ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਨਾ ਕੀਤੀ ਸੜਕ ਸੁਰੱਖਿਆ ਫੋਰਸ – 1239 ਸੈਨਿਕ 144 ਗੱਡੀਆਂ ਨਾਲ ਸੜਕਾਂ ‘ਤੇ ਰਵਾਨਾ ਹੋਏ
Sanghol Times/ਜਲੰਧਰ/27 ਜਨਵਰੀ,2024(ਮਲਕੀਤ ਸਿੰਘ ਭਾਮੀਆਂ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਸ਼ਨੀਵਾਰ ਨੂੰ ਦੇਸ਼ ਦੀ ਪਹਿਲੀ ਸੜਕ ਸੁਰੱਖਿਆ ਫੋਰਸ ( ਐਸ ਐਸ ਐਫ ) ਨੂੰ ਰਵਾਨਾ ਕੀਤਾ ਹੈ। ਪੀਏਪੀ ਜਲੰਧਰ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਜਿਸ ਤੋਂ ਬਾਅਦ 1239 ਸੈਨਿਕ 144 ਗੱਡੀਆਂ ਦੇ ਨਾਲ ਸੜਕਾਂ ‘ਤੇ ਰਵਾਨਾ ਹੋਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਫੋਰਸ 1 ਫਰਵਰੀ ਤੋਂ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗੀ। ਪਹਿਲੇ ਸਾਲ ਹੀ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਅੱਧਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਹਾਦਸਾ ਵਾਪਰਦਾ ਹੈ ਤਾਂ ਤੁਰੰਤ 112 ‘ਤੇ ਕਾਲ ਕਰੋ। 30 ਕਿੱਲੋਮੀਟਰ ਦੇ ਅੰਦਰ ਘੁੰਮ ਰਹੀ ਐਸਐਸਐਫ ਦੀ ਗੱਡੀ 10 ਮਿੰਟਾਂ ਵਿੱਚ ਮੌਕੇ ਤੇ ਪਹੁੰਚ ਜਾਵੇਗੀ। ਜ਼ਖਮੀਆਂ ਦੀ ਮਦਦ ਕਰਨਗੇ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਤੱਕ ਸਾਰੇ ਪ੍ਰਬੰਧ ਕਰਨਗੇ। ਮੁੱਖ ਮੰਤਰੀ ਨੇ ਦੱਸਿਆ ਕਿ ਉਹ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦੇ ਅੰਕੜੇ ਮੰਗੇ ਹਨ। ਹੈਰਾਨੀ ਦੀ ਗੱਲ ਇਹ ਸੀ ਕਿ ਹਰ ਸਾਲ ਵਿੱਚ 5000 ਹਜਾਰ ਦੇ ਕਰੀਬ ਲੋਕ ਮਰਦੇ ਹਨ। ਉਦੋਂ ਹੀ ਸੋਚਿਆ ਸੀ ਕਿ ਅਜਿਹੀ ਫੋਰਸ ਲਿਆਉਣਗੇ ਜਿਸ ਨਾਲ ਹਾਦਸਿਆਂ ਤੋਂ ਬਚਿਆ ਜਾ ਸਕੇ। ਦੁਬਈ ‘ਚ ਟੋਇਟਾ ਹੈਲੈਕਸ ਗੱਡੀਆਂ ਦੇਖੀ, ਉਥੋਂ ਦੀ ਪੁਲਿਸ ਇੰਨਾਂ ਦੀ ਹੀ ਵਰਤੋਂ ਕਰਦੀ ਹੈ। ਇਹ ਫੈਸਲਾ ਕੀਤਾ ਗਿਆ ਕਿ ਉਹ ਇੰਨਾਂ ਗੱਡੀਆਂ ਨੂੰ ਸੜਕ ਸੁਰੱਖਿਆ ਫੋਰਸ ਵਿੱਚ ਵਰਤਣਗੇ। ਇਹ ਗੱਡੀਆਂ ਇੰਨੀਆਂ ਤਾਕਤਵਰ ਹਨ ਕਿ ਇਹ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਵੀ ਟੋਅ ਕਰ ਸਕਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੜਕ ‘ਤੇ ਸਟੰਟ ਨਾ ਕਰਨ ਅਤੇ ਮੌਤ ਨਾਲ ਨਾ ਖੇਡਣ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ‘ਤੇ ਇਹ ਗੱਡੀਆਂ ਨਜ਼ਰ ਰੱਖਣਗੀਆਂ ਇਸਦੇ ਨਾਲ ਹੀ ਹੁਣ ਹਾਈਵੇ ਤੇ ਇੰਨਾਂ ਵਾਹਨਾਂ ਨਾਲ ਸਪੀਡ ਗੰਨ ਕੈਮਰੇ ਵੀ ਲਗਾਏ ਜਾਣਗੇ, ਤਾਂ ਜੋ ਤੇਜ਼ ਰਫਤਾਰ ਵਾਹਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਕਾਰਵਾਈ ਵੀ ਕੀਤੀ ਜਾ ਸਕੇ। ਰਾਜੇਸ਼ ਪਾਇਲਟ ਅਤੇ ਜਸਪਾਲ ਭੱਟੀ ਦਾ ਨਾਂ ਲੈਂਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਈ ਵੱਡੇ ਨਾਂ ਸਿਰਫ ਦੁਰਘਟਨਾ ਨਾਲ ਸਾਡੇ ਕੋਲੋਂ ਖੋਹ ਲਏ ਗਏ ਹਨ। ਸਾਨੂੰ ਮਨੁੱਖੀ ਗਲਤੀਆਂ ਨੂੰ ਘੱਟ ਕਰਨਾ ਹੋਵੇਗਾ। ਪੁਲਿਸ ‘ਤੇ ਜਿਆਦਾ ਬੋਝ ਹੈ ਅਤੇ ਸੜਕ ਸੁਰੱਖਿਆ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਸਕਦਾ। ਅਗਲੇ ਸਾਲ 1 ਫਰਵਰੀ ਨੂੰ ਪੂਰੇ ਸਾਲ ਦੇ ਅੰਕੜੇ ਸਾਰਿਆਂ ਨਾਲ ਸਾਂਝੇ ਕਰਨਗੇ ਕਿ ਇਸ ਫੋਰਸ ਨੇ ਹਰ ਮਹੀਨੇ ਕਿੰਨੀਆਂ ਜਾਨਾਂ ਬਚਾਈਆਂ ਹਨ। ਇਸ ਦੇ ਨਾਲ ਹੀ ਐਸਐਸਐਫ ਤੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਜਾਨ ਬਚਾਉਣ ਤੋਂ ਬਾਅਦ ਆਪਣੇ ਆਪ ‘ਤੇ ਮਾਣ ਮਹਿਸੂਸ ਕਰੇਗਾ।