ਸਿਵਲ ਸਰਜਨ ਦਫ਼ਤਰ ‘ਚ ਮਹਿਲਾਂ ਕਰਮਚਾਰੀ ਨੂੰ ਸੱਪ ਨੇ ਡੰਗਿਆ
ਦਫ਼ਤਰ ‘ਚ ਸਰਕਾਰੀ ਗੱਡੀ ਦੀ ਸਹੂਲਤ ਨਾ ਹੋਣ ਤੇ ਪ੍ਰਾਈਵੇਟ ਗੱਡੀ ‘ਚ ਪੁਹੰਚਾਇਆ ਹਸਪਤਾਲ
ਅੰਮ੍ਰਿਤਸਰ/SANGHOL-TIMES/10 ਅਕਤੂਬਰ, 2024(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) ਵੀਰਵਾਰ ਦੁਪਹਿਰ ਡੇਢ-ਦੋ ਵਜੇ ਦੇ ਦਰਮਿਆਨ ਸਿਹਤ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਗੁਰਪ੍ਰੀਤ ਕੌਰ ਨਾਂਮ ਦੀ ਮਹਿਲਾਂ ਕਰਮਚਾਰੀ ਜੋ ਕਿ ਐਨ.ਐਚ.ਐਮ ਅਧੀਨ ਸਰਵਿਸ ਕਰਦੀ ਹੈ, ਉਸ ਨੂੰ ਡਿਊਟੀ ਦੌਰਾਨ ਸੱਪ ਨੇ ਡੰਗ ਲਿਆ। ਅਜੇ ਪਰਸੋਂ ਹੀ ਅੱਠ ਅਕਤੂਬਰ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਸਿਹਤ ਵਿਭਾਗ ਦੇ ਇਸ ਜ਼ਿਲ੍ਹਾ ਪੱਧਰ ਦੇ ਦਫ਼ਤਰ ਵਿੱਚ ਕੋਈ ਸੀ.ਸੀ.ਟੀ.ਵੀ ਕੈਮਰਾ ਨਹੀਂ ਲੱਗਿਆ ਹੋਇਆ ਹੈ। ਜਦਕਿ ਇਸ ਦਫ਼ਤਰ ਦੀ ਚਾਰਦੀਵਾਰੀ ਦੇ ਅੰਦਰ-ਅੰਦਰ ਹੀ ਲੱਗਭਗ 7-8 ਬਹੁਤ ਮਹੱਤਵਪੂਰਨ ਪੁਆਇੰਟ ਹਨ। ਜਿਥੇ ਕਿ ਸੀ.ਸੀ.ਟੀ.ਵੀ ਕੈਮਰੇ ਲੱਗਣੇ ਬਹੁਤ ਹੀ ਜ਼ਰੂਰੀ ਹਨ। ਇਸ ਬਾਰੇ ਪੱਤਰਕਾਰਾਂ ਵੱਲੋਂ ਸਿਵਲ ਸਰਜਨ ਅੰਮ੍ਰਿਤਸਰ ਡਾ. ਕਿਰਨਦੀਪ ਕੌਰ ਨਾਲ ਮੋਬਾਇਲ ਫ਼ੋਨ ਤੇ ਗੱਲਬਾਤ ਵੀ ਕੀਤੀ ਸੀ, ਦੁਪਹਿਰ ਵੇਲੇ ਜਦ ਮਹਿਲਾਂ ਕਰਮਚਾਰੀ ਨੂੰ ਸੱਪ ਨੇ ਡੰਗ ਲਿਆ ਸੀ ਤਾਂ ਇਸ ਦਫ਼ਤਰ ਦੇ ਪਾਸ ਸਰਕਾਰੀ ਐਂਬੂਲੈਂਸ ਜਾਂ ਸਰਕਾਰੀ ਗੱਡੀ ਤੱਕ ਨਹੀਂ ਸੀ। ਫ਼ਿਰ ਇਸ ਮਹਿਲਾਂ ਕਰਮਚਾਰੀ ਨੂੰ ਪ੍ਰਾਈਵੇਟ ਗੱਡੀ ਵਿੱਚ ਪਾ ਕੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਐਮਰਜੈਂਸੀ ਵਿੱਚ ਲਿਆਂਦਾ ਗਿਆ। ਜਿੱਥੇ ਕਿ ਉਨ੍ਹਾਂ ਦਾ ਇਲਾਜ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਕੌਰ ਸੰਧੂ ਵੱਲੋਂ ਕੀਤਾ ਗਿਆ। ਸਮੇਂ ਸਿਰ ਐਂਟੀਡੋਜ ਮਿਲਣ ਕਾਰਨ ਮਹਿਲਾਂ ਕਰਮਚਾਰੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਇਹ ਮਹਿਲਾਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਆਈ.ਸੀ.ਯੂ ਵਿੱਚ ਦਾਖ਼ਿਲ ਸੀ।
ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਸਫ਼ਾਈ ਦਾ ਬਹੁਤ ਹੀ ਬੁਰਾ ਹਾਲ ਹੈ। ਇਥੋਂ ਤੱਕ ਕਿ ਇਸ ਦਫ਼ਤਰ ਵਿਖੇ ਜੋ ਬਾਥਰੂਮ ਸਰਕਾਰੀ ਕਰਮਚਾਰੀਆਂ/ ਮਹਿਲਾਂ ਕਰਮਚਾਰੀਆ ਲਈ ਬਣੇ ਹੋਏ ਹਨ, ਉਨ੍ਹਾਂ ਦੇ ਕੋਲੋਂ ਲੰਘਿਆ ਨਹੀਂ ਜਾ ਸਕਦਾ ਹੈ। ਸਿਹਤ ਵਿਭਾਗ ਦੇ ਇਸ ਜ਼ਿਲ੍ਹਾ ਪੱਧਰ ਦੇ ਦਫ਼ਤਰ ਵਿੱਚ ਸਫ਼ਾਈ ਅਤੇ ਪੀਣ ਦੇ ਪਾਣੀ ਨੂੰ ਲੈ ਕੇ ਅਤੇ ਸੁਰੱਖਿਆਂ ਵਾਸਤੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਲੈ ਕੇ ਇਹ ਦਫ਼ਤਰ ਸਰਕਾਰ ਦੀ ਪੋਲ ਖੋਲ੍ਹ ਰਿਹਾ ਹੈ। ਇਸ ਬਾਰੇ ਪੱਤਰਕਾਰ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਫ਼ੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਮੰਤਰੀ ਸਾਹਿਬ ਪਟਿਆਲਾ ਵਿਖੇ ਹੋ ਰਹੇ ਸਮਾਗਮ ਵਿੱਚ ਮਸ਼ਰੂਫ ਸਨ।
