ਜ਼ਿਲ੍ਹਾ ਟੀਕਾਕਰਨ ਅਫ਼ਸਰ ਵਲੋਂ ਲੋਕਾਂ ਨੂੰ ਸਿਹਤ ਯੋਜਨਾਵਾਂ ਦਾ ਲਾਭ ਲੈਣ ਦੀ ਅਪੀਲ
Sanghol Times/ਮੋਹਾਲੀ/20 ਮਾਰਚ, 2023/ ਗੁਰਜੀਤ ਬਿੱਲਾ – ਜ਼ਿਲ੍ਹਾ ਸਿਹਤ ਵਿਭਾਗ ਨੇ ਦਿਲ ਵਿਚ ਛੇਕ ਦੀ ਬੀਮਾਰੀ ਤੋਂ ਪੀੜਤ ਇਕ ਕੁੜੀ ਦਾ ਮੁਫ਼ਤ ਆਪਰੇਸ਼ਨ ਕਰਵਾਇਆ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਮੋਹਾਲੀ ਵਾਸੀ 17 ਸਾਲਾ ਭਾਰਤੀ ਦੇ ਦਿਲ ਵਿਚ ਛੇਕ ਸੀ। ਸਿਹਤ ਵਿਭਾਗ ਦੀ ਆਰ.ਬੀ.ਐਸ.ਕੇ. ਟੀਮ ਨੇ ਸਕੂਲ ਵਿਚ ਭਾਰਤੀ ਦੀ ਜਾਂਚ ਕੀਤੀ ਸੀ ਅਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫ਼ਰ ਕੀਤਾ ਗਿਆ ਸੀ। ਡਾਕਟਰਾਂ ਮੁਤਾਬਕ ਉਸ ਦੇ ਦਿਲ ਵਿਚ ਛੇਕ ਹੋਣ ਦਾ ਪਤਾ ਲੱਗਾ ਸੀ ਜਿਸ ਕਾਰਨ ਉਸ ਨੂੰ ਆਪਰੇਸ਼ਨ ਲਈ ਫ਼ੋਰਟਿਸ ਹਸਪਤਾਲ ਰੈਫ਼ਰ ਕਰ ਦਿਤਾ ਗਿਆ। ਕੁਝ ਦਿਨ ਪਹਿਲਾਂ ਉੁਸ ਦਾ ਫ਼ੋਰਟਿਸ ਹਸਪਤਾਲ ਵਿਚ ਸਫ਼ਲਤਾਪੂਰਵਕ ਆਪਰੇਸ਼ਨ ਹੋਇਆ ਹੈ।
ਸਿਹਤ ਅਧਿਕਾਰੀ ਨੇ ਦਸਿਆ ਕਿ ਰਾਸ਼ਟਰੀ ਬਾਲ ਸਵਾਸਥਯ ਕਾਰਿਯਾਕਰਮ (ਆਰ.ਬੀ.ਐਸ.ਕੇ) ਅਧੀਨ ਬੱਚਿਆਂ ਦੀਆਂ ਕਈ ਬੀਮਾਰੀਆਂ ਦਾ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ। ਜਾਂਚ ਤੋਂ ਬਾਅਦ ਡਾਕਟਰਾਂ ਨੇ ਬੱਚੀ ਨੂੰ ਦਿਤੀ ਜਾਣ ਵਾਲੀ ਮਾਲੀ ਸਹਾਇਤਾ ਸਬੰਧੀ ਸਾਰੇ ਕਾਗ਼ਜ਼-ਪੱਤਰ ਤਿਆਰ ਕੀਤੇ ਅਤੇ ਉਸ ਨੂੰ ਉਕਤ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਜਿਥੇ ਸਾਰੇ ਜ਼ਰੂਰੀ ਟੈਸਟ ਕੀਤੇ ਗਏ। ।
ਉਨ੍ਹਾਂ ਆਰ.ਬੀ.ਐਸ.ਕੇ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਕੁੜੀ ਦਾ ਮੁਫ਼ਤ ਆਪਰੇਸ਼ਨ ਸੰਭਵ ਹੋਇਆ ਹੈ ਅਤੇ ਪਰਵਾਰ ਦਾ ਕਾਫ਼ੀ ਖ਼ਰਚਾ ਬਚਿਆ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ ਅਤੇ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ। ਕਿਸੇ ਵੀ ਜ਼ਰੂਰੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫ਼ੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਡਾ. ਗਿਰੀਸ਼ ਡੋਗਰਾ ।