ਥਾਣਾ ਏਅਰਪੋਰਟ ਵੱਲੋਂ ਧੋਖੇ ਨਾਲ ਯਾਤਰੀਆਂ ਤੋਂ ਡਾਲਰ ਲੈ ਕੇ ਭੱਜਣ ਵਾਲੇ 2 ਕਾਬੂ
10,000-/ਅਮਰੀਕਨ ਡਾਲਰ, 855/-ਆਸਟ੍ਰੇਲੀਅਨ ਡਾਲਰ, 550 ਕਨੇਡੀਅਨ ਡਾਲਰ, 200-/ਯੂਰੋ ਅਤੇ 6200/-ਰੁਪਏ ਸਮੇਤ ਗੱਡੀ ਬਰਾਮਦ
ਅੰਮ੍ਰਿਤਸਰ/SANGHOL-TIMES/(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)12 SEP., 2024 – ਰਣਜੀਤ ਸਿੰਘ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਅਭਿਮੰਨਉ ਰਾਣਾ ਏ.ਡੀ.ਸੀ.ਪੀ. ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਨਿੰਦਰ ਪਾਲ ਸਿੰਘ ਏ.ਸੀ.ਪੀ ਨੋਰਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਸਿਮਰਪ੍ਰੀਤ ਕੌਰ ਮੁੱਖ ਅਫ਼ਸਰ ਥਾਣਾ ਏਅਰਪੋਰਟ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਸਮੇਤ ਏ.ਐਸ.ਆਈ ਰਾਮ ਸਿੰਘ ਸਮੇਤ ਸਾਥੀ ਕ੍ਰਮਚਾਰੀਆ ਵੱਲੋਂ ਮੁਕੱਦਮੇ ਨੂੰ ਟਰੇਸ ਕਰਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ 10,000-/ ਅਮਰੀਕਨ ਡਾਲਰ, 855/- ਆਸਟ੍ਰੇਲੀਅਨ ਡਾਲਰ, 550 ਕਨੇਡੀਅਨ ਡਾਲਰ, 200-/ਯੂਰੋ ਅਤੇ 6200/-ਰੁਪਏ ਅਤੇ ਵਾਰਦਾਤ ਸਮੇਂ ਵਰਤੀ ਗੱਡੀ ਮਾਰਕਾ ਕੀਆ ਸੈਲਟੋਸ ਬ੍ਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਜਸਪ੍ਰੀਤ ਸਿੰਘ ਪੁੱਤਰ ਸਾਥ ਸਿੰਘ ਵਾਸੀ ਜਿਲ੍ਹਾ ਅੰਬਾਲਾ (ਹਰਿਆਣਾ) ਦੇ ਬਿਆਨ ਪਰ ਦਰਜ ਕੀਤਾ ਗਿਆ ਸੀ ਕਿ ਮਿਤੀ 5.9.2024 ਨੂੰ ਉਹ, ਤੇ ਉਸਦੇ ਸਾਥੀ ਹਰਦੀਪ ਸਿੰਘ ਵਾਸੀ ਗੜ੍ਹਸ਼ੰਕਰ ਨੂੰ ਇੱਕ ਏਜੰਟ ਗੋਪਾਲ ਸ਼ਰਮਾਂ ਵਾਸੀ ਗੜਸੰਕਰ, ਅੰਮ੍ਰਿਤਸਰ ਲੈ ਕੇ ਆਇਆ ਸੀ। ਜਿਸਨੇ ਉਸਨੂੰ ਤੇ ਉਸਦੇ ਸਾਥੀ ਹਰਦੀਪ ਸਿੰਘ ਨੂੰ ਕੈਨੇਡਾ ਭੇਜਣਾ ਸੀ। ਜਿੱਥੇ ਏਜੰਟ ਗੋਪਾਲ ਸ਼ਰਮਾਂ ਨੇ ਇਹਨਾਂ ਦੋਨਾਂ ਦਾ ਮਿਲਾਪ ਧਰਮਿੰਦਰ ਸਿੰਘ ਵਾਸੀ ਰਾਮਦੀਵਾਲੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਰੋਸ਼ਨ ਸਿੰਘ ਵਾਸੀ ਪਿੰਡ ਧਾਰੀਵਾਲ ਸੋਹੀਆ, ਜਿਲ੍ਹਾ ਗੁਰਦਾਸਪੁਰ ਨਾਲ ਮਿਲਾਇਆ ਸੀ ਤੇ ਫਿਰ ਫਲਾਇਟ ਲੈਣ ਲਈ ਸਵੇਰੇ 3:30 ਵਜੇ ਏਕਮ ਢਾਂਬਾ ਨੇੜੇ ਏਅਰਪੋਰਟ, ਅੰਮ੍ਰਿਤਸਰ ਵਿੱਖੇ ਪੁੱਜ਼ੇ, ਜਿਥੇ ਧਰਮਿੰਦਰ ਸਿੰਘ ਤੇ ਰੋਸ਼ਨ ਸਿੰਘ, ਇਹਨਾਂ ਦਾ ਇੰਤਜ਼ਾਰ ਕਰ ਰਹੇ ਸਨ। ਜਿੰਨ੍ਹਾਂ ਨੇ ਏਜੰਟ ਗੋਪਾਲ ਸ਼ਰਮਾ, ਜਸਪ੍ਰੀਤ ਸਿੰਘ ਅਤੇ ਇਸ ਦੇ ਸਾਥੀ ਹਰਦੀਪ ਸਿੰਘ ਨੂੰ ਚਾਹ ਪਿਲਾਈ ਤੇ ਫ਼ਿਰ ਜਸਪ੍ਰੀਤ ਸਿੰਘ ਤੇ ਇਸਦੇ ਸਾਥੀ ਹਰਦੀਪ ਸਿੰਘ ਦੇ ਡਾਲਰ, ਜਸਪ੍ਰੀਤ ਸਿੰਘ ਦੇ ਬੈਗ ਵਿੱਚ ਇਕੱਠੇ ਕਰਵਾਕੇ ਏਅਰਪੋਰਟ ਤੇ ਪੁੱਜ ਕੇ ਜਸਪ੍ਰੀਤ ਸਿੰਘ ਤੇ ਉਸ ਦੇ ਸਾਥੀ ਨੂੰ ਥੱਲੇ ਉਤਾਰ ਕੇ ਉਹਨਾਂ ਨੂੰ ਵੀ.ਆਈ.ਪੀ ਗੇਟ ਪਰ ਸਮਾਨ ਲੈ ਕੇ ਪਹੁੰਚਣ ਦਾ ਕਹਿ ਕੇ ਚਕਮਾ ਦੇ ਕੇ ਉਹਨਾਂ ਦੇ ਡਾਲਰ ਆਦਿ ਧੋਖੇ ਨਾਲ ਲੈ ਕੇ ਫ਼ਰਾਰ ਹੋ ਗਏ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਦੋਸ਼ੀ ਧਰਮਿੰਦਰ ਸਿੰਘ ਅਤੇ ਰੇਸ਼ਮ ਸਿੰਘ ਨੂੰ ਮਿਤੀ 10.9.2024 ਨੂੰ ਅਜਨਾਲਾ ਰੋਡ ਪਿੰਡ ਹੇਰ ਦੇ ਖੇਤਰ ਤੋਂ ਕਾਬੂ ਕਰਕੇ ਇਹਨਾਂ ਪਾਸੋਂ 10,000-/ ਅਮਰੀਕਨ ਡਾਲਰ, 855/- ਆਸਟ੍ਰੇਲੀਅਨ ਡਾਲਰ, 550 ਕਨੇਡੀਅਨ ਡਾਲਰ, 200-/ਯੂਰੋ ਅਤੇ 6200/-ਰੁਪਏ ਬ੍ਰਾਮਦ ਕੀਤੇ ਗਏ ਅਤੇ ਵਾਰਦਾਤ ਸਮੇਂ ਵਰਤੀ ਗੱਡੀ ਮਾਰਕਾ ਕੀਆ ਸੈਲਟੋਸ DL BC BF 9504 ਵੀ ਬ੍ਰਾਮਦ ਕੀਤੀ ਗਈ। ਇਹਨਾਂ ਖਿਲਾਫ਼ ਮੁਕੱਦਮਾਂ ਨੰਬਰ 33 ਮਿਤੀ 10-09-2024 ਜੁਰਮ 318(4), 336(2), 336(3), 340(2), 61(2) BNS ਥਾਣਾ ਏਅਰ ਪੋਰਟ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ।