“ਫਰਿਸ਼ਤੇ ਸਕੀਮ” – ਸੜਕ ਹਾਦਸਾ ਪੀੜਤਾਂ ਦਾ ਨੇੜਲੇ ਹਸਪਤਾਲਾਂ ਸਮੇਤ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਯਕੀਨੀ ਬਣਾਇਆ ਜਾਵੇਗਾ – ਡਾ. ਬਲਵੀਰ ਸਿੰਘ
Sanghol Times/ਚੰਡੀਗੜ੍ਹ/22 ਜਨਵਰੀ,2024(ਮਲਕੀਤ ਸਿੰਘ ਭਾਮੀਆਂ) – ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਮੁੱਖ “ਫਰਿਸ਼ਤੇ ਸਕੀਮ” ਜਿਸ ਤਹਿਤ ਹਾਦਸਿਆਂ ਦੇ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ, ਦੇ ਮੱਦੇਨਜ਼ਰ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਨੇ ਸੋਮਵਾਰ ਨੂੰ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਇਸ ਲੋਕ ਪੱਖੀ ਯੋਜਨਾ ਵਾਸਤੇ ਰਜਿਸਟਰ ਕਰਨ ਲਈ ਕਿਹਾ ਤਾਂ ਜੋ ਸੜਕੀ ਹਾਦਸਿਆਂ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸੱਕਣ। ਉਨ੍ਹਾਂ ਕਿਹਾ, “ਅਸੀਂ ਸੜਕ ਹਾਦਸਾ ਪੀੜਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ “ਗੋਲਡਨ ਆਫਰ” ਦੀ ਵੱਧ ਤੋਂ ਵੱਧ ‘ਤੇ ਸੁਚੱਜੀ ਵਰਤੋਂ ਕਰਨਾ ਚਾਹੁੰਦੇ ਹਾਂ ਅਤੇ ਪੰਜਾਬ ਸਰਕਾਰ ਵੱਲੋ ਬਿੰਨਾਂ ਕੌਮੀਅਤ, ਜਾਤ – ਪਾਤ ਜਾਂ ਸਮਾਜਿਕ – ਆਰਥਿਕ ਸਥਿਤੀ ਦੇ ਭੇਦਭਾਵ ਤੋਂ ਸਾਰੇ ਸੜਕ ਹਾਦਸਾ ਪੀੜਤਾਂ ਦਾ ਨੇੜਲੇ ਹਸਪਤਾਲਾਂ ਸਮੇਤ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਯਕੀਨੀ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ “ਗੋਲਡਨ ਆਫਰ” ਸੜਕ ਦੁਰਘਟਨਾਂ ਤੋਂ ਬਾਅਦ ਪਹਿਲਾਂ ਮਹਤਵਪੂਰਨ ਘੰਟਾ ਹੁੰਦਾ ਹੈ, ਜਿਸ ਦੌਰਾਨ ਜੇਕਰ ਕਿਸੇ ਗੰਭੀਰ ਜ਼ਖਮੀ ਵਿਆਕਤੀ ਨੂੰ ਬਣਦੀ ਦੇਖਭਾਲ ਮਿਲ ਜਾਵੇ, ਤਾਂ ਉਸਦੇ ਬਚਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਡਾ ਬਲਬੀਰ ਸਿੰਘ ਨੇ ਨਿੱਜੀ ਸਿਹਤ ਸੰਭਾਲ ਸੰਸਥਾਵਾਂ ਤੋਂ ਸਹਾਇਤਾ ਦੀ ਲੋੜ ਤੇ ਜੋਰ ਦਿੰਦੇ ਹੋਏ, ਰਾਜ ਭਰਦੇ ਹਸਪਤਾਲਾਂ ਖਾਸ ਤੌਰ ਤੇ ਟਰਸ਼ਰੀ ਅਤੇ ਸੈਕੰਡਰੀ ਦੇਖਭਾਲ ਪ੍ਰਦਾਨ ਕਰਨ ਵਾਲੇ ਹਸਪਤਾਲਾਂ ਨੂੰ ਕੀਮਤੀ ਜਾਨਾਂ ਬਚਾਉਣ ਲਈ ਇਸ ਸਕੀਮ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਚੀਬੱਧ ਹਸਪਤਾਲਾਂ ਨੂੰ ਰਾਸ਼ਟਰੀ ਸਿਹਤ ਅਥਾਰਟੀ ਦੁਆਰਾ ਪਰਿਭਾਸ਼ਿਤ ਐਚਬੀਪੀ 2,2 ਪੈਕਜ ਕਰਾਂ ਦੇ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਰਾਜ ਸਿਹਤ ਏਜੰਸੀ ਨੇ ਸੜਕ ਹਾਦਸਾ ਪੀੜਤਾਂ ਦੇ ਇਲਾਜ ਲਈ 52 ਪੈਕਜਾਂ ਦੀ ਸ਼ਨਾਖ਼ਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ( ਆਈ ਐਮ ਏ ) ਪੰਜਾਬ ਪਹਿਲਾਂ ਹੀ ਇਸ ਯੋਜਨਾ ਦਾ ਹਿੱਸਾ ਬਣ ਕੇ ਨੇਕ ਕਾਰਜ ਲਈ ਸਹਿਯੋਗ ਦੇ ਚੁੱਕਾ ਹੈ। ਸਿਹਤ ਮੰਤਰੀ ਨੇ ਬਾਕੀ ਹਸਪਤਾਲਾਂ ਨੂੰ ਵੀ ਅੱਗੇ ਆਉਣ ਅਤੇ ਇਸ ਸਕੀਮ ਅਧੀਨ ਰਜਿਸਟਰਡ ਹੋਣ ਲਈ ਸੱਦਾ ਦਿੱਤਾ। ਉਨ੍ਹਾਂ ਰਜਿਸਟਰੇਸ਼ਨ ਸੰਬੰਧੀ ਕਿਸੇ ਵੀ ਸਵਾਲ ਲਈ ਅਪਣੇ ਸੰਬੰਧਤ ਜਿਲ੍ਹੇ ਦੇ ਸਿਵਲ ਸਰਜਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਡਾ ਬਲਬੀਰ ਸਿੰਘ ਨੇ ਕਿਹਾ, “ਹੁਣ ਤੱਕ ਰਾਜ ਦੇ 384 ਹਸਪਤਾਲ ‘ਫਰਿਸ਼ਤੇ ਸਕੀਮ’ ਤਹਿਤ ਰਜਿਸਟਰਡ ਹੋ ਚੁੱਕੇ ਹਨ, ਜਿੰਨ੍ਹਾਂ ਵਿੱਚੋਂ 146 ਸਰਕਾਰੀ ਹਸਪਤਾਲ ਅਤੇ 238 ਪ੍ਰਾਈਵੇਟ ਹਸਪਤਾਲ ਹਨ। ਆਗਾਮੀ ਪ੍ਰਮੁੱਖ ‘ਫਰਿਸ਼ਤੇ ਸਕੀਮ’ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸੜਕ ਹਾਦਸੇ ਦੇ ਪੀੜਤਾਂ ਨੂੰ ਇਲਾਜ ਲਈ ਹਸਪਤਾਲ ਲਿਜਾਣ ਵਾਲੇ ਵਿਅਕਤੀ ਨੂੰ 2000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਦੋਂ ਤੱਕ ਪੁਲਿਸ ਵੱਲੋ ਕਿਸੇ ਕਿਸਮ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਸੜਕ ਦੁਰਘਟਨਾ ਦੇ ਸ਼ਿਕਾਰ ਨੂੰ ਹਸਪਤਾਲ ਲੈਕੇ ਆਇਆ ਵਿਆਕਤੀ ਖੁੱਦ ਚਸ਼ਮਦੀਦ ਗਵਾਹ ਬਣਨ ਦੀ ਇੱਛਾ ਨਹੀਂ ਪ੍ਰਗਟਾਉਂਦਾਂ। ਜ਼ਿਕਰਯੋਗ ਹੈ ਕਿ ਇਹ ਸਕੀਮ ਵੱਖ – ਵੱਖ ਮਾਮਲਿਆਂ ਵਿੱਚ ਜਾਰੀ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨਾਲ ਮੇਲ ਖਾਂਦੀ ਹੈ, ਜੋ ਜਨਤਾ ਨੂੰ ਦੁਰਘਟਨਾ ਪੀੜਤਾਂ ਨੂੰ ਨਜ਼ਦੀਕੀ ਸਰਕਾਰੀ ਜਾਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਲਿਆਉਣ ਦੀ ਅਪੀਲ ਕਰਦੀ ਹੈ।