ਪੰਜਾਬ ਪੁਲਿਸ ਨੇ ਮੰਨੂ ਮਹਾਵਾ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ 22,5 ਕਿੱਲੋ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ
Sanghol Times/ਅੰਮ੍ਰਿਤਸਰ/08 ਜਨਵਰੀ,2023(ਮਲਕੀਤ ਸਿੰਘ ਭਾਮੀਆਂ) :- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਵਿਰੁੱਧ ਵਿੱਢੀ ਫੈਸਲਾਕੁੰਨ ਜੰਗ ਦੇ ਹਿੱਸੇ ਵੱਜੋਂ 19 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਦੀ ਜ਼ੋਰਦਾਰ ਪੜਤਾਲ ਤੋ ਅੱਗੇ ਵਧਦਿਆਂ ਪੰਜਾਬ ਪੁਲਿਸ ਨੇ ਮੰਨੂੰ ਮਹਾਵਾ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 3,5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਕੇਸ ਵਿੱਚ ਹੁਣ ਹੈਰੋਇਨ ਦੀ ਕੁੱਲ ਬਰਾਮਦਗੀ 22,5 ਕਿੱਲੋ ਹੋ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਗ੍ਰਿਫਤਾਰ ਕੀਤੇ ਗਏ ਵਿਆਕਤੀਆਂ ਦੀ ਪਛਾਣ ਬਲਰਾਜ ਸਿੰਘ ਉਰਫ਼ ਕਾਕਾ ਵਾਸੀ ਪਿੰਡ ਲਾਹੌਰੀਮਲ ਅਮ੍ਰਿਤਸਰ, ਅਨਮੋਲ ਸਿੰਘ ਉਰਫ਼ ਲਾਲੂ ਅਤੇ ਸਰਬਜੀਤ ਸਿੰਘ ਦੋਵੇਂ ਵਾਸੀ ਰਾਂਝੇ ਦੀ ਹਵੇਲੀ ਅਮ੍ਰਿਤਸਰ ਵੱਜੋ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਹੋਰ ਮੁਲਜਮਾਂ ਦੀ ਗ੍ਰਿਫਤਾਰੀ ਨਾਲ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 10 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਇੰਨਾ ਦੋਸ਼ੀਆਂ ਕੋਲੋ 30 ਬੋਰ ਦੇ 10 ਜਿੰਦਾਂ ਕਾਰਤੂਸ ਅਤੇ 9 ਐਮ ਐਮ ਦੇ 9 ਜਿੰਦਾਂ ਕਾਰਤੂਸਾਂ ਸਣੇ ਇਕ ਕਾਰ ( ਸਫਾਰੀ ) ਵੀ ਬਰਾਮਦ ਕੀਤੀ ਗਈ ਹੈ। ਇਹ ਕਾਰਵਾਈ, ਕਮਿਸ਼ਨਰੇਟ ਪੁਲਿਸ ਅਮ੍ਰਿਤਸਰ ਵੱਲੋਂ ਅਮਰੀਕਾ ਸਥਿਤ ਤਸਕਰ ਮਨਪ੍ਰੀਤ ਉਰਫ ਮੰਨੂ ਮਹਾਵਾ ਵੱਲੋ ਚਲਾਏ ਜਾ ਰਹੇ ਸਰਹੱਦ ਪਾਰ ਨਸ਼ਾ ਅਤੇ ਹਥਿਆਰ ਤਸਕਰੀ ਰੈਕਟ ਦਾ ਪਰਦਾਫਾਸ਼ ਕਰਨ ਤੋਂ ਲਗਭਗ ਹਫਤੇ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਦੱਸਣਯੋਗ ਹੈ ਉਕਤ ਰੈਕਟ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁੱਖ ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ 19 ਕਿੱਲੋ ਹੈਰੋਇਨ, 23 ਲੱਖ ਰੁਪਏ ਦੀ ਡਰੱਗ ਮਨੀ, 7 ਪਿਸਤੌਲਾਂ ਸਮੇਤ ਇਕ 9 ਐਮ ਐਮ ਗਲਾਕ ਅਤੇ ਡਰੋਨ ਦੇ ਕਲ – ਪੁਰਜੇ ਬਰਾਮਦ ਕੀਤੇ ਸਨ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ( ਸੀਪੀ ) ਅਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਾਂਟਡ ਮੁਲਜਮ ਅਨਮੋਲ ਸਿੰਘ ਉਰਫ਼ ਲਾਲੂ ਨੂੰ ਉਸਦੇ ਸਾਥੀਆਂ ਸਮੇਤ ਸੁਲਤਾਨਵਿੰਡ ਦੇ ਇਲਾਕੇ ਵਿੱਚ ਦੇਖੇ ਜਾਣ ਦੀ ਪੁਖਤਾ ਇਤਲਾਹ ਦੇ ਅਧਾਰ ਤੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ, ਏਡੀਸੀਪੀ ਸਿਟੀ – 3 ਅਭਿਮਨੀਊ ਰਾਣਾ, ਏਸੀਪੀ ਸਰਬਜੀਤ ਸਿੰਘ ਬਾਜਵਾ ਦੀ ਨਿਗਰਾਨੀ ਵਿੱਚ ਸੀ ਆਈ ਏ ਸਟਾਫ -3 ਦੀ ਪੁਲਿਸ ਟੀਮ ਨੇ ਵਿਸ਼ੇਸ਼ ਨਾਕਾਬੰਦੀ ਕਰਕੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਪਤਾ ਲਗਾ ਹੈ ਕਿ ਮੁਲਾਜਮ, ਪਾਕਿਸਤਾਨ ਸਥਿਤ ਤਸਕਰ ਸ਼ਾਹ ਅਤੇ ਅਮਰੀਕਾ ਸਥਿਤ ਮੰਨੂ ਮਹਾਵਾ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਤਸਕਰੀ ਕਰਕੇ ਸੂਬੇ ਭਰ ‘ਚ ਨਸ਼ੀਲੇ ਪਦਾਰਥਾਂ ਅਤੇ ਗੋਲੀ – ਸਿੱਕਾ ਦੀ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਇਹ ਖੇਪ ਵੀ ਪਾਕਿਸਤਾਨ ਸਥਿਤ ਤਸਕਰਾਂ ਵੱਲੋ ਭੇਜੀ ਗਈ ਸੀ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਡਰੱਗ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਉਨ੍ਹਾਂ ਦੇ ਅਗਲੀਆਂ ਪਿਛਲੀਆਂ ਕੜੀਆਂ ਦਾ ਪਤਾ ਲਗਾ ਕੇ ਸਿੱਟਾ ਪੂਰਨ ਨਤੀਜੇ ਤੇ ਪਹੁੰਚਿਆ ਜਾ ਸਕੇ। ਇਸ ਸੰਬੰਧ ਵਿੱਚ ਇਕ ਐਫ ਆਈ ਆਰ ਨੰਬਰ 298 ਮਿਤੀ 31/12/2023 ਨੂੰ ਪੁਲਿਸ ਥਾਣਾ ਇਸਲਾਮਾਬਾਦ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪਹਿਲਾਂ ਹੀ ਕੇਸ ਦਰਜ ਹੈ।