ਬਾਬਾ ਵਿਸ਼ਵਕਰਮਾ ਨੇ ਦੁਨੀਆਂ ਨੂੰ ਹੱਥੀਂ ਕਿਰਤ ਦਾ ਸੁਨੇਹਾ ਦਿੱਤਾ- ਧਾਲੀਵਾਲ
ਅਜਨਾਲਾ ਵਿੱਚ ਵਿਸ਼ਕਰਮਾ ਦਿਵਸ ਮੌਕੇ ਸਮਾਗਮ
ਅਜਨਾਲਾ/SANGHOL-TIMES/ਰਣਜੀਤ ਸਿੰਘ ਮਸੌਣ/02 ਨਵੰਬਰ, 2024 –
ਅਜਨਾਲਾ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਸਬੰਧੀ ਕਰਵਾਏ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕਰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ ਅਤੇ ਸਾਡੇ ਸਭਨਾਂ ਲਈ ਇਹ ਮਾਣ ਵਾਲੀ ਗੱਲ ਹੈ ਅੱਜ ਅਸੀਂ ਉਸ ਮਹਾਨ ਸਖਸ਼ੀਅਤ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਇਕੱਤਰ ਹੋਏ ਹਾਂ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੌਤ ਹਨ ਅਤੇ ਉਨ੍ਹਾਂ ਵੱਲੋਂ ਵਿਖਾਏ ਰਾਹ ਤੇ ਚੱਲਦੇ ਹੋਏ ਸਮਾਜ ਵਿੱਚੋਂ ਕਈ ਤਰ੍ਹਾਂ ਦੀਆਂ ਲਾਹਣਤਾਂ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਸਮਾਜ ਅੰਦਰ ਫੈਲ ਰਹੇ ਨਸ਼ਿਆਂ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ ਅਤੇ ਗੁਰੂ ਸਾਹਿਬਾਨ ਵੱਲੋਂ ਵਿਖਾਏ ਮਾਰਗ ਤੇ ਚੱਲ ਕੇ ਹੀ ਨਸ਼ਿਆਂ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਗੁਰੂ ਤੇ ਗੁਰਬਾਣੀ ਦੇ ਲੜ ਲੱਗਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਕਿਉਂਕਿ ਇਹੋ ਇੱਕ ਅਜਿਹਾ ਸੱਚਾ ਰਾਹ ਹੈ ਜਿਸ ਨਾਲ ਸਾਡੇ ਬੱਚੇ ਸਮਾਜਿਕ ਲਾਹਣਤਾਂ ਤੋਂ ਬੱਚਦੇ ਹੋਏ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।
ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਅਜਿਹੇ ਸਮਾਗਮ ਕਰਵਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਨੌਜ਼ਵਾਨ ਪੀੜ੍ਹੀ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜ ਕੇ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਓ.ਐਸ.ਡੀ ਗੁਰਜੰਟ ਸਿੰਘ ਸੋਹੀ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਅਮਿਤ ਔਲ, ਪ੍ਰਧਾਨ ਠੇਕੇਦਾਰ ਵਰਿਆਮ ਸਿੰਘ ਨੰਗਲ, ਬਲਜਿੰਦਰ ਸਿੰਘ ਮਾਹਲ, ਸ਼ਿਵਦੀਪ ਸਿੰਘ ਚਾਹਲ, ਕਾਬਲ ਸਿੰਘ ਸ਼ਾਹਪੁਰ, ਸੁੱਖਵਿੰਦਰ ਸਿੰਘ ਨਾਗੀ, ਕਰਤਾਰ ਸਿੰਘ, ਤਰਸੇਮ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਅਤੇ ਹੋਰ ਵਿਅਕਤੀ ਹਾਜ਼ਰ ਸਨ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਿਸਤਰੀ ਕਰਤਾਰ ਸਿੰਘ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ।