ਮੌਜੂਦਾ ਸਮੇਂ ਦੌਰਾਨ ਫਿਰ ਤੋਂ ਲਗਦਾ ਹੈ ਕਿ ਪੰਜਾਬ ਨੂੰ ਦਬਾਉਣ ਲਈ ਚਾਰਾਜੋਈ ਚੱਲ ਰਹੀ ਹੈ- ਰੁਪਿੰਦਰ ਸਿੰਘ ਬਰਾੜ
Sanghol Times/02.03.2023/Mohali – 1947 ਦੌਰਾਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਸ ਨੂੰ ਦੋ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾ ਗਿਆ ਲੇਕਿਨ ਦੋਨੇਂ ਦੇਸ਼ਾਂ ਦੇ ਉਹ ਖਿੱਤੇ ਜਿੱਥੇ ਜਿੱਥੇ ਪੰਜਾਬੀ ਅਤੇ ਬੰਗਾਲੀ ਬਹੁ-ਗਿਣਤੀ ਵਿੱਚ ਵਸੇ ਹੋਏ ਸਨ ਫਿਰ ਭਲੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਰਖਦੇ ਸਨ ਉਨਾਂ ਸਾਰੀਆਂ ਥਾਵਾਂ ਤੇ ਇੰਨਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸ਼ੱਕ ਕੀਤਾ ਜਾਂਦਾ ਹੈ ਕਿ ਇਸ ਕਤਲੇਆਮ ਵਿੱਚ ਦੋਨੇਂ ਦੇਸ਼ਾਂ ਦੀਆਂ ਸਰਕਾਰਾਂ ਦੀ ਵੀ ਸ਼ਮੂਲੀਅਤ ਸੀ। ਇਹ ਕਤਲੇਆਮ ਸਿਰਫ਼ ਤੇ ਸਿਰਫ਼ ਪੰਜਾਬੀਆਂ ਅਤੇ ਬੰਗਾਲੀਆਂ ਨੂੰ ਦਬਾਅ ਕੇ ਰੱਖਣ ਦਾ ਤਰੀਕਾ ਸੀ ਕਿਉਂਕਿ ਕਿਸੇ ਵੀ ਸੰਘਰਸ਼ ਦੀ ਸ਼ੁਰੂਆਤ ਇੰਨਾਂ ਦੋਹਾਂ ਸੂਬਿਆਂ ਤੋਂ ਸ਼ੁਰੂ ਹੁੰਦੀ ਮੰਨੀ ਜਾਂਦੀ ਹੈ।ਇਸ ਗੱਲ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਦੋਵੇਂ ਦੇਸ਼ਾਂ ਦੇ ਹੋਰ ਕਿਸੇ ਵੀ ਸੂਬੇ ਵਿੱਚ ਕਿਸੇ ਨੇ ਕੋਈ ਚਿੜੀ ਵੀ ਨਹੀਂ ਮਾਰੀ।
ਭਾਰਤ ਦੀ ਸਰਕਾਰ ਨੂੰ ਸ਼ਾਇਦ ਹਾਲੇ ਤਸੱਲੀ ਨਹੀਂ ਹੋਈ ਸੀ ਇਸੇ ਲਈ ਫਿਰ ਤੋਂ ਪੰਜਾਬ ਅਤੇ ਬੰਗਾਲ ਵਿੱਚ ਨਕਸਲੀ ਐਲਾਨ ਕੇ ਹਜ਼ਾਰਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਿਰਫ਼ ਇੰਨਾਂ ਨੂੰ ਦਬਾ ਕੇ ਰੱਖਣ ਲਈ
ਭਾਰਤ ਸਰਕਾਰ ਨੂੰ ਫਿਰ ਵੀ ਤਸੱਲੀ ਨਹੀਂ ਹੋਈ ਤਾਂ 1984 ਤੋਂ ਲੈ ਕੇ 1995 ਤੱਕ ਰੱਜ ਕੇ ਪੰਜਾਬੀਆਂ ਨੂੰ ਲੁੱਟਿਆ ਕੁੱਟਿਆ ਜਿਸ ਨਾਲ ਘਰਾਂ ਦੇ ਘਰ ਤਬਾਹ ਕਰ ਦਿੱਤੇ ਅਤੇ ਨਾਲ ਪੰਜਾਬ ਦਾ ਅਰਥਚਾਰਾ ਤਬਾਹ ਹੋ ਕੇ ਰਹਿ ਗਿਆ। । ਇਹ ਸਭ ਵੀ ਕੀਤਾ ਸਿਰਫ਼ ਪੰਜਾਬੀਆਂ ਨੂੰ ਦਬਾਅ ਕੇ ਰੱਖਣ ਲਈ।
ਫਿਰ ਵੀ ਸਬਰ ਨਹੀਂ ਆਇਆ ਤਾਂ ਪੰਜਾਬ ਵਿੱਚ ਨਸ਼ਿਆਂ ਦਾ ਜਾਲ ਵਿਛਾ ਦਿੱਤਾ ਗਿਆ ਜਿਸ ਨਾਲ ਸੂਬੇ ਦੇ ਹਜ਼ਾਰਾਂ ਘਰਾਂ ਵਿੱਚ ਨੌਜਵਾਨਾਂ ਦੇ ਸੱਥਰ ਵਿਛ ਗਏ ਜਿਸ ਨਾਲ ਵੀ ਹੁਕਮਰਾਨ ਬਹੁਤ ਖੁਸ਼ ਹੋਏ।
ਪੰਜਾਬ ਦੇ ਲੋਕ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ ਕਿ ਐਨੀਆਂ ਮਾਰਾਂ ਤੋਂ ਬਾਅਦ ਹਰ ਵਾਰ ਫਿਰ ਤੋਂ ਪੈਰਾਂ ਸਿਰ ਹੋ ਜਾਂਦੇ ਹਨ ਲੇਕਿਨ ਆਪਣੀ ਹਾਰ ਮੰਨਣ ਲਈ ਭਾਰਤ ਦੀ ਕੋਈ ਵੀ ਸਰਕਾਰ ਤਿਆਰ ਨਹੀਂ ਹੋਈ।
ਮੌਜੂਦਾ ਸਮੇਂ ਦੌਰਾਨ ਫਿਰ ਤੋਂ ਲਗਦਾ ਹੈ ਕਿ ਪੰਜਾਬ ਨੂੰ ਦਬਾਉਣ ਲਈ ਚਾਰਾਜੋਈ ਚੱਲ ਰਹੀ ਹੈ ਜਿਸ ਵਿੱਚ ਖਾਲਿਸਤਾਨ ਦਾ ਹਊਆ ਖੜਾ ਕਰਕੇ ਸੂਬੇ ਦੇ ਵਪਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਲਗਦੀ ਹੈ ਅਤੇ ਖਾਲਿਸਤਾਨ ਦਾ ਨਾਅਰਾ ਲਾ ਕੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਲੱਗ ਰਹੀ ਹੈ।
ਹੁਣ ਲੋਕ ਬਹੁਤ ਸਿਆਣੇ ਹੋ ਚੁੱਕੇ ਹਨ ਇਸ ਲਈ ਲਗਦਾ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਕਿਸੇ ਤੋਂ ਵੀ ਘੱਟੋ-ਘੱਟ ਧਰਮ ਦੇ ਨਾਮ ਤੇ ਗੁਮਰਾਹ ਨਹੀਂ ਹੋਣਗੇ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਇਸ ਵਾਰ ਬਹੁਤ ਹੀ ਸਿਆਣਪ ਅਤੇ ਸਹਿਜਤਾ ਤੋਂ ਕੰਮ ਲੈ ਕੇ ਪੜ੍ਹਨ ਵੱਲ ਧਿਆਨ ਦੇ ਕੇ ਉੱਚੇ ਆਹੁਦਿਆਂ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਬਾਬੇ ਨਾਨਕ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਲੈ ਕੇ ਜਾਂਦੇ ਹਨ ਜਾਂ ਫਿਰ ਤੋਂ ਕੁਛ ਕੁ ਸਰਕਾਰੀ ਏਜੰਟਾਂ ਤੋਂ ਗੁਮਰਾਹ ਹੁੰਦੇ ਹਨ।
ਰੁਪਿੰਦਰ ਸਿੰਘ ਬਰਾੜ।
ਮੈਂਬਰ, ਸ਼ਿਕਾਇਤ ਨਿਵਾਰਣ ਕਮੇਟੀ,ਸਾਹਿਬਜ਼ਾਦਾ ਅਜੀਤ ਸਿੰਘ ਨਗਰ।
9041400064