ਕੌਮਾਂਤਰੀ ਔਰਤ ਦਿਵਸ 8 ਮਾਰਚ ‘ਔਰਤ ਮੁਕਤੀ ਕਨਵੈਨਸ਼ਨਾਂ’ ਵਜੋਂ 6 ਥਾਵਾਂ ‘ਤੇ ਮਨਾਇਆ ਗਿਆ
‘ਔਰਤ ਮੁਕਤੀ ਕਨਵੈਨਸ਼ਨਾਂ’ ਨੂੰ ਔਰਤ ਕਾਰਕੁੰਨਾਂ ਨੇ ਹੀ ਕੀਤਾ ਸੰਬੋਧਨ
Sanghol Times/Daljeet Kaur/ਚੰਡੀਗੜ੍ਹ/08 ਮਾਰਚ,2023: ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਵੱਲੋਂ ਰਾਮਪੁਰਾ (ਬਠਿੰਡਾ), ਕੁਰੜ-ਮਹਿਲਕਲਾਂ (ਬਰਨਾਲਾ), ਗੁਰੂ ਹਰਸਹਾਏ (ਫਿਰੋਜ਼ਪੁਰ), ਝੁਨੀਰ (ਮਾਨਸਾ), ਬਹਾਦਰਪੁਰ (ਮਾਨਸਾ) ਅਤੇ ਅਹਿਮਦਪੁਰ (ਬੁਢਲਾਡਾ) ਵਿਖੇ ਸਰਗਰਮ ਔਰਤ ਕਾਰਕੁੰਨਾਂ ਦੀਆਂ ਕਨਵੈਨਸ਼ਨਾਂ ਕੀਤੀਆਂ ਗਈਆਂ। ਕਨਵੈਨਸ਼ਨਾਂ ਦੀ ਸ਼ੁਰੂਆਤ ਬੀਤੇ ਇਤਿਹਾਸਕ ਦੌਰ ਦੇ ਸੰਘਰਸ਼ਾਂ ‘ਚ ਸ਼ਹੀਦ ਜਾਂ ਸਾਡੇ ਕੋਲ ਵਿੱਛੜ ਗਈਆਂ ਔਰਤ ਆਗੂਆਂ/ਕਾਰਕੁਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਅਕਾਸ਼ ਗੁੰਜਾਊ ਨਾਹਰਿਆਂ (8 ਮਾਰਚ ਦਾ ਪੈਗ਼ਾਮ-ਜਾਰੀ ਰੱਖਣਾ ਹੈ ਸੰਗਰਾਮ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ, ਲੁਟੇਰਾ ਤੇ ਜਾਬਰ ਰਾਜ ਪ੍ਰਬੰਧ-ਮੁਰਦਾਬਾਦ) ਆਦਿ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ। ਇਨ੍ਹਾਂ ਕਨਵੈਨਸ਼ਨਾਂ ਵਿੱਚ ਔਰਤਾਂ ਦੀ ਮੌਜੂਦਾ ਹਾਲਤ ਸਬੰਧੀ ਇਤਿਹਾਸਕ ਪ੍ਰਸੰਗ ਦੇ ਸਬੰਧ ਵਿੱਚ ਗੰਭੀਰ ਵਿਚਾਰ ਚਰਚਾ ਹੋਈ।
ਔਰਤ ਮੁਕਤੀ ਕਨਵੈਨਸ਼ਨਾਂ ਸਮੇਂ ਅਮਰਜੀਤ ਕੌਰ, ਪਰਮਜੀਤ ਕੌਰ, ਪ੍ਰੇਮਪਾਲ ਕੌਰ, ਮਨਪ੍ਰੀਤ ਕੌਰ, ਰਘੁਬੀਰ ਕੌਰ ਅਤੇ ਕੁਲਦੀਪ ਰਾਣੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਔਰਤ ਦਿਵਸ ਮਨਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਅੱਜ ਵੀ ਦੋਹਰੀ ਮਾਰ ਲੁੱਟ, ਜਬਰ, ਦਾਬੇ ਦੇ ਨਾਲ-ਨਾਲ ਮਰਦ ਪ੍ਰਧਾਨ ਸਮਾਜਿਕ ਦਾਬੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੀ ‘ਔਰਤ ਮੁਕਤੀ ਕਨਵੈਨਸ਼ਨਾਂ’ ਸਮੇਂ ਪਿੰਡਾਂ ਦੀਆਂ ਜੁਝਾਰੂ ਕਿਸਾਨ-ਮਜਦੂਰ ਔਰਤਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕੌਮਾਂਤਰੀ ਔਰਤ ਦਿਵਸ ਸਮਾਗਮ ਨੂੰ ਸਰਗਰਮ ਚੇਤੰਨ ਔਰਤਾਂ ਨੇ ਹੀ ਜਥੇਬੰਦ ਕੀਤਾ। ਔਰਤ ਬੁਲਾਰਿਆਂ ਨੇ ਹੀ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਦੀ ਅਜੋਕੀ ਸਥਿਤੀ ਉੱਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ। ‘ਔਰਤ ਮੁਕਤੀ ਕਨਵੈਨਸ਼ਨਾਂ’ ਦੀ ਸੁਚੱਜੀ ਸਟੇਜ ਨਿਰਦੇਸ਼ਨਾ ਔਰਤ ਆਗੂਆਂ ਨੇ ਹੀ ਨਿਭਾਈ। ਕਨਵੈਨਸ਼ਨਾਂ ਨੂੰ ਹਾਜ਼ਰ ਹੋਈਆਂ ਚੇਤੰਨ ਔਰਤਾਂ ਨੇ ਪ੍ਰੋਗਰਾਮ ਨੂੰ ਅਖੀਰ ਤੱਕ ਪੂਰੇ ਗਹੁ ਨਾਲ ਸੁਣਿਆ।
ਔਰਤ ਆਗੂਆਂ ਨੇ ਔਰਤ ਦਿਵਸ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਬੀਤੇ ਇਤਿਹਾਸ ਦੇ ਸੰਘਰਸ਼ਾਂ ਵਿੱਚ ਔਰਤਾਂ ਦਾ ਅਹਿਮ ਯੋਗਦਾਨ ਰਿਹਾ ਹੈ। ਔਰਤਾਂ ਨੂੰ ਚੇਤਨਾ ਦੀ ਜਾਗ ਇਤਿਹਾਸਕ ਕਿਸਾਨ ਅੰਦੋਲਨ ਨੇ ਵੀ ਲਾਈ ਹੈ। ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੂੰ ਅੱਜ ਵੀ ਲੁੱਟ, ਜਬਰ ਅਤੇ ਮਰਦ ਪ੍ਰਧਾਨ ਸਮਾਜਿਕ ਦਾਬੇ ਦੀ ਦੋਹਰੀ ਮਾਰ ਸਹਿਣੀ ਪੈਂਦੀ ਹੈ। ਇਸ ਲਈ ਲੋੜ ਹੈ ਕਿ ਔਰਤਾਂ ਖੁਦ ਜਥੇਬੰਦ ਹੋਣ ਅਤੇ ਲੁੱਟ, ਜਬਰ ਅਤੇ ਦਾਬੇ ਤੋਂ ਮੁਕਤ ਸਮਾਜ ਦੀ ਸਿਰਜਣਾ ਲਈ ਚੱਲ ਰਹੇ ਸੰਘਰਸ਼ ਦਾ ਹਿੱਸਾ ਬਨਣ।
ਇਨ੍ਹਾਂ ਕਨਵੈਨਸ਼ਨਾਂ ਵਿੱਚ ਵਿਸਥਾਰ ਵਿੱਚ 8 ਮਾਰਚ ਕੌਮਾਂਤਰੀ ਔਰਤ ਦਿਵਸ ਤੇ ਚੇਤੰਨ ਔਰਤ ਕਾਰਕੁੰਨਾਂ ਪੇਸ਼ ਕੀਤੇ। ਕਨਵੈਨਸ਼ਨਾਂ ਵਿੱਚ ਹੋਰ ਵੀ ਔਰਤ ਆਗੂਆਂ ਨੇ ਵੀ ਗੀਤ/ਵਿਚਾਰ ਪੇਸ਼ ਕੀਤੇ। ਇਸ ‘ਔਰਤ ਮੁਕਤੀ ਕਨਵੈਨਸ਼ਨ’ ਵਿੱਚ ਜਮਹੂਰੀ ਅਧਿਕਾਰ ਸਭਾ ਅਤੇ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂ ਵੀ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ। ਇਨ੍ਹਾਂ ਕਨਵੈਨਸ਼ਨਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਕਨਵੈਨਸ਼ਨਾਂ ਅਧਿਆਪਕਾਂ, ਕਿਸਾਨ-ਮਜਦੂਰ ਔਰਤਾਂ, ਨੌਜਵਾਨ ਔਰਤਾਂ ਅਤੇ ਵਿਦਿਆਰਥੀਆਂ ਦਾ ਆਪਸ ਵਿੱਚ ਜੁੜ ਬੈਠਣ, ਵਿਚਾਰਾਂ ਦੀ ਸਾਂਝ ਪਾਉਣ ਦਾ ਅਮੀਰ ਤਜਰਬਾ ਸੀ।