ਨਗਰ ਨਿਗਮ ਮੁਹਾਲੀ ਵੱਲੋਂ ਸਿਲਵੀ ਪਾਰਕ ਸ੍ਰੋਮਣੀ ਪੰਜਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ ਨੂੰ ਸਮਰਪਿਤ ਕਰਨ ਦਾ ਐਲਾਨ
Sanghol Times/ਗੁਰਜੀਤ ਬਿੱਲਾ/02.04.2023/Mohali –
ਸਾਹਿਤਕ ਹਲਕਿਆਂ ਲਈ ਇਹ ਖਬਰ ਗੌਰਵਮਈ ਹੋਵੇਗੀ ਕਿ ਇਤਿਹਾਸਕ ਪਹਿਲ ਕਰਦਿਆਂ ਨਗਰ ਨਿਗਮ ਮੁਹਾਲੀ ਵੱਲੋਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪੰਜਾਹ ਤੋਂ ਉਪਰ ਪੁਸਤਕਾਂ ਪਾਉਣ ਵਾਲੇ ਬਹੁ-ਵਿਧਾਵੀ ਪੰਜਾਬੀ ਲੇਖਕ ਸਵਰਗੀ ਸੰਤੋਖ ਸਿੰਘ ਧੀਰ ਨੂੰ ਮੁਹਾਲੀ ਦੇ ਫੇਜ਼-10 ਸਥਿਤ ਸਿਲਵੀ ਪਾਰਕ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਹੈ।ਨਗਰ ਨਿਗਮ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਨਗਰ ਨਿਗਮ ਦੇ ਤਮਾਮ ਕੌਸਲਰਾਂ ਦੇ ਸੁਹਿਰਦ ਯਤਨਾ ਸਦਕਾ ਇਹ ਸੰਭਵ ਹੋ ਸਕਿਆ ਹੈ।
ਜ਼ਿਕਰਯੋਗ ਹੈ ਕਿ ਕਹਾਣੀ ਸੰਗ੍ਰਿਹ ‘ਪੱਖੀ’ ਲਈ 1996 ਵਿੱਚ ਭਾਰਤੀ ਸਾਹਿਤ ਅਕਾਦਮੀ ਸਨਮਾਨ ਨਾਲ ਨਿਵਾਜੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਪੰਜਾਬੀ ਯੂਨੀਵਿਰਸਟੀ, ਪਟਿਆਲਾ ਦੇ ਤਾ-ਉਮਰ ਫੈਲੋ ਵੀ ਰਹੇ।2 ਦਸੰਬਰ 1920 ਨੂੰ ਬੱਸੀ ਪਠਾਣਾ ਵਿਖੇ ਜਨਮੇ ਸੰਤੋਖ ਸਿੰਘ ਧੀਰ ਦੀਆਂ ਪ੍ਰਸਿੱਧ ਰਚਨਾਵਾਂ ਦਾ ਹੋਰਨਾਂ ਭਾਸ਼ਾਵਾਂ ਵਿਚ ਵੀ ਤਰਜ਼ਮਾ ਕੀਤਾ ਗਿਆ।ਉਨਾਂ ਦੀਆਂ ਸ਼ਾਹਕਾਰ ਕਹਾਣੀਆਂ ਕੋਈ ਇਕ ਸਵਾਰ, ਪੱਖੀ, ਮੰਗੋ ਅਤੇ ਇਕ ਸਧਾਰਣ ਆਦਮੀ ਉਪਰ ਦੂਰਦਰਸ਼ਨ ਜਲੰਧਰ ਵੱਲੋਂ ਟੈਲੀ ਫਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ।ਸ੍ਰੀ ਧੀਰ ਸੰਸਾਰ ਅਮਨ ਨੂੰ ਪ੍ਰਣਾਈ ਕਵਿਤਾ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਦੇ ਰਚੇਤਾ ਹਨ। ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਸ੍ਰੀ ਧੀਰ ਦੀਆਂ ਪ੍ਰਸਿੱਧ ਕਹਾਣੀਆਂ ਡੈਣ, ਮੇਰਾ ਉਜੱੜਿਆ ਗੁਆਂਢੀ ਅਤੇ ਪੰਜ ਕਹਾਣੀਆਂ ਸਾਂਝੀ ਕੰਧ, ਸਵੇਰ ਹੋਣ ਤੱਕ, ਭੇਤ ਵਾਲੀ ਗੱਲ, ਕੋਈ ਇਕ ਸਵਾਰ, ਗੱਲਾਂ ਲਈ ਗੱਲਾਂ ਉਪਰ ਅਧਾਰਿਤ ਨਾਟਕ ਕਹਾਣੀ ਇਕ ਪਿੰਡ ਦੀ ਦੇ ਮੰਚਣ ਵੀ ਕੀਤੇ ਗਏ।ਜ਼ਿਕਰਯੋਗ ਹੈ ਕਿ ਧੀਰ ਸਾਹਿਬ ਦੇ 8 ਫਰਵਰੀ 2010 ਨੂੰ ਦੇਹਾਂਤ ਮਗਰੋਂ ਉਨਾਂ ਦੀ ਦੇਹ ਮੈਡੀਕਲ ਖੋਜ ਹਿੱਤ ਪੀ.ਜੀ.ਆਈ. ਚੰਡੀਗੜ੍ਹ ਨੂੰ ਸੌਂਪੀ ਗਈ ਸੀ।ਸਵਰਗੀ ਸੰਤੋਖ ਸਿੰਘ ਧੀਰ ਆਪਣੀ ਜ਼ਿੰਦਗੀ ਦੇ ਅਖੀਰਲੇ ਚਾਰ ਦਹਾਕੇ ਕੋਠੀ ਨੰ. 689, ਫੇਜ਼-10, ਮੁਹਾਲੀ ਵਿਖੇ ਹੀ ਰਹੇ ਸਨ।