ਦੂਸ਼ਿਤ ਪਾਣੀ ਨਾਲ ਹੁੰਦੀਆਂ ਹਨ ਹੈਜ਼ਾ, ਡਿਸੇਂਟਰੀ, ਦਸਤ ਰੋਗ, ਹੈਪੇਟਾਈਟਸ ਏ ਤੇ ਈ ਇਨਫੈਕਸ਼ਨ ਤੇ ਟਾਇਫਾਇਡ ਵਰਗੀਆਂ ਬਿਮਾਰੀਆਂ – ਸਿਵਲ ਸਰਜਨ
ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਐਡਵਾਈਜਰੀ ਕੀਤੀ ਜਾਰੀ
ਰੂਪਨਗਰ/SANGHOL-TIMES/JAGMEET-SINGH/23ਜੁਲਾਈ, 2024 – ਦੁਨੀਆ ਵਿੱਚ ਹਰ ਸਾਲ ਲਗਭਗ 12 ਲੱਖ ਲੋਕ ਦੂਸ਼ਿਤ ਪਾਣੀ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਗੰਦੇ ਪਾਣੀ ਅਤੇ ਗੰਦੇ ਹੱਥਾਂ ਨਾਲ ਤਿਆਰ ਕੀਤੇ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ, ਡਿਸੇਂਟਰੀ, ਦਸਤ ਰੋਗ, ਹੈਪੇਟਾਈਟਸ ਏ ਤੇ ਈ ਇਨਫੈਕਸ਼ਨ, ਟਾਇਫਾਇਡ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਇਨ੍ਹਾਂ ਦਿਨਾਂ ਵਿੱਚ ਆਪਣੀ ਸਿਹਤ ਲਈ ਸਾਫ਼ ਸਫ਼ਾਈ ਰੱਖਣ ਦੀ ਬਹੁਤ ਜਿਆਦਾ ਲੋੜ ਹੁੰਦੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਿਵਲ ਸਰਜਨ ਰੂਪਨਗਰ ਡਾ. ਮਨੂੰ ਵਿੱਜ ਨੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਐਡਵਾਈਜਰੀ ਜਾਰੀ ਕਰਦਿਆਂ ਕੀਤਾ।
ਸਿਵਲ ਸਰਜਨ ਨੇ ਦੱਸਿਆ ਕਿ ਦੂਸ਼ਿਤ ਪਾਣੀ ਨਾਲ ਕੋਲਰਾ (ਹੈਜ਼ਾ) ਜਿਸਦੇ ਆਮ ਲੱਛਣ ਹਨ ਤੇਜ਼ ਬੁਖਾਰ, ਜ਼ਿਆਦਾ ਪਾਣੀ ਵਾਲਾ ਦਸਤ (ਚੌਲ ਦੇ ਪਾਣੀ ਵਰਗੇ ਪਖ਼ਾਨ), ਉਲਟੀ ਆਉਣਾ, ਬੈਚੇਨੀ ਹੋਣਾ, ਮਨ ਖਰਾਬ ਹੋਣਾ, ਪੇਟ ਦਰਦ ਹੋਣਾ, ਨਬਜ਼ ਦਾ ਤੇਜ਼ ਹੋਣਾ, ਸਰੀਰ ਵਿੱਚ ਪਾਣੀ ਦੀ ਕਮੀ ਹੋਣਾ (ਡਿਹਾਈਡ੍ਰੇਸ਼ਨ), ਮੂੰਹ ਅਤੇ ਚਮੜੀ ਦਾ ਸੁੱਕ ਜਾਣਾ, ਰਕਤ ਦਾ ਦਬਾਅ ਘੱਟ ਹੋ ਜਾਣਾ, ਮੂੰਹ ਤੋਂ ਠੰਡਾ ਪਸੀਨਾ ਆਉਣਾ, ਪੈਰਾਂ ਅਤੇ ਹੱਥਾਂ ਦਾ ਸੁਜਨਾ,ਬਹੁਤ ਜਾਦਾ ਥਕਾਵਟ ਹੋਣਾ ਆਦਿ ਹਨ। ਇਸੇ ਤਰ੍ਹਾਂ ਹੈਪੈਟਾਈਟਿਸ ਏ ਅਤੇ ਹੈਪੈਟਾਈਟਿਸ ਈ ਇਨਫੈਕਸ਼ਨ ਦੀ ਬਿਮਾਰੀ ਵੀ ਦੂਸ਼ਿਤ ਪਾਣੀ ਨਾਲ ਹੀ ਜਾਂਦੀ ਹੈ ਜਿਸ ਦੇ ਲੱਛਣ ਤੇਜ਼ ਬੁਖ਼ਾਰ, ਚਮੜੀ ਜਾਂ ਅੱਖਾਂ ਦਾ ਪੀਲਾ ਹੋਣਾ (ਪੀਲੀਆ), ਬੈਚੇਨੀ ਹੋਣਾ, ਮਨ ਖਰਾਬ ਹੋਣਾ, ਉਲਟੀ ਆਉਣਾ, ਥਕਾਵਟ ਹੋਣਾ, ਜੋੜਾਂ ਦਾ ਦਰਦ ਹੋਣਾ, ਭੁੱਖ ਦੀ ਕਮੀ ਹੋਣਾ, ਪੇਟ ਦਰਦ ਹੋਣਾ, ਮਿੱਟੀ ਦੇ ਰੰਗ ਦਾ ਮਲ ਅਤੇ ਗੂੜ੍ਹੇ ਰੰਗ ਦਾ ਪਿਸ਼ਾਬ ਹੋਣਾ ਅਤੇ ਜਿਆਦਾ ਪਿਆਸ ਲੱਗਣਾ ਹੈ। ਇਸੇ ਤਰ੍ਹਾਂ ਟਾਇਫਾਇਡ ਵੀ ਜਾਂਦਾ ਹੈ ਜਿਸ ਦੇ ਲਛੱਣ ਬੁਖਾਰ, ਬਹੁਤ ਥਕਾਵਟ ਹੋਣਾ, ਬੈਚੇਨੀ ਹੋਣਾ, ਮਨ ਖਰਾਬ ਹੋਣਾ, ਉਲਟੀ ਆਉਣਾ, ਪੇਟ ਦਰਦ ਹੋਣਾ, ਮਾਸਪੇਸ਼ੀਆਂ ਵਿਚ ਦਰਦ ਹੋਣਾ, ਭੁੱਖ ਨਾ ਲਗਣਾ, ਦਸਤ ਲਗਣਾ ਯਾਂ ਕਬਜ਼ ਹੋਣਾ ਅਤੇ ਛਾਤੀ ਯਾਂ ਪੇਟ ਤੇ ਲਾਲ ਰੰਗ ਦੇ ਦਾਣੇ ਹੋਣਾ ਹੈ। ਸ਼ਿਗੇਲਾ ਬਿਮਾਰੀ ਦੇ ਲੱਛਣ ਖੂਨ ਵਾਲੇ ਦਸਤ, ਦਸਤ ਵਿਚ ਰੇਸ਼ਾ ਆਉਣਾ, ਬੁਖਾਰ, ਥਕਾਵਟ ਹੋਣਾ, ਬੈਚੇਨੀ ਹੋਣਾ, ਮਨ ਖਰਾਬ ਹੋਣਾ, ਉਲਟੀ ਆਉਣਾ, ਪੇਟ ਦਰਦ ਹੋਣਾ, ਮਾਸਪੇਸ਼ੀਆਂ ਵਿਚ ਦਰਦ ਹੋਣਾ ਅਤੇ ਭੁੱਖ ਨਾ ਲਗਣਾ ਹਨ।
ਡਾ. ਮਨੂੰ ਵਿੱਜ ਨੇ ਕਿਹਾ ਕਿ ਇਹ ਲੱਛਣ ਤੇਜ਼ੀ ਨਾਲ ਵਧ ਸਕਦੇ ਹਨ, ਇਸ ਲਈ ਜਲਦੀ ਇਲਾਜ ਲੈਣਾ ਲਈ ਆਪਣੇ ਨਜ਼ਦੀਕੀ ਸਿਹਤ ਸੰਸਥਾ ਵਿਚ ਪਹੁੰਚਿਆ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਪਾਣੀ ਉਬਾਲ ਕੇ ਜਾਂ ਸ਼ੁੱਧ ਪਾਣੀ ਪੀਓ, ਸਿਰਫ਼ ਪਕਾਏ ਹੋਏ ਭੋਜਨ ਦਾ ਸੇਵਨ ਕਰੋ, ਬੱਚਿਆਂ ਲਈ ਭੋਜਨ ਅਤੇ ਦੁੱਧ ਸੁਰੱਖਿਅਤ ਢੰਗ ਨਾਲ ਤਿਆਰ ਕਰੋ, ਚੰਗੀ ਨਿੱਜੀ ਸਫਾਈ ਦਾ ਅਭਿਆਸ ਕਰੋ ਜਿਵੇਂ ਕਿ ਖਾਣਾ ਬਣਾਉਣ ਅਤੇ ਖਾਣ ਤੋਂ ਪਹਿਲਾਂ ਆਪਣੇ ਹੱਥ ਧੋਣੇ, ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਆਪਣੇ ਹੱਥ ਧੋਣੇ ਅਤੇ ਬਾਹਰ ਤੋਂ ਘਰ ਆ ਕੇ ਹੱਥ ਧੋਵੋ, ਆਪਣਾ ਆਲਾ-ਦੁਆਲਾ ਸਾਫ਼ ਸਫ਼ਾਈ ਰੱਖੋ, ਕੱਚਾ ਭੋਜਨ ਜਿਵੇਂ ਕਿ ਕੱਚੀਆਂ ਸਬਜ਼ੀਆਂ ਆਦਿ ਖਾਣ ਤੋਂ ਪਰਹੇਜ਼ ਕਰੋ, ਭੋਜਨ ਦੀ ਦਿੱਖ, ਗੰਧ ਅਤੇ ਸੁਆਦ ਤੋਂ ਸੁਚੇਤ ਰਹੋ, ਅਜਿਹੇ ਭੋਜਨ ਤੋਂ ਪਰਹੇਜ਼ ਕਰੋ ਜੋ 4 ਘੰਟਿਆਂ ਤੋਂ ਵੱਧ ਸਮੇਂ ਲਈ ਬਾਹਰ ਪਿਆ ਹੋਵੇ, ਤਾਜੇ ਭੋਜਨ ਦਾ ਸੇਵਨ ਕਰੋ, ਹੜ੍ਹ ਦੇ ਪਾਣੀ ਨਾਲ ਦੂਸ਼ਿਤ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ, ਮੱਖੀਆਂ, ਕਾਕਰੋਚ ਅਤੇ ਚੂਹਿਆਂ ਵਰਗੇ ਕੀੜਿਆਂ ਤੋਂ ਬਚਾਉਣ ਲਈ ਭੋਜਨ ਨੂੰ ਢੱਕ ਕੇ ਰੱਖੋ ਅਤੇ ਸਬਜੀਆਂ ਨੂੰ ਕੱਟਣ ਤੋਂ ਪਹਿਲਾ ਚੰਗੀ ਤਰ੍ਹਾਂ ਧੋ ਕੇ ਹੀ ਵਰਤਿਆ ਜਾਵੇ।
ਉਨ੍ਹਾਂ ਕਿਹਾ ਕਿ ਆਪ ਸਭ ਦੇ ਨਿੱਜੀ ਸਹਿਯੋਗ ਨਾਲ ਹੀ ਇਨ੍ਹਾਂ ਬਿਮਾਰੀਆ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
