ਫਾਰਮਾਸਿਊਟੀਕਲ ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਪੰਜਾਬ- ਕਟਾਰੀਆ
ਫਾਰਮਾਸਿਊਟੀਕਲ ਹੈਲਥ ਐਂਡ ਵੈਲਨੈਸ ਕਨਕਲੇਵ ਦੇ ਸਮਾਪਨ ਵਿੱਚ ਪਹੁੰਚੇ ਰਾਜਪਾਲ
ਬਠਿੰਡਾ ਵਿੱਚ ਬਲਕ ਡਰੱਗ ਫਾਰਮਾ ਪਾਰਕ ਨਾਲ ਵਧੇਗਾ ਸੂਬੇ ਦਾ ਫਾਰਮਾ ਕਾਰੋਬਾਰ

ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/ਜੋਗਾ ਸਿੰਘ/07Dec.,2024 –
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਪੰਜਾਬ ਫਾਰਮਾਸਿਊਟੀਕਲ ਦੇ ਖੇਤਰ ਵਿੱਚ ਤੇਜ਼ੀ ਨਾਲ ਉੱਭਰ ਰਿਹਾ ਸੂਬਾ ਹੈ। ਇੱਥੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਬਠਿੰਡਾ ਵਿੱਚ 1500 ਕਰੋੜ ਰੁਪਏ ਦੀ ਲਾਗਤ ਨਾਲ 1300 ਏਕੜ ਵਿੱਚ ਬਲਕ ਡਰੱਗ ਫਾਰਮਾ ਪਾਰਕ ਬਣਾਇਆ ਜਾ ਰਿਹਾ ਹੈ। ਇਸ ਦੇ ਬਣਨ ਤੋਂ ਬਾਅਦ ਪੰਜਾਬ ਫਾਰਮਾਸਿਊਟੀਕਲ ਸੈਕਟਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇਗਾ।
ਗੁਲਾਬ ਚੰਦ ਕਟਾਰੀਆ ਸ਼ਨੀਵਾਰ ਨੂੰ ਅੰਮ੍ਰਿਤਸਰ ਵਿਖੇ ਚੱਲ ਰਹੇ 18ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਦੌਰਾਨ ਆਯੋਜਿਤ ਪੰਜਾਬ ਫਾਰਮਾਸਿਊਟੀਕਲ ਹੈਲਥ ਐਂਡ ਵੈਲਨੈੱਸ ਕਨਕਲੇਵ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਕਨਕਲੇਵ ਦੇ ਆਯੋਜਨ ਲਈ ਪੀਐਚਡੀ ਚੈਂਬਰ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਟਾਰੀਆ ਨੇ ਕਿਹਾ ਕਿ ਅਜਿਹੇ ਸਮਾਗਮ ਵਿੱਚ ਜੇਕਰ ਸਿਹਤ ਅਤੇ ਤੰਦਰੁਸਤੀ ਦੇ ਖੇਤਰ ਨਾਲ ਜੁੜੇ ਡਾਕਟਰਾਂ, ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਇਸ ਦਾ ਵਿਸਥਾਰ ਹੋਵੇਗਾ।
ਰਾਜਪਾਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਹੈਲਥ ਟੂਰਿਜ਼ਮ ਵਿੱਚ ਵਾਧਾ ਹੋਇਆ ਹੈ। ਵਿਦੇਸ਼ਾਂ ਤੋਂ ਲੋਕ ਇਲਾਜ ਲਈ ਪੰਜਾਬ ਵਿੱਚ ਆ ਰਹੇ ਹਨ। ਸਾਲ 2020-21 ਵਿੱਚ ਪੰਜਾਬ ਫਾਰਮਾਸਿਊਟੀਕਲ ਬਜ਼ਟ ਨੇ 12 ਹਜ਼ਾਰ 750 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।
ਰਾਜਪਾਲ ਨੇ ਕਿਹਾ ਕਿ ਕੋਰੋਨਾ ਦੇ ਦੌਰ ਦੌਰਾਨ ਪੂਰੇ ਦੇਸ਼ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਸੀ। ਕੋਰੋਨਾ ਦੇ ਸਮੇਂ ਦੌਰਾਨ, ਭਾਰਤ ਫਾਰਮਾਸਿਊਟੀਕਲ ਦੇ ਖੇਤਰ ਵਿੱਚ ਨਵੀਂ ਖ਼ੋਜ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਸੀ ਅਤੇ ਭਾਰਤੀ ਵਿਗਿਆਨੀਆਂ ਨੇ ਆਪਣੀ ਵੈਕਸੀਨ ਤਿਆਰ ਕੀਤੀ ਸੀ।
ਕੋਰੋਨਾ ਦੌਰਾਨ ਹਰ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਸੀ, ਉੱਥੇ ਹੀ ਦੇਸ਼ ਨੂੰ ਬੀਮਾਰੀ ਨਾਲ ਲੜਨ ਦੀ ਨਵੀਂ ਦਿਸ਼ਾ ਮਿਲੀ। ਸੰਕਟ ਦੌਰਾਨ, ਭਾਰਤੀ ਵਿਗਿਆਨੀਆਂ ਨੇ ਇੱਕ ਨਵੀਂ ਵੈਕਸੀਨ ਦੀ ਖ਼ੋਜ ਕੀਤੀ ਅਤੇ ਭਾਰਤ ਦੇ ਕਰੋੜਾਂ ਲੋਕਾਂ ਨੂੰ ਇਸਦਾ ਲਾਭ ਮਿਲਿਆ। ਰਾਜਪਾਲ ਨੇ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਕੈਂਸਰ ਇੱਕ ਵੱਡੀ ਚੁਣੌਤੀ ਬਣ ਕੇ ਉੱਭਰ ਰਿਹਾ ਹੈ। ਇਸ ਦਾ ਇਲਾਜ਼ ਸਸਤਾ ਅਤੇ ਸਰਲ ਹੋਣਾ ਚਾਹੀਦਾ ਹੈ ਤਾਂ ਜੋ ਇਹ ਆਮ ਲੋਕਾਂ ਤੱਕ ਪਹੁੰਚ ਸਕੇ।
ਇਸ ਮੌਕੇ ਬੋਲਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਰੋਗ ਮੁਕਤ ਅਤੇ ਨਿਰੋਗੀ ਦਾ ਸੰਗਮ ਹੀ ਹੈਲਥ ਐਂਡ ਵੈਲਨੈੱਸ ਹੈ। ਉਨ੍ਹਾਂ ਕਿਹਾ ਕਿ ਪਿਛਲੇਂ ਦਸ ਸਾਲਾਂ ਦੌਰਾਨ ਭਾਰਤ ਸਰਕਾਰ ਦਾ ਸਾਰਾ ਧਿਆਨ ਵੈਲਨੈੱਸ ਵੱਲ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇਸ਼ ਵਿੱਚ ਇੱਕ ਲੱਖ 50 ਹਜ਼ਾਰ ਅਰੋਗਿਆ ਮੰਦਿਰ ਯਾਨੀ ਵੈਲਨੈੱਸ ਕੇਂਦਰ ਚਲਾਏ ਜਾ ਰਹੇ ਹਨ।
ਪੂਨਾਵਾਲਾ ਨੇ ਕਿਹਾ ਕਿ ਸਾਲ 2012 ਤੋਂ ਪਹਿਲਾਂ ਦੇਸ਼ ਵਿੱਚ ਸਿਰਫ਼ ਸੱਤ ਏਮਜ਼ ਸਨ, ਜਦੋਂ ਕਿ ਅੱਜ ਇਨ੍ਹਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਲ 2012 ਵਿੱਚ ਦੇਸ਼ ਵਿੱਚ ਹੈਲਥ ਸਟਾਰਟਅੱਪ ਦੀ ਗਿਣਤੀ ਸਿਰਫ਼ 350 ਸੀ, ਅੱਜ ਇਨ੍ਹਾਂ ਦੀ ਗਿਣਤੀ 11 ਹਜ਼ਾਰ 620 ਹੋ ਗਈ ਹੈ। ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਸੰਮੇਲਨਾਂ ਦਾ ਦਾਇਰਾ ਵਧਾ ਕੇ ਹੋਰ ਵੀ ਵਧਾਇਆ ਜਾਵੇਗਾ। ਪ੍ਰੋਗਰਾਮ ਦੌਰਾਨ ਪੀਐਚਡੀ ਚੈਂਬਰ ਆਫ ਕਾਮਰਸ ਦੇ ਉਪ ਸਕੱਤਰ ਨਵੀਨ ਸੇਠ, ਖੇਤਰੀ ਡਾਇਰੈਕਟਰ ਭਾਰਤੀ ਸੂਦ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।
