ਨਗਰ ਨਿਗਮ ਮੋਹਾਲੀ ਬਣਿਆ ਭਰਿਸ਼ਟਾਚਾਰ ਦਾ ਅੱਡਾ, ਸ਼ੋਚਾਲਿਆ ਕਰਮਚਾਰੀਆਂ ਨੂੰ ਵੀ ਨਹੀਂ ਬਖਸ਼ ਰਹੇ ਕੰਪਨੀ ਦੇ ਭ੍ਰਿਸ਼ਟ ਕਰਿੰਦੇ – ਕੁੰਭੜਾ
ਨਿਗਮ ਦੇ ਸੁਪਰਵੈਜਰਾਂ ਨੇ ਤਨਖਾਹ ਦੇਣ ਅਤੇ ਕੰਮ ਤੇ ਰੱਖਣ ਦੇ ਨਾਮ ਤੇ ਬਟੋਰੀ ਮੋਟੀ ਰਕਮ
ਇੱਕ ਹਫਤੇ ਵਿੱਚ ਸੁਣਵਾਈ ਨਾ ਹੋਈ ਤਾਂ ਕਰਾਂਗੇ 11 ਸਤੰਬਰ ਨੂੰ ਨਗਰ ਨਿਗਮ ਦੇ ਦਫਤਰ ਦਾ ਘਿਰਾਓ
ਝਾੜੂ ਵਾਲਿਆਂ ਦੀ ਸਰਕਾਰ ਵਿੱਚ ਸਾਡੀ ਝਾੜੂ ਵਾਲਿਆਂ ਦੀ ਨਹੀਂ ਹੋ ਰਹੀ ਸੁਣਵਾਈ – ਰਿਸ਼ੀਰਾਜ
ਮੋਹਾਲੀ/SANGHOL-TIMES/BUREAU/05 ਸਤੰਬਰ : ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਸੁਲਭ ਸੁਚਾਲਿਆ ਦੇ ਕਰਮਚਾਰੀਆਂ ਨੇ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ 10 ਸਾਲਾਂ ਤੋਂ ਵੱਧ ਸਮੇਂ ਤੋਂ ਵੱਖ-ਵੱਖ ਸ਼ੌਚਾਲਿਆਂ ਵਿੱਚ ਸਫਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰ ਰਹੇ ਸਾਂ। ਪਰ ਨਗਰ ਨਿਗਮ ਵੱਲੋਂ ਸਫਾਈ ਦਾ ਕੰਮ ਕਰ ਰਹੀ ਕੰਪਨੀ ਨੇ 200 ਕਰਮਚਾਰੀਆਂ ਨੂੰ ਬਿਨਾਂ ਕਿਸੇ ਨੋਟਿਸ ਦਿੱਤੇ ਕੰਮ ਤੋਂ ਇਕਦਮ ਵਿਹਲਾ ਕਰ ਦਿੱਤਾ। ਇਸ ਤੋਂ ਇਲਾਵਾ 5-5 ਮਹੀਨਿਆਂ ਦੀ ਤਨਖਾਹ ਵੀ ਨਹੀਂ ਦਿੱਤੀ ਗਈ ਤੇ ਇਹਨਾਂ ਕਰਮਚਾਰੀਆਂ ਤੇ ਉਸ ਵੇਲੇ ਹੋਰ ਅੱਤਿਆਚਾਰ ਹੋਇਆ ਜਦੋਂ ਕੰਪਨੀ ਦੇ ਕਰਿੰਦਿਆਂ ਨੇ ਕੰਮ ਤੇ ਰੱਖਣ ਦੇ ਨਾਂ ਤੇ ਇਹਨਾਂ ਤੋਂ ਮੋਟੀ ਰਿਸ਼ਵਤ ਲਈ। ਪਰ ਫਿਰ ਵੀ ਕੰਮ ਤੇ ਨਹੀਂ ਰੱਖਿਆ। ਦੁਖੀ ਹੋਏ ਸ਼ੌਚਾਲਿਆਂ ਕਰਮਚਾਰੀਆਂ ਨੇ ਰਿਸ਼ਵਤ ਲੈਣ ਵਾਲਿਆਂ ਦੇ ਵਿਰੁੱਧ ਹਲਫੀਆ ਬਿਆਨ ਵੀ ਦਿੱਤੇ ਹਨ ਤੇ ਇਨਾਂ ਵੱਲੋਂ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ, ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ, ਡਿਪਟੀ ਕਮਿਸ਼ਨਰ ਮੋਹਾਲੀ ਤੇ ਐਸ.ਐਸ.ਪੀ. ਮੋਹਾਲੀ ਨੂੰ ਲਿਖਤੀ ਦਰਖ਼ਾਸਤਾਂ ਦਿੱਤੀਆਂ ਹਨ। ਕਰਮਚਾਰੀਆਂ ਦੇ ਆਗੂ ਰਿਸ਼ੀਰਾਜ ਮਹਾਰ ਨੇ ਕਿਹਾ ਕਿ ਉਪਰੋਕਤ ਮੰਗਾਂ ਨੂੰ ਦੇਖਦੇ ਹੋਏ ਜਲਦ ਕਾਰਵਾਈ ਕੀਤੀ ਜਾਵੇ ਤੇ ਸਾਡੀ 5 ਮਹੀਨਿਆਂ ਦੀ ਤਨਖਾਹ ਦਿੱਤੀ ਜਾਵੇ, ਦਿੱਤੇ ਹੋਏ ਪੈਸੇ ਵਾਪਿਸ ਦਿਵਾਏ ਜਾਣ ਅਤੇ ਸਾਨੂੰ ਕੰਮ ਤੇ ਦੁਬਾਰਾ ਰੱਖਿਆ ਜਾਵੇ।
ਇਸ ਸਮੇਂ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਝਾੜੂ ਵਾਲਿਆਂ ਦੀ ਸਰਕਾਰ ਵਿੱਚ ਝਾੜੂ ਵਾਲਿਆਂ ਦਾ ਜੀਣਾ ਹਰਾਮ ਹੋਇਆ ਪਿਆ ਹੈ। ਸਰਕਾਰ ਦੇ ਨੌਕਰੀ ਦੇਣ ਦੇ ਵੱਡੇ ਵੱਡੇ ਦਾਅਵੇ ਸਭ ਝੂਠ ਦਾ ਪੁਲੰਦਾ ਹਨ। ਸ਼ੌਚਾਲਿਆਂ ਸਫਾਈ ਕਰਮਚਾਰੀਆਂ ਤੋਂ ਕੰਪਨੀ ਦੇ ਕਰਿੰਦੇ ਜੋ ਰਿਸ਼ਵਤ ਲੈ ਗਏ ਹਨ, ਉਹ ਵਾਪਸ ਕੀਤੀ ਜਾਵੇ, ਉਹਨਾਂ ਭਰਿਸ਼ਟ ਕਰਿੰਦਿਆਂ ਨੂੰ ਨੌਕਰੀ ਤੋਂ ਕੱਢਿਆ ਜਾਵੇ ਅਤੇ ਭਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਵੇ। ਕੁੰਭੜਾ ਨੇ ਕਿਹਾ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਨਗਰ ਨਿਗਮ ਮੋਹਾਲੀ ਕਾਰਵਾਈ ਨਹੀਂ ਕਰਦਾ ਤਾਂ 11 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਭਾਰੀ ਗਿਣਤੀ ਵਿੱਚ ਸ਼ੌਚਾਲਿਆਂ ਕਰਮਚਾਰੀ ਨਗਰ ਨਿਗਮ ਮੋਹਾਲੀ ਦੇ ਦਫਤਰ ਦਾ ਘਿਰਾਓ ਕਰਨਗੇ। ਕੁੰਭੜਾ ਨੇ ਕਿਹਾ ਕਿ ਆਏ ਦਿਨ ਨਗਰ ਨਿਗਮ ਮੋਹਾਲੀ ਮੋਹਾਲੀ ਭਰਿਸ਼ਟਾਚਾਰ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦਾ ਹੈ. ਜਿਵੇਂ ਕਿ ਬਹੁਮੰਜਲੀ ਇਮਾਰਤਾਂ ਬਣਾਉਣ ਵਾਲਿਆਂ ਤੋਂ ਰਿਸ਼ਵਤ ਲੈ ਕੇ ਗੈਰ ਕਾਨੂੰਨੀ ਇਮਾਰਤਾਂ ਬਣ ਰਹੀਆਂ ਹਨ,ਅਵਾਰਾ ਪਸ਼ੂਆਂ ਨੂੰ ਲੈ ਕੇ ਵੱਡਾ ਭਰਿਸ਼ਟਾਚਾਰ ਹੋ ਰਿਹਾ ਹੈ, ਰੇੜੀਫੜੀ ਨੂੰ ਲੈ ਕੇ ਵੱਡਾ ਭਰਿਸ਼ਟਾਚਾਰ ਫੈਲਿਆ ਹੋਇਆ ਹੈ।ਇਸ ਤੋਂ ਇਲਾਵਾ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫਰਜ਼ੀ ਨੌਕਰੀਆਂ ਤੇ ਹਾਜ਼ਰੀ ਦਿਖਾ ਕੇ ਮੋਟਾ ਘਪਲਾ ਕੀਤਾ ਜਾ ਰਿਹਾ ਹੈ।
ਇਸ ਸਮੇਂ ਡਾ. ਜਗਜੀਵਨ ਸਿੰਘ, ਦੌਲਤ ਰਾਮ ਪ੍ਰਧਾਨ, ਜੈਦੀਪ, ਵੀਰਪਾਲ, ਵੀਨਾ ਰੀਨਾ, ਗੁੱਡੀ, ਰਣਜੀਤ ਕੌਰ, ਪੂਜਾ, ਮੁੰਨੇ ਸਿੰਘ ਆਦਿ ਹਾਜ਼ਰ ਹੋਏ।
