਾਕੀ ਜੇਲ੍ਹ ਸਟਾਫ ਵੀ ਹਾਜਰ ਸਨ।