ਟੁਟ ਰਹੇ ਆਪਸੀ ਰਿਸ਼ਤਿਆਂ ਦਾ ਨਿੱਘ ਮੁੜ ਸੁਰਜੀਤ ਕਰਨ ਵਿਚ ਵੀ ਨਿਭਾਏਗੀ ਅਹਿਮ ਭੂਮਿਕਾ ਲੇਖਕ -ਗੁਰਪ੍ਰੀਤ ਤੋਤੀ
Sangholtimesnews/29.12.2022
ਪੰਜਾਬੀ ਸਿਨੇਮਾਂ ਦੇ ਮੌਜੂਦਾ ਮੁਹਾਂਦਰੇ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ, ਕਿ ਅਜੋਕੇ ਸਮੇਂ ਪੰਜਾਬੀ ਕਦਰਾ ਕੀਮਤਾ ਦੀ ਪ੍ਰੋੜਤਾ ਕਰਦੇ ਵੰਨ ਸਵੰਨੇ ਅਤੇ ਅਰਥਭਰਪੂਰ ਵਿਸ਼ੇ ਵੀ ਨਿਰਦੇਸ਼ਕ, ਨਿਰਮਾਤਾ ਅਤੇ ਲੇਖ਼ਕ ਸਾਹਮਣੇ ਲੈ ਕੇ ਆ ਰਹੇ ਹਨ। ਪੰਜਾਬ ਅਤੇ ਪੰਜਾਬੀਅਤ ਨੂੰ ਦੁਨੀਆਭਰ ਵਿਚ ਪ੍ਰੁਫਲੱਤ ਕਰਨ ’ਚ ਅਹਿਮ ਭੂਮਿਕਾ ਨਿਭਾ ਰਹੇ ਇਸ ਸਿਨੇਮਾਂ ਦੀ ਇਕ ਅਜਿਹੀ ਹੀ ਟੀਮ ਅਤੇ ਨਵੀਂ ਫ਼ਿਲਮ ਵਿਚ ਸ਼ਾਮਿਲ ਹੋਣ ਜਾ ਰਹੀ ਹੈ, ਬੱਲੇ ਓ ਚਲਾਕ ਸੱਜਣਾ, ਜਿਸ ਦਾ ਨਿਰਮਾਣ ਮੇਨਲੈਂਡ ਫ਼ਿਲਮਜ਼ ਦੇ ਬੈਨਰ ਹੇਠ ਨਿਰਮਾਤਾ ਪਰਮ ਸਿੱਧੂ , ਸੁੱਖੀ ਢਿੱਲੋਂ, ਗੁਰੀ ਪੰਧੇਰ ਵੱਲੋਂ ਜੀ.ਟੀ ਇੰਟਰਟੇਨਮੈਂਟ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ।
ਪੰਜਾਬੀ ਫ਼ਿਲਮਾਂ ਨੂੰ ਕਹਾਣੀ, ਤਰੋਤਾਜ਼ਗੀ ਅਤੇ ਸੈਟਅੱਪ ਪੱਖੋਂ ਚਾਰ ਚੰਨ ਲਾਉਣ ਵਿਚ ਅਹਿਮ ਯੋਗਦਾਨ ਪਾ ਰਹੇ ਨੌਜਵਾਨ ਨਿਰਦੇਸ਼ਕ ਰੋਇਲ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਲੇਖਕ ਹਨ, ਗੁਰਪ੍ਰੀਤ ਤੋਤੀ ਜੋ ਹਿੰਦੀ, ਪੰਜਾਬੀ ਸਿਨੇਮਾਂ ਵਿਚ ਬਤੌਰ ਅਦਾਕਾਰ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ। ਉਨ੍ਹਾਂ ਨਾਲ ਲੇਖਕ ਵਜੋਂ ਸ਼ੁਰੂ ਕੀਤੇ ਜਾ ਰਹੇ ਇਸ ਬੇਹਤਰੀਣ ਫ਼ਿਲਮ ਉਦਮ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਪਣੇ ਹੁਣ ਤੱਕ ਦੇ ਸਫ਼ਰ ਦੌਰਾਨ ਉਨ੍ਹਾਂ ਵੱਲੋਂ ਜਿਵੇ ਹਮੇਸ਼ਾ ਚੁਣਿੰਦਾ ਅਤੇ ਮਿਆਰੀ ਫ਼ਿਲਮ ਪ੍ਰੋਜੈਕਟ ਕਰਨ ਨੂੰ ਪਹਿਲ ਦਿੱਤੀ ਹੈ, ਉਸੇ ਤਰ੍ਹਾਂ ਲੇਖਕ ਦੇ ਤੌਰ ਤੇ ਵੀ ਨਿਵੇਕਲਾ ਕਰਨਾ ਵਿਸ਼ੇਸ਼ ਤਰਜ਼ੀਹਤ ਵਿਚ ਸ਼ਾਮਿਲ ਰਹੇਗਾ।
ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਕਹਾਣੀ ਪੇਂਡੂ ਜਨ ਜੀਵਨ ਨਾਲ ਸਬੰਧਤ ਦੋ ਸਗੇ ਭਰਾਵਾ ਦੇ ਇਰਦ -ਗਿਰਦ ਅਤੇ ਇੰਨ੍ਹਾਂ ਦੇ ਪਰਿਵਾਰ ਦੁਆਲੇ ਘੁੰਮਦੀ ਹੈ, ਜਿੰਨ੍ਹਾਂ ਦੇ ਵਿਆਹਾਂ ਉਪਰੰਤ ਰਿਸ਼ਤਿਆਂ ਵਿਚ ਕਿਸ ਤਰ੍ਹਾਂ ਤਬਦੀਲੀਆਂ ਅਤੇ ਆਪਸੀ ਦੂਰੀਆਂ ਪੈਦਾ ਹੁੰਦੀਆਂ। ਇਸੇ ਨੂੰ ਇਮੋਸ਼ਨਲ ਫ਼ਿਲਮਾਂਕਣ ਦੁਆਰਾ ਦਰਸ਼ਕਾਂ ਸਾਹਮਣੇ ਰੱਖਿਆ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਫ਼ਿਲਮ ਜਿੱਥੇ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਲਈ ਪ੍ਰੇਰਤਾ ਸ੍ਰੋਤ ਬਣੇਗੀ ਅਤੇ ਉਨ੍ਹਾਂ ਨੂੰ ਮੁੜ ਆਪਣੀਆਂ ਅਸਲ ਜੜ੍ਹਾ ਨਾਲ ਜੋੜੇਗੀ, ਉਥੇ ਟੁਟ ਰਹੇ ਆਪਸੀ ਰਿਸ਼ਤਿਆਂ ਦਾ ਨਿੱਘ ਵੀ ਮੁੜ ਸੁਰਜੀਤ ਕਰੇਗੀ। ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਕਹਾਣੀ, ਨਿਰਦੇਸ਼ਨ ਤੋਂ ਇਲਾਵਾ ਹੋਰਨਾਂ ਪੱਖਾਂ ਨੂੰ ਉਮਦਾ ਰੂਪ ਦੇਣ ਦੀ ਹਰਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਮਿਊਜ਼ਿਕ ਡੈਵੀ ਸਿੰਘ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਜਦਕਿ ਗੀਤਾ ਦੀ ਰਚਨਾ ਕੁਲਦੀਪ ਕੰਡਿਆਰਾ, ਕੁਲਵੀਰ ਕੋਟਭਾਈ ਕਰ ਰਹੇ ਹਨ, ਜਿੰਨ੍ਹਾਂ ਦੀ ਰਚਨਾਵਾਂ ਨੂੰ ਪਿੱਠਵਰਤੀ ਗਾਇਕ ਵਜੋਂ ਆਵਾਜ਼ ਨਛੱਤਰ ਗਿੱਲ, ਰਜਾ ਹੀਰ, ਅਨਹਦ ਗੋਪੀ ਦੇ ਰਹੇ ਹਨ ।
ਉਨ੍ਹਾਂ ਅਨੁਸਾਰ ਕਿ ਇਸ ਦੀ ਸ਼ਟਾਰਟ ਟੂ ਫ਼ਿਨਿਸ਼ ਸ਼ੂਟਿੰਗ ਸਾਲਾਂ ਬਾਅਦ ਵੀ ਪੁਰਾਣੇ ਪੰਜਾਬ ਦੀ ਅੱਜ ਵੀ ਯਾਦ ਤਾਜ਼ਾ ਕਰਵਾ ਰਹੇ ਮਾਲਵਾ ਰੀਜ਼ਨ ਵਿਚ ਕੀਤੀ ਜਾ ਰਹੀ ਹੈ, ਜਿਸ ਨੂੰ ਪ੍ਰਭਾਵੀ ਰੂਪ ਦੇਣ ਵਿਚ ਐਕਟਰਜ਼ ਰਾਜ ਝਿੰਜ਼ਰ, ਵਿਕਰਮ ਚੋਹਾਨ, ਅਮਨ ਸੁਧਾਰ, ਨਿਰਮਲ ਰਿਸ਼ੀ, ਮੋਲੀਨਾ ਸੋਢੀ, ਹਰਸ਼ਜੋਤ ਕੌਰ ਤੂਰ, ਰਾਜ ਧਾਲੀਵਾਲ, ਪ੍ਰਕਾਸ਼ ਗਾਧੂ, ਗੁਰਪ੍ਰੀਤ ਤੋਤੀ, ਪਰਮਿੰਦਰ ਕੌਰ ਬਰਨਾਲਾ, ਰੁਪਿੰਦਰ ਕੌਰ ਰੂਪੀ, ਦਿਲਰਾਜ ਉਦੈ, ਸੁਖਵਿੰਦਰ ਰਾਜ, ਜਸਵਿੰਦਰ ਮੁਕਡੋਨਾ, ਜੋਹਨ ਮਸ਼ੀਹ, ਰਣਦੀਪ ਭੰਗੂ ਤੋਂ ਇਲਾਵਾ ਫ਼ਿਲਮ ਟੀਮ ਦੇ ਮਹੱਤਵਪੂਰਨ ਮੈਂਬਰ ਕੈਮਰਾਮੈਨ ਲੱਕੀ ਯਾਦਵ, ਐਸੋਸੀਏਟ ਨਿਰਦੇਸ਼ਕ ਜਤਿੰਦਰ ਜੇਟੀ, ਸਹਾਇਕ ਨਿਰਦੇਸ਼ਕ ਗੁਰੂ ਗੁਰਭੇਜ਼, ਆਰਟ ਨਿਰਦੇਸ਼ਕ ਲੱਕੀ ਕੋਟਕਪੂਰਾ ਆਦਿ ਵੀ ਅਹਿਮ ਯੋਗਦਾਨ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਖਾਸ ਆਕਰਸ਼ਨ ਨਵਾਂ ਚਿਹਰਾ ਹਰਮਨ ਵਿਰਕ ਕੈਨੇਡਾ ਵੀ ਹੋਵੇਗਾ, ਜੋ ਫ਼ਿਲਮ ਦੁਆਰਾ ਸ਼ਾਨਦਾਰ ਡੈਬਯੂ ਕਰਨ ਜਾ ਰਿਹਾ ਹੈ, ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬੀ ਸਿਨੇਮਾਂ ਨੂੰ ਅਰਥਭਰਪੂਰ ਸਿਨੇਮਾਂ ਢਾਂਚੇ ਪੱਖੋਂ ਨਵੇਂ ਵਜ਼ੂਦ ’ਚ ਰੰਗਣ ਜਾ ਰਹੀ ਇਹ ਫ਼ਿਲਮ ਨਵੇਂ ਸ਼ੁਰੂ ਹੋਣ ਜਾ ਰਹੇ ਵਰ੍ਹੇ 2023 ਦੇ ਮਈ ਮਹੀਨੇ ਦੁਨੀਆਭਰ ਵਿਚ ਰਿਲੀਜ਼ ਕੀਤੇ ਜਾਣ ਦੀ ਯੋਜਨਾ ਹੈ। -Parmjeet faridkot