ਰਾਜਸਥਾਨ ’ਚ ਅਧਿਆਪਕ ਵਲੋਂ ਸਕੂਲੀ ਬੱਚੇ ਦੀ ਕੁੱਟਮਾਰ ਤੋਂ ਬਾਅਦ ਹੋਈ ਮੌਤ ’ਤੇ ਦਿੱਤੀ ਸ਼ਰਧਾਂਜਲੀ
* ਆਲ ਇੰਡੀਆ ਜਨਰਲ ਇੰਸ਼ੋਰੈਂਸ ਐਸਸੀ/ਐਸਟੀ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਨੇ ਅਧਿਆਪਕ ਵਿਰੁੱਧ ਕੀਤਾ ਰੋਸ ਪ੍ਰਗਟ ਅਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ
SangholTimes/ਚੰਡੀਗੜ੍ਹ/18ਅਗਸਤ,2022/ਗੁਰਜੀਤਬਿੱਲਾ – ਦੇਸ਼ ਵਿਚ ਭਾਜਪਾ ਦੀ ਕੇਂਦਰ ਸਰਕਾਰ ਦੇ ਸੱਤ੍ਹਾ ਹਾਸਲ ਕਰਨ ਤੋਂ ਬਾਅਦ ਘੱਟ ਗਿਣਤੀ ਭਾਈਚਾਰਿਆਂ, ਦੱਬੇ-ਕੁਚਲੇ ਲੋਕਾਂ ਅਤੇ ਦਲਿਤ ਵਰਗ ਉਤੇ ਕੀਤੇ ਜਾ ਰਹੇ ਕਥਿਤ ਅੱਤਿਆਚਾਰ ਨਿੱਤ ਦਿਹਾੜੇ ਵਧਦੇ ਹੀ ਜਾ ਰਹੇ ਹਨ ਅਤੇ ਅਜਿਹੀਆਂ ਖ਼ਬਰਾਂ ਰੋਜ਼ਾਨਾ ਪਿ੍ਰੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ। ਅਜਿਹਾ ਹੀ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਰਾਜਸਥਾਨ ਦੇ ਜ਼ਿਲ੍ਹਾ ਜਾਲੌਰ ਵਿਖੇ ਬੀਤੀ 13 ਅਗਸਤ, 2022 ਨੂੰ ਸਾਹਮਣੇ ਆਇਆ ਹੈ, ਜਿਥੇ ਇਕ ਦਲਿਤ ਵਰਗ ਨਾਲ ਸਬੰਧਤ ਸਕੂਲੀ ਵਿਦਿਆਰਥੀ ਇੰਦਰਾ ਕੁਮਾਰ ਮਘਵਾਲ ਵਲੋਂ ਸਕੂਲ ਵਿਚ ਉਚ ਜਾਤੀ ਲਈ ਰੱਖੇ ਪੀਣ ਵਾਲੇ ਪਾਣੀ ਦੇ ਘੜੇ ਵਿਚੋਂ ਪਾਣੀ ਪੀ ਲੈਣ ’ਤੇ ਭੜਕੇ ਅਧਿਆਪਕ ਨੇ ਬੱਚੇ ਨੂੰ ਕੁੱਟ-ਕੁੱਟ ਕੇ ਮੌਤ ਦੇ ਮੂੰਹ ਉੁਤਾਰ ਦਿੱਤਾ।
ਅੱਜ ਚੰਡੀਗੜ੍ਹ ਦੇ ਸੈਕਟਰ-17 ਵਿਖੇ ਪਬਲਿਕ ਸੈਕਟਰ ਦੀਆਂ ਚਾਰ ਇੰਸ਼ੋਰੈਂਸ ਕੰਪਨੀਆਂ ਦੀ ਸਾਂਝੀ ਜਥੇਬੰਦੀ ਆਲ ਇੰਡੀਆ ਜਨਰਲ ਇੰਸ਼ੋਰੈਂਸ ਐਸਸੀ/ਐਸਟੀ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਇਸ ਘਿਨਾਉਣੀ ਹਰਕਤ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਅਧਿਆਪਕ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੁਪਰੋਕਤ ਜਥੇਬੰਦੀ ਦੇ ਉੁਤਰੀ ਜ਼ੋਨ ਦੇ ਜਨਰਲ ਸਕੱਤਰ ਸ੍ਰੀ ਸੱਜਣ ਕੁਮਾਰ, ਰੀਜ਼ਨਲ ਕਮੇਟੀ ਆਗੂਆਂ ਸ. ਜਗਜੀਤ ਸਿੰਘ ਅਤੇ ਸ੍ਰੀ ਅਜੇ ਕੁਮਾਰ ਸਮੇਤ ਦਰਜਨਾਂ ਮੈਂਬਰਾਂ ਵਲੋਂ ਮਿ੍ਰਤਕ ਵਿਦਿਆਰਥੀ ਇੰਦਰਾ ਕੁਮਾਰ ਮਘਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਬੋਲਦਿਆਂ ਸ੍ਰੀ ਸੱਜਣ ਕੁਮਾਰ ਅਤੇ ਸ੍ਰੀ ਜਗਜੀਤ ਸਿੰਘ ਨੇ ਕਿਹਾ ਕਿ ਇਕ ਦਲਿਤ ਵਿਦਿਆਰਥੀ ਵਲੋਂ ਉਚ ਜਾਤੀ ਲਈ ਰੱਖੇ ਪਾਣੀ ਵਿਚੋਂ ਪਾਣੀ ਪੀਣ ਦੀ ਸਜ਼ਾ, ਉਸ ਨੂੰ ਇੰਝ ਕੁੱਟ-ਕੁੱਟ ਕੇ ਮਾਰ ਮੁਕਾਉਣਾ ਇਕ ਘਟੀਆ ਮਾਨਸਿਕਤਾ ਅਤੇ ਸੌੜੀ ਸੋਚ ਨੂੰ ਦਰਸਾਉਦਾ ਹੈ, ਜੋ ਦੇਸ਼ ਦੇ ਮੱਥੇ ‘ਤੇ ਕਲੰਕ ਹੈ। ਉਹਨਾਂ ਕਿਹਾ ਕਿ ਭਾਵੇਂ ਅਸੀਂ ਅੱਜ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਪਰ ਸਾਡਾ ਦੇਸ਼ ਅੱਜ ਵੀ ਗੁਲਾਮੀ ਦੀਆਂ ਜੰਜ਼ੀਰਾਂ ਵਿਚ ਜਕੜਿਆ ਹੋਇਆ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਘੱਟ ਗਿਣਤੀਆਂ ਅਤੇ ਦਲਿਤ ਵਰਗ ਨੂੰ ਨੀਵਾਂ ਦਿਖਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸਦੀ ਘੋਰ ਨਿਖੇਧੀ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਚਾਉਣ ਲਈ ਅਜਿਹੇ ਅਨਸਰਾਂ ਨੂੰ ਨਕੇਲ ਪਾਉਣੀ ਚਾਹੀਦੀ ਹੈ।
ਅੰਤ ਵਿਚ ਉੁਪਰੋਕਤ ਸਮੂਹ ਆਗੂਆਂ ਅਤੇ ਜਨਤਕ ਸੈਕਟਰ ਦੀਆਂ ਚਾਰ ਇੰਸ਼ੋਰੈਂਸ ਕੰਪਨੀਆਂ ਓਰੀਐਂਟਲ ਇੰਸ਼ੋਰੈਂਸ ਕੰਪਨੀ, ਨਿਊ ਇੰਡੀਆ ਇੰਸ਼ੋਰੈਂਸ, ਨੈਸ਼ਨਲ ਇੰਸ਼ੋਰੈਂਸ ਅਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਵੱਡੀ ਗਿਣਤੀ ਵਰਕਰਾਂ ਨੇ ਇਸ ਰੋਸ ਮੁਜ਼ਾਹਰੇ ਵਿਚ ਭਾਗ ਲਿਆ।