ਪੰਜਾਬ ਦੇ ਸਿਰਫ ਚਾਰ ਸੰਸਦ ਮੈਂਬਰਾਂ ਨੇ ਭਰੀ ਬਜ਼ਟ ਸ਼ੈਸ਼ਨ ‘ਚ 100 ਫੀਸਦੀ ਹਾਜ਼ਰੀ
Sanghol Times/ਦਿੱਲੀ,ਚੰਡੀਗੜ੍ਹ,ਫਤਹਿਗੜ੍ਹ ਸਾਹਿਬ/10 ਅਪ੍ਰੈਲ ( ਮਲਕੀਤ ਸਿੰਘ ਭਾਮੀਆਂ) :- 6 ਅਪ੍ਰੈਲ ਨੂੰ ਖਤਮ ਹੋਏ ਸੰਸਦ ਦੇ ਬਜ਼ਟ ਇਜਲਾਸ ਦੌਰਾਨ ਪੰਜਾਬ ਦੇ ਕੁੱਲ 19 ਮੌਜੂਦਾ ਸੰਸਦ ਮੈਂਬਰਾਂ ਵਿੱਚੋਂ ਸਿਰਫ ਚਾਰ ਨੇ ਹੀ 100 ਫੀਸਦੀ ਹਾਜ਼ਰੀ ਭਰੀ। ਇਹ ਚਾਰੇ ਸੰਸਦ ਮੈਂਬਰ ਕਾਂਗਰਸ ਦੇ ਹਨ। ਪੰਜਾਬ ਵਿੱਚ ਰਾਜ ਦੇ 7 ਅਤੇ ਲੋਕ ਸਭਾ ਦੇ 13 ਸੰਸਦ ਮੈਂਬਰ ਹਨ ਜਦਕਿ ਦੋ ਵਾਰ ਸੰਸਦ ਮੈਂਬਰ ਰਹੇ ਸੰਤੋਖ ਸਿੰਘ ਚੌਧਰੀ ( 76 ) ਦੀ 14 ਜਨਵਰੀ ਨੂੰ ਮੌਤ ਹੋ ਜਾਣ ਕਾਰਨ ਜਲੰਧਰ ਸੰਸਦੀ ਸੀਟ ਖਾਲੀ ਹੋ ਗਈ ਸੀ। ਜਲੰਧਰ ਲੋਕ ਸਭਾ ਸੀਟ ‘ਤੇ ਉਪ ਚੋਣਾਂ 10 ਮਈ ਨੂੰ ਹੋਣ ਜਾ ਰਹੀ ਹੈ। ਸੰਸਦ ਵਿੱਚ ਪੂਰੀ ਹਾਜਰੀ ਅਤੇ ਸਾਂਸਦਾਂ ਵਿੱਚੋਂ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਅਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਸ਼ਾਮਲ ਹਨ। ਗੁਰਦਾਸਪੁਰ ਹਲਕੇ ਤੋਂ ਭਾਜਪਾ ਸੰਸਦ ਅਤੇ ਬਾਲੀਵੁੱਡ ਅਦਾਕਾਰ ਅਜੈ ਸਿੰਘ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ ਦੀ ਹਾਜ਼ਰੀ ਉਨ੍ਹਾਂ ਦੀ ਜਿੱਤ ਤੋਂ ਬਾਅਦ ਵੀ ਨਿਰਾਸ਼ਾਜਨਕ ਰਹੀ। ਸੰਨੀ ਦਿਓਲ ਨੇ ਬਜ਼ਟ ਸ਼ੈਸ਼ਨ ਦੌਰਾਨ 9% ਹਾਜ਼ਰੀ ਯਕੀਨੀ ਬਣਾਈ ਜਦਕਿ ਮਈ 2019 ਤੋਂ ਉਨ੍ਹਾਂ ਦੀ ਸਮੂਚੀ ਹਾਜ਼ਰੀ ਸਿਰਫ 20% ਰਹੀ ਹੈ। ਇਹ ਜਾਣਕਾਰੀ ਰਾਜ ਸਭਾ ਦੀ ਵੈਬਸਾਈਟ ਤੋਂ ਲਈ ਗਈ ਹੈ। ਇਸ ਤੋਂ ਇਲਾਵਾ ਰਾਜ ਸਭਾ ਦੇ ਰਿਕਾਰਡ ਦਰਸਾਉਂਦੇ ਹਨ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਅਤੇ “ਆਪ” ਸੰਸਦ ਮੈਂਬਰ ਹਰਭਜਨ ਸਿੰਘ 31 ਜਨਵਰੀ ਤੋਂ 13 ਫਰਵਰੀ ਤੱਕ ਬਜ਼ਟ ਸ਼ੈਸ਼ਨ ਦੇ ਪੂਰੇ ਪਹਿਲੇ ਪੜਾਅ ਦੌਰਾਨ ਛੂੱਟੀ ‘ਤੇ ਰਹੇ। ਰਾਜ ਸਭਾ ਦੀ ਵੈਬਸਾਈਟ ‘ਤੇ ਉਨ੍ਹਾਂ ਦੀ ਹਾਜ਼ਰੀ ਦਾ ਕੋਈ ਰਿਕਾਰਡ ਨਹੀਂ ਦਿਖਾਇਆ ਗਿਆ ਹੈ। 13 ਮਾਰਚ ਤੋਂ 6 ਅਪ੍ਰੈਲ ਤੱਕ ਬਜ਼ਟ ਸ਼ੈਸ਼ਨ ਦੇ ਦੂਜੇ ਪੜਾਅ ਲਈ “ਆਪ” ਦੇ ਸਾਰੇ ਸੱਤ ਰਾਜ ਸਭਾ ਮੈਂਬਰਾਂ ਵਿੱਚੋਂ ਰਾਘਵ ਚੱਢਾ ਦੀ ਬਜ਼ਟ ਸ਼ੈਸ਼ਨ ਵਿੱਚ ਸੱਭ ਤੋਂ ਵੱਧ 87% ਹਾਜ਼ਰੀ ਰਹੀ ਹੈ।