ਕਾਬੁਲ ਦੇ ਗੁਰਦੁਆਰੇ’ਤੇ ਹਮਲਾ-ਸਾਰੀਆਂ ਹੁਕਮਰਾਨ ਤਾਕਤਾਂ ਸਿੱਖਾਂ ਉੱਪਰ ਤਸ਼ੱਦਦ ਕਰਕੇ ਹੀ ਆਪਣੀ – ਆਪਣੀ ਰਾਜਨੀਤੀ ਨੂੰ ਅੱਗੇ ਤੋਰਦੀਆਂ ਹਨ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ‘ਕਰਤੇ ਪ੍ਰਵਾਨ’ ’ਤੇ ਸ਼ਨਿੱਚਰਵਾਰ ਨੂੰ ਸਵੇਰੇ 6 ਵਜੇ ਫਿਰ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਹਥਿਆਰਬੰਦ ਅੱਤਵਾਦੀਆਂ ਵੱਲੋਂ ਬੰਬ ਧਮਾਕਾ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸਿੱਖ ਸੰਗਤ ਨੇ ਦਲੇਰੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬੇਅਦਬ ਅਤੇ ਅਗਨ ਭੇਟ ਹੋਣ ਤੋਂ ਬਚਾਅ ਲਿਆ। ਮੁੱਢਲੀਆਂ ਖਬਰਾਂ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲਾ ਅਫਗਾਨਿਸਤਾਨ ਵਿੱਚ ਸਰਗਰਮ ਇੱਕ ਬਾਗੀ ਇਸਲਾਮੀ ਅੱਤਵਾਦੀ ਜਥੇਬੰਦੀ ਆਈਐੱਸਆਈਐੱਸ (ਖੁਰਸਾਨ) ਵੱਲੋਂ ਕੀਤਾ ਗਿਆ। ਅਫਗਾਨਿਸਤਾਨ ਦੀ ਫੌਜ ਨੇ ਮੌਕੇ ’ਤੇ ਕਾਰਵਾਈ ਕਰਕੇ 2 ਕਥਿਤ ਹਮਲਾਵਰਾਂ ਨੂੰ ਮਾਰ ਦਿੱਤਾ। ਇਸ ਕਾਰਵਾਈ ਦੌਰਾਨ ਇੱਕ ਸਿੱਖ ਅਤੇ ਇੱਕ ਫੌਜੀ ਦੀ ਮੌਤ ਵੀ ਹੋਈ ਦੱਸੀ ਜਾਂਦੀ ਹੈ। ਹਮਲੇ ਵਿੱਚ ਮਰਨ ਵਾਲਿਆਂ ਦੀ ਸਹੀ ਗਿਣਤੀ ਬਾਰੇ ਪ੍ਰਸਪਰ ਵਿਰੋਧੀ ਜਾਣਕਾਰੀ ਮਿਲ ਰਹੀ ਹੈ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਗੁਰਦੁਆਰਾ ਸਾਹਿਬ ਉੱਪਰ ਬਾਰ-ਬਾਰ ਹਮਲੇ ਹੋਣ ਦੇ ਬਾਵਜੂਦ ਅਫਗਾਨਿਸਤਾਨ ਦੀ ਸਰਕਾਰ ਨੇ ਸੁਰੱਖਿਆ ਦੇ ਕੋਈ ਬੰਦੋਬਸਤ ਨਹੀਂ ਕੀਤੇ। ਹਮਲਾਵਰ ਜਥੇਬੰਦੀ ਦਾ ਕਿਰਦਾਰ ਵੀ ਕਾਫੀ ਸ਼ੱਕੀ ਹੈ। ਇਸ ਜਥੇਬੰਦੀ ਨੂੰ ਕਈ ਦੇਸ਼ਾਂ ਦੀਆਂ ਖੂਫੀਆ ਏਜੰਸੀਆਂ ਵੱਲੋਂ ਮੱਦਦ ਮਿਲਣ ਦੀਆਂ ਰਿਪੋਰਟਾਂ ਵੀ ਹਨ। ਸਿੱਖ ਭਾਈਚਾਰੇ ਦਾ ਕਿਸੇ ਵੀ ਦੇਸ਼ ਜਾਂ ਕੌਮ ਨਾਲ ਕੋਈ ਸਿੱਧਾ ਵੈਰ ਵਿਰੋਧ ਨਹੀਂ। ਫਿਰ ਵੀ ਇਹ ਹਮਲੇ ਕਿਉਂ ਹੋ ਰਹੇ ਹਨ ਇਹ ਸੋਚਣ ਵਾਲੀ ਗੱਲ ਹੈ। ਅਸਲ ਵਿੱਚ ਗੁਰਦੁਆਰੇ ’ਤੇ ਹਮਲੇ ਦੀ ਸਾਜਿਸ਼ ਪਿੱਛੇ ਕਈ ਕਾਰਨ ਹਨ। ਇਸ ਵਿੱਚ ਕਈ ਸ਼ੱਕੀ ਧਿਰਾਂ ਦੀ ਸ਼ਮੂਲੀਅਤ ਦੇਖੀ ਜਾ ਸਕਦੀ ਹੈ। ਦੱਖਣੀ ਏਸ਼ੀਆਈ ਖਿੱਤੇ ਵਿੱਚ ਭਾਰਤ ਅਤੇ ਮੁਸਲਿਮ ਦੇਸ਼ਾਂ ਦਰਮਿਆਨ ਪੈਗੰਬਰ ਖਿਲਾਫ ਅਪਮਾਨਜਨਕ ਟਿੱਪਣੀਆਂ ਤੋਂ ਬਾਅਦ ਟਕਰਾਅ ਸਿਖਰ ’ਤੇ ਪਹੁੰਚਿਆ ਹੋਇਆ ਹੈ। ਇਸ ਦੇ ਬਾਵਜੂਦ ਕਿਸੇ ਵੀ ਮੁਸਲਿਮ ਦੇਸ਼ ਜਾਂ ਜਥੇਬੰਦੀ ਨੇ ਭਾਰਤ ਦੇ ਕਿਸੇ ਦਫਤਰ ਜਾਂ ਮੰਦਰ ’ਤੇ ਹਮਲਾ ਨਹੀਂ ਕੀਤਾ। ਸਿੱਖ ਭਾਈਚਾਰੇ ’ਤੇ ਹਮਲੇ ਇਸ ਕਰਕੇ ਹੋ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਦੇਸ਼ ਨਹੀਂ ਹੈ। ਨਾ ਹੀ ਉਨ੍ਹਾਂ ਕੋਲ ਕੋਈ ਫੌਜ ਹੈ, ਜਿਸ ਨਾਲ ਉਹ ਅਜਿਹੇ ਹਮਲਿਆਂ ਦਾ ਬਦਲਾ ਲੈ ਸਕਣ। ਇਸ ਖਿਤੇ ਦੀਆਂ ਸਾਰੀਆਂ ਹੁਕਮਰਾਨ ਤਾਕਤਾਂ ਸਿੱਖਾਂ ਉੱਪਰ ਤਸ਼ੱਦਦ ਅਤੇ ਹਮਲੇ ਕਰਕੇ ਹੀ ਆਪਣੀ-ਆਪਣੀ ਰਾਜਨੀਤੀ ਨੂੰ ਅੱਗੇ ਤੋਰ ਰਹੀਆਂ ਹਨ। ਸਿੱਖਾਂ ਦੇ ਆਗੂ ਅਜਿਹੀਆਂ ਘਟਨਾਵਾਂ ’ਤੇ ਸਿਰਫ ਅਫਸੋਸ ਦੇ ਸ਼ਬਦ ਹੀ ਬੋਲਣ ਜੋਗੇ ਰਹਿ ਗਏ ਹਨ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸਿੱਖ ਭਾਈਚਾਰਾ ਅਤੇ ਸਿੱਖ ਆਗੂ ਅਜਿਹੀਆਂ ਘਟਨਾਵਾਂ ਦਾ ਠੀਕ ਤਰੀਕੇ ਨਾਲ ਵਿਸ਼ਲੇਸ਼ਣ ਵੀ ਨਹੀਂ ਕਰ ਰਿਹਾ। ਇਸ ਕਾਰਨ ਹੀ ਅਜਿਹੇ ਹਮਲੇ ਲਗਾਤਾਰ ਵੱਧ ਰਹੇ ਹਨ। ਹਮਲਾਵਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹ ਕਿਸੇ ਵੀ ਸਿੱਖ ਜਾਂ ਗੁਰਦੁਆਰਾ ਸਾਹਿਬ ਨੂੰ ਦਿਨ-ਦਿਹਾੜੇ ਨਿਸ਼ਾਨਾ ਬਣਾ ਸਕਦੇ ਹਨ। ਅਫਗਾਨਿਸਤਾਨ ਤੋਂ ਲੈ ਕੇ ਭਾਰਤ ਤੱਕ ਕੋਈ ਵੀ ਸਰਕਾਰ ਸਿੱਖਾਂ ਦੀ ਸੁਰੱਖਿਆ ਅਤੇ ਜਾਨ-ਮਾਲ ਦੀ ਰਾਖੀ ਲਈ ਚਿੰਤਤ ਅਤੇ ਸੁਹਿਰਦ ਨਹੀਂ ਹੈ। ਸਾਰੇ ਦੇਸ਼ ਆਪਣੀ-ਆਪਣੀ ਰਾਜਨੀਤੀ ਖੇਡ ਰਹੇ ਹਨ। ਇਸ ਨਾਪਾਕ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਸਿੱਖ ਭਾਈਚਾਰਾ ਉਨ੍ਹਾਂ ਲਈ ਖੁਰਾਕ ਬਣਿਆ ਹੋਇਆ ਹੈ। ਅਰਦਾਸ ਹੈ ਕਿ ਗੁਰੂ ਸਾਹਿਬ ਜੀ ਕਿਰਪਾ ਕਰਨ ਅਤੇ ਸਿੱਖਾਂ ਨੂੰ ਆਪਣੀ ਰੱਖਿਆ ਕਰਨ ਦੀ ਤਾਕਤ ਬਖਸ਼ਣ।
– ਜੋ ਬਲਜੀਤ ਸਿੰਘ ਬਰਾੜ ਸੰਪਾਦਕ ਪੰਜਾਬ ਟਾਇਮਜ਼, ਜਲੰਧਰ ਵੱਲੋਂ ਉੱਪਰ ਦਿੱਤੇ ਸੰਪਾਦਕੀ ਵਿਚ ਜੋ ਅਫਗਾਨਿਸਤਾਨ ਤੇ ਸਿੱਖ ਗੁਰਦੁਆਰਿਆਂ ਤੇ ਹਮਲੇ ਹੁੰਦੇ ਹਨ ਦੀ ਨਿਖੇਧੀ ਕੀਤੀ ਗਈ ਹੈ ।
ਮੈਂ ਜਤਿੰਦਰ ਪਾਲ ਸਿੰਘ ਚੀਫ ਐਡੀਟਰ “ਸੰਘੋਲ ਟਾਇਮਜ਼” ਬਲਜੀਤ ਸਿੰਘ ਬਰਾੜ ਵੱਲੋਂ ਸੰਪਾਦਕੀ ਨੋਟ ਦੇ ਨਾਲ ਸਹਿਮਤ ਹਾਂ ਤੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਾਂ ਅਤੇ ਅੱਗੋਂ ਵੀ ਖੜ੍ਹਦੇ ਰਹਾਂਗੇ ।
-ਜਤਿੰਦਰਪਾਲ ਸਿੰਘ
ਚੀਫ ਆਡਿਟਰ “ਸੰਘੋਲ ਟਾਇਮਜ਼”
—