ਖੰਨਾ ‘ਚ ਵਿਜੀਲੈਂਸ ਦਾ ਨਕਲੀ ਡੀਐਸਪੀ ਗ੍ਰਿਫਤਾਰ, ਪੜ੍ਹੋ ਕਿਵੇਂ ਆਇਆ ਕਾਬੂ
Sanghol Times/ਖੰਨਾ/14 ਫਰਵਰੀ,2024(ਮਲਕੀਤ ਸਿੰਘ ਭਾਮੀਆਂ)- ਪੰਜਾਬ ਪੁਲਿਸ ਨੂੰ ਖੰਨਾ ‘ਚ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਇੱਥੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੁੱਦ ਨੂੰ ਵਿਜੀਲੈਂਸ ਦਾ ਡੀਐਸਪੀ ਦੱਸਦਾ ਸੀ। ਪਰ ਜਦੋਂ ਜਾਂਚ ਹੋਈ ਤਾਂ ਉਹ ਵਿਜੀਲੈਂਸ ਦਾ ਨਕਲੀ ਡੀਐਸਪੀ ਨਿੱਕਲਿਆ। ਮੁਲਜਮ ਦੀ ਪਛਾਣ ਰਮਨਦੀਪ ਸਿੰਘ ਵਾਸੀ ਆਹਲੂਵਾਲੀਆ ਮਹੁੱਲਾ ਖੰਨਾ ਵਜੋਂ ਹੋਈ ਹੈ। ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਕਈ ਸਾਲਾਂ ਤੋਂ ਨਕਲੀ ਡੀਐਸਪੀ ਬਣ ਕੇ ਘੁੰਮ ਰਿਹਾ ਸੀ ਅਤੇ ਲੋਕਾਂ ‘ਤੇ ਸਰਕਾਰੀ ਅਫਸਰ ਹੋਣ ਦਾ ਰੋਅਬ ਬਣਾਉਂਦਾ ਸੀ। ਖੰਨਾ ਪੁਲਿਸ ਨੇ ਸਿਟੀ ਥਾਣਾ ‘ਚ ਕਥਿਤ ਦੋਸ਼ੀ ਖਿਲਾਫ ਕੇਸ ਦਰਜ ਕੀਤਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਰਮਨਦੀਪ ਸਿੰਘ ਰੰਮੀ ਨਾਂ ਦਾ ਇਹ ਸ਼ਖਸ ਲੋਕਾਂ ਨਾਲ ਅਧਿਕਾਰੀਆਂ ਨੂੰ ਧਮਕਾਉਦਾਂ ਰਹਿੰਦਾ ਸੀ ਅਤੇ ਕਈ ਸਰਕਾਰੀ ਅਧਿਕਾਰੀਆਂ ਨਾਲ ਵੀ ਉਸਨੂੰ ਬੈਠੇ ਹੋਇਆ ਦੇਖਿਆ ਗਿਆ ਸੀ। ਸੂਤਰਾਂ ਤੋਂ ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਕੋਲ ਇਕ 32 ਬੋਰ ਦਾ ਅਸਲਾ ਹੈ ਅਤੇ ਉਸਨੂੰ ਹੁਣ ਰੀਨਿਓ ਕਰਾਉਣਾ ਸੀ, ਪਰ ਜਦੋਂ ਉਸਦੀ ਹੁਣ ਪੁਲਿਸ ਵੈਰੀਫਿਕੈਸ਼ਨ ਹੋਈ ਤਾਂ ਉਸ ਵਿੱਚ ਰਮਨਦੀਪ ਸਿੰਘ ਨੇ ਖੁੱਦ ਨੂੰ ਪੰਜਾਬ ਪੁਲਿਸ ਅਧਿਕਾਰੀ ਲਿਖਿਆ ਹੋਇਆ ਸੀ। ਇਥੋਂ ਤੱਕ ਕਿ ਉਸਨੇ ਖੁੱਦ ਪੁਲਿਸ ਅਧਿਕਾਰੀ ਦੇ ਦਸਤਖਤ ਕੀਤੇ ਹੋਏ ਸਨ। ਉਪਰੰਤ ਜਦੋਂ ਉਸ ਕੋਲੋਂ ਆਈਡੀ ਕਾਰਡ ਮੰਗਿਆ ਗਿਆ ਤਾਂ ਉਸਦਾ ਭੇਤ ਖੁੱਲ ਗਿਆ ਅਤੇ ਫੜਿਆ ਗਿਆ।
