ਚੰਡੀਗਡ਼੍ਹ ਪੰਜਾਬੀ ਮੰਚ ਵੱਲੋਂ 1 ਨਵੰਬਰ ਨੂੰ ਕਾਲ਼ੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
SangholTimes/ਚੰਡੀਗਡ਼੍ਹ/1ਅਕਤੂਬਰ,2022-
ਚੰਡੀਗਡ਼੍ਹ ਪੰਜਾਬੀ ਮੰਚ ਦੀ ਇੱਕ ਮੀਟਿੰਗ ਅੱਜ ਇੱਥੇ ਸੈਕਟਰ 22 ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਅਤੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਅਤੇ ਪੰਜਾਬੀ ਹਿਤੈਸ਼ੀਆਂ ਨੇ ਯੂ.ਟੀ. ਚੰਡੀਗਡ਼੍ਹ ਪ੍ਰਸ਼ਾਸਨ ਦੀ ਪੰਜਾਬੀ ਭਾਸ਼ਾ ਲਾਗੂ ਕਰਨ ਪ੍ਰਤੀ ਬੇਰੁਖੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਫ਼ੈਸਲਾ ਕੀਤਾ ਗਿਆ ਕਿ ਚੰਡੀਗਡ਼੍ਹ ਪੰਜਾਬੀ ਮੰਚ ਵੱਲੋਂ 1 ਨਵੰਬਰ ਨੂੰ ਕਾਲ਼ੇ ਦਿਵਸ ਵਜੋਂ ਮਨਾਇਆ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਸ੍ਰੀ ਰਾਮ ਅਰਸ਼, ਸਾਧੂ ਸਿੰਘ ਸਾਰੰਗਪੁਰ, ਜੋਗਾ ਸਿੰਘ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਗੁਰਦਿਆਲ ਸਿੰਘ, ਬਲਕਾਰ ਸਿੱਧੂ ਆਦਿ ਨੇ ਕਿਹਾ ਕਿ ਮੰਚ ਵੱਲੋਂ 1 ਨਵੰਬਰ ਦੀ ਸ਼ਾਮ 4 ਵਜੇ ਤੋਂ 6 ਵਜੇ ਤੱਕ ਸੈਕਟਰ 21-22 ਦੇ ਚੌਂਕ ਅਤੇ ਸੈਕਟਰ 34-35 ਦੇ ਚੌਂਕ ਉਤੇ ਕਾਲ਼ੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਮੰਚ ਦੇ ਅਹੁਦੇਦਾਰਾਂ ਵੱਲੋਂ ਵੱਖ-ਵੱਖ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਚੰਡੀਗਡ਼੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਚੰਡੀਗਡ਼੍ਹ ਪੰਜਾਬੀ ਮੰਚ ਲਗਾਤਾਰ ਸੰਘਰਸ਼ ਕਰਦਾ ਰਹੇਗਾ।