ਕੀ ਟੁੱਟ ਜਾਵੇਗਾ ਚੰਨੀ ‘ਤੇ ਵੜਿੰਗ ਦਾ ਸੁਪਨਾ ? ਸੰਸਦ ਮੈਂਬਰਾਂ ਨੂੰ ਚੋਣ ਨਾ ਲੜਾਉਣ ਦੇ ਫੈਸਲੇ ਨੇ ਪੰਜਾਬ ‘ਚ ਕਾਂਗਰਸੀ ਆਗੂਆਂ ਦੀ ਬੇਚੈਨੀ ਵਧਾਈ
ਚੰਡੀਗੜ੍ਹ/SANGHOL-TIMES/30ਅਗਸਤ,2024(ਮਲਕੀਤ ਸਿੰਘ ਭਾਮੀਆਂ) – ਪੰਜਾਬ ਵਿੱਚ ਭਾਵੇਂ ਅਗਲੀਆਂ ਵਿਧਾਨ ਸਭਾ ਚੋਣਾਂ 2027 ਵਿੱਚ ਹੋਣੀਆਂ ਹਨ ਪਰ ਕਾਂਗਰਸ ਵਿੱਚ ਮੁੱਖ ਮੰਤਰੀ ਬਣਨ ਦੀ ਦੌੜ ਪਹਿਲਾਂ ਤੋਂ ਹੀ ਚੱਲ ਰਹੀ ਹੈ। ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਦੌੜ ਵਿੱਚ ਸ਼ਾਮਲ ਹਨ। ਸਿਆਸਤ ਵਿੱਚ ਭਾਵੇਂ ਕੋਈ ਵੀ ਫੈਸਲਾ ਸਥਾਈ ਨਹੀਂ ਹੁੰਦਾ ਪਰ ਜੇਕਰ ਹਰਿਆਣਾ ਵਿਧਾਨ ਸਭਾ ਬਾਰੇ ਕਾਂਗਰਸ ਵੱਲੋ ਲਿਆ ਗਿਆ ਫੈਸਲਾ ਮਿਸਾਲ ਬਣ ਜਾਵੇ ਤਾਂ ਪੰਜਾਬ ਦੇ ਤਿੰਨ ਸੰਸਦ ਮੈਂਬਰ ਮੁੱਖ ਮੰਤਰੀ ਦੇ ਅਹੁੱਦੇ ਦੀ ਦੌੜ ਵਿੱਚੋਂ ਬਾਹਰ ਹੋ ਸਕਦੇ ਹਨ। ਹਰਿਆਣਾ ਵਿੱਚ ਕਾਂਗਰਸ ਦੀ ਸਕਰੀਨਿੰਗ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਸੰਸਦ ਮੈਂਬਰ ਨੂੰ ਟਿਕਟ ਨਹੀਂ ਦੇਵੇਗੀ।
ਕਾਂਗਰਸ ‘ਚ ਮੁੱਖ ਮੰਤਰੀ ਅਹੁੱਦੇ ਦੀ ਦੌੜ ਸ਼ੁਰੂ ; ਪੰਜਾਬ ‘ਚ ਆਮ ਤੌਰ ਤੇ ਹੁਣ ਤੱਕ ਕਾਂਗਰਸ ਲੋਕ ਸਭਾ ਚੋਣਾਂ ਲੜਨ ਲਈ ਵਿਧਾਇਕਾਂ ਨੂੰ ਮੈਦਾਨ ‘ਚ ਉਤਾਰਦੀ ਰਹੀ ਹੈ। ਇਸੇ ਲੜੀ ਤਹਿਤ ਕਾਂਗਰਸ ਨੇ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੋਣ ਲੜਾ ਦਿੱਤਾ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦਾ ਮਨੋਬਲ ਟੁੱਟ ਗਿਆ ਸੀ, ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ 7 ਸੀਟਾਂ ਜਿੱਤਣ ਨਾਲ ਪਾਰਟੀ ਵਿੱਚ ਜੋਸ਼ ਭਰ ਆਇਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਅਹੁੱਦੇ ਦੀ ਦੌੜ ਸ਼ੁਰੂ ਗਈ ਸੀ। ਇਸ ਦੌੜ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਲਗਾਤਾਰ ਤਕਰਾਰ ਹੁੰਦੀ ਸੀ। ਸੂਬਾ ਪ੍ਰਧਾਨ ਹੋਣ ਦੇ ਨਾਤੇ, ਜਦੋਂ ਕਿ ਵੜਿੰਗ ਕੋਲ ਪੂਰੇ ਸੂਬੇ ਦੀ ਕਮਾਂਡ ਸੀ, ਪ੍ਰਤਾਪ ਸਿੰਘ ਬਾਜਵਾ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਨੂੰ ਘਰ ਵਾਪਸ ਲਿਆ ਕੇ ਅਪਣੀ ਤਾਕਤ ਵਧਾ ਰਹੇ ਸਨ ਜੋ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਕੀ ਇਹ ਫੈਸਲਾ ਪੰਜਾਬ ਵਿੱਚ ਵੀ ਲਾਗੂ ਹੋਵੇਗਾ ? ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਹਿਮਤੀ ਤੋਂ ਬਿਨਾਂ ਹੀ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੇ ਆਗੂਆਂ ਰਾਜ ਕੁਮਾਰ ਵੇਰਕਾ, ਬਲਵੀਰ ਸਿੱਧੂ, ਗੁਰਪ੍ਰੀਤ ਕਾਂਗੜ, ਅਮਰਜੀਤ ਸਿੰਘ ਜੀਪੀ ਆਦਿ ਨੂੰ ਦਿੱਲੀ ਵਿਖੇ ਪਾਰਟੀ ਦੇ ਜਰਨਲ ਸਕੱਤਰ ਕੇਸੀ ਵੈਣੂਗੋਪਾਲ ਦੀ ਹਾਜਰੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਕਿਹਾ। ਇਸੇ ਤਰ੍ਹਾਂ ਹਾਲ ਹੀ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਹੈ। ਅਰੋੜਾ ਦੀ ਜੁਆਇਨਿੰਗ ਵੀ ਦਿੱਲੀ ਵਿੱਚ ਹੋਈ। ਜਦਕਿ ਜਿਲ੍ਹਾ ਪ੍ਰਧਾਨ ਸੂਬਾ ਪ੍ਰਧਾਨ ‘ਤੇ ਦਬਾਅ ਪਾ ਰਹੇ ਸਨ ਕਿ ਪਾਰਟੀ ਛੱਡ ਚੂੱਕੇ ਆਗੂਆਂ ਨੂੰ ਵਾਪਸ ਨਾ ਲਿਆ ਜਾਵੇ। ਹਰਿਆਣਾ ਵਿੱਚ ਮੁੱਖ ਮੰਤਰੀ ਦੇ ਅਹੁੱਦੇ ਨੂੰ ਲੈਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਕਾਂਗਰਸ ਵੱਲੋ ਲਿਆ ਗਿਆ ਇਹ ਫੈਸਲਾ ਸੰਸਦ ਮੈਂਬਰਾਂ ਲਈ ਵੱਡਾ ਝਟਕਾ ਹੈ। ਕਿਉਂਕਿ ਜੇਕਰ ਇਹ ਫੈਸਲਾ ਪੰਜਾਬ ਵਿੱਚ ਲਾਗੂ ਹੁੰਦਾ ਹੈ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਦੀ ਦੌੜ ਤੋਂ ਬਾਹਰ ਹੋ ਸਕਦੇ ਹਨ।
