ਵਿਸ਼ਵ ਲੀਵਰ ਦਿਵਸ
ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਲੀਵਰ ਦੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ: ਡਾ. ਰਾਕੇਸ਼ ਕੋਛੜ
Sanghol Times/ਮੋਹਾਲੀ,18 ਅਪ੍ਰੈਲ,2023: ਲੀਵਰ ਮਨੁੱਖੀ ਸਰੀਰ ਦਾ ਦੂਜਾ ਸਭ ਤੋਂ ਵੱਡਾ ਅਤੇ ਸਭ ਤੋਂ ਗੁੰਝਲਦਾਰ ਅੰਗ ਹੈ। ਇਹ ਮਨੁੱਖੀ ਸਰੀਰ ਦੇ ਆਮ ਕੰਮਕਾਜ ਲਈ ਮਹੱਤਵਪੂਰਨ ਹੈ ਅਤੇ ਪਾਚਨ, ਪ੍ਰਤੀਰੋਧਕ ਸ਼ਕਤੀ ਅਤੇ ਕਈ ਪਾਚਕ ਕਾਰਜਾਂ ਵਿੱਚ ਸਹਾਇਤਾ ਕਰਦਾ ਹੈ। ਵਿਸ਼ਵ ਲੀਵਰ ਦਿਵਸ ਹਰ ਸਾਲ 19 ਅਪ੍ਰੈਲ ਨੂੰ ਜਿਗਰ ਅਤੇ ਇਸ ਨਾਲ ਸਬੰਧਿਤ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਇਸ ਸਾਲ ਦੇ ਸਮਾਗਮ ਦਾ ਵਿਸ਼ਾ ਹੈ ‘ਜਾਗਰੂਕ ਰਹੋ, ਨਿਯਮਿਤ ਲਿਵਰ ਦੀ ਜਾਂਚ ਕਰੋ, ਫੈਟੀ ਲੀਵਰ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।’
ਇੱਕ ਐਡਵਾਇਜ਼ਰੀ ਵਿੱਚ ਡਾ. ਰਾਕੇਸ਼ ਕੋਛੜ, ਡਾਇਰੈਕਟਰ, ਗੈਸਟਰੋਐਂਟਰੌਲੋਜੀ ਅਤੇ ਹੈਪੇਟੋਬਿਲਰੀ ਸਾਇੰਸਜ਼, ਫੋਰਟਿਸ ਹਸਪਤਾਲ ਮੋਹਾਲੀ, ਨੇ ਲੀਵਰ ਦੀਆਂ ਬਿਮਾਰੀਆਂ ਦੇ ਆਮ ਲੱਛਣਾਂ, ਕਾਰਨਾਂ, ਪ੍ਰਬੰਧਨ ਅਤੇ ਰੋਕਥਾਮ ਬਾਰੇ ਦੱਸਿਆ ਹੈ।
ਲੀਵਰ ਦੀਆਂ ਬਿਮਾਰੀਆਂ ਦੀਆਂ ਸਭ ਤੋਂ ਆਮ ਕਿਸਮਾਂ ਬਾਰੇ ਚਰਚਾ ਕਰਦਿਆਂ ਡਾ. ਰਾਕੇਸ਼ ਕੋਛੜ ਨੇ ਕਿਹਾ ਕਿ ਸੰਕ੍ਰਾਮਕ ਹੈਪੇਟਾਈਟਸ, ਜਿਸ ਵਿੱਚ ਵਾਇਰਲ ਹੈਪੇਟਾਈਟਸ, ਏ, ਬੀ, ਸੀ, ਡੀ ਅਤੇ ਈ ਅਤੇ ਹੋਰ ਇੰਨਫੈਕਸ਼ਨ ਜਿਵੇਂ ਕਿ ਐਮੀਬਿਆਸਿਸ ਅਤੇ ਟੀਬੀ ਸ਼ਾਮਿਲ ਹਨ। ਅਲਕੋਹਲਿਕ ਲੀਵਰ ਦੀ ਬਿਮਾਰੀ: ਇਹ ਇੱਕ ਹੋਰ ਰੋਕਥਾਮਯੋਗ ਬਿਮਾਰੀ ਹੈ ਜਿਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਇਹ ਸ਼ਰਾਬ ਦੀ ਖਪਤ ਦੀ ਮਾਤਰਾ ਅਤੇ ਮਿਆਦ ਨਾਲ ਜੁੜਿਆ ਹੋਇਆ ਹੈ। ਸਮੇਂ ਦੇ ਨਾਲ ਅਲਕੋਹਲਿਕ ਹੈਪੇਟਾਈਟਸ ਅਤੇ ਸਿਰੋਸਿਸ ਦੇ ਮਾਮਲੇ ਵਧੇ ਹਨ। ਫੈਟੀ ਲੀਵਰ ਜਾਂ ਗੈਰ-ਅਲਕੋਹਲਿਕ ਫੈਟੀ ਲੀਵਰ ਦੀ ਬਿਮਾਰੀ, ਜੋ ਕਿ ਭਾਰਤ ਵਿੱਚ 25-35 ਫੀਸ਼ਦੀ ਅਮੀਰ ਆਬਾਦੀ ਨੂੰ ਪ੍ਰਭਾਵਿਤ ਕਰਦੀ ਹੈ, ਕ੍ਰੋਨਿਕ ਲੀਵਰ ਦੀ ਬਿਮਾਰੀ ਦੇ ਇੱਕ ਮੁੱਖ ਕਾਰਨ ਵਜੋਂ ਉਭਰੀ ਹੈ। ਇਹ ਮੋਟਾਪੇ ਅਤੇ ਸ਼ੂਗਰ ਨਾਲ ਸਬੰਧਿਤ ਹੈ ਪਰ ਆਮ ਭਾਰ ਵਾਲੇ ਵਿਅਕਤੀਆਂ ਵਿੱਚ ਵੀ ਹੁੰਦਾ ਹੈ। ‘‘ਮੋਟਾਪੇ ਦੀ ਸਮੱਸਿਆ ਦੇ ਵਿਚਕਾਰ ਭਾਰਤ ਦੁਨੀਆ ਦੀ ਸ਼ੂਗਰ ਦੀ ਰਾਜਧਾਨੀ ਹੋਣ ਦੇ ਨਾਲ, ਇਹ ਅਨੁਮਾਨ ਲਗਾਇਆ ਗਿਆ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਗੈਰ-ਅਲਕੋਹਲ ਫੈਟੀ ਲੀਵਰ ਦੀ ਬਿਮਾਰੀ ਇੱਕ ਪ੍ਰਮੁੱਖ ਸਥਾਨ ਗ੍ਰਹਿਣ ਕਰੇਗੀ।
ਦਵਾਈਆਂ ਤੋਂ ਪ੍ਰਭਾਵਿਤ ਲੀਵਰ ਦੀ ਬਿਮਾਰੀ: ਬਹੁਤ ਸਾਰੀਆਂ ਦਵਾਈਆਂ, ਜਿਨ੍ਹਾਂ ਵਿੱਚ ਕੁੱਝ ਐਂਟੀਬਾਇਓਟਿਕਸ, ਐਂਟੀ-ਟਿਊਬਰਕੂਲਰ, ਐਂਟੀ-ਏਪੀਲੇਪਟਿਕਸ ਅਤੇ ਐਂਟੀ-ਕੈਂਸਰ ਦਵਾਈਆਂ ਸ਼ਾਮਿਲ ਹਨ, ਇਹ ਲੀਵਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਬਹੁਤ ਸਾਰੀਆਂ ਜੜੀ-ਬੂਟੀਆਂ ਅਤੇ ਆਯੁਰਵੈਦਿਕ ਦਵਾਈਆਂ ਨੂੰ ਲੀਵਰ ਦੀ ਬਿਮਾਰੀ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਉਹ ਨੇ ਦੱਸਿਆ ਕਿ ਸਿਰੋਸਿਸ ਉਪਰੋਕਤ ਬਹੁਤ ਸਾਰੀਆਂ ਸਥਿਤੀਆਂ ਲਈ ਲੀਵਰ ਦੀ ਫਾਈਬਰੋਟਿਕ ਪ੍ਰਤੀਕ੍ਰਿਆ ਹੈ ਅਤੇ ਹੈਪੇਟੋਸੈਲੂਲਰ ਕਾਰਸੀਨੋਮਾ ਦਾ ਕਾਰਨ ਬਣ ਸਕਦਾ ਹੈ।
ਡਾ. ਕੋਛੜ ਨੇ ਦੱਸਿਆ ਕਿ ਲੀਵਰ ਦੀ ਬਿਮਾਰੀ ਵਾਲੇ ਮਰੀਜ਼ਾਂ ਵਿੱਚ ਭੁੱਖ ਨਾ ਲੱਗਣਾ, ਜੀਅ ਕੱਚਾ ਹੋਣਾ, ਉਲਟੀਆਂ ਆਉਣਾ, ਬੁਖਾਰ, ਸਿਰ ਦਰਦ, ਸੁਸਤੀ, ਪਿਸ਼ਾਬ ਦਾ ਕਾਲਾਪਨ, ਪੀਲੀਆ, ਪੇਟ ਵਿੱਚ ਦਰਦ ਅਤੇ ਪੈਰਾਂ ਵਿੱਚ ਸੋਜਸ ਹੋਣਾ ਆਮ ਲੱਛਣ ਨਜ਼ਰ ਆਉਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਲੀਵਰ ਦੀਆਂ ਬਿਮਾਰੀਆਂ ਦਾ ਪਤਾ ਬਲੱਡ ਟੈਸਟ ਅਤੇ ਅਲਟਰਾਸਾਊਂਡ ਰਾਹੀਂ ਲਗਾਇਆ ਜਾ ਸਕਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਰੋਕਥਾਮਯੋਗ ਹਨ, ਜਿਵੇਂ ਕਿ ਹੈਪੇਟਾਈਟਸ ਏ ਅਤੇ ਬੀ ਅਤੇ ਅਲਕੋਹਲ ਲੀਵਰ ਦੀ ਬਿਮਾਰੀ। ਖੁਰਾਕ, ਕਸਰਤ ਅਤੇ ਭਾਰ ਕੰਟਰੋਲ ਕਰਨ ਦੇ ਨਾਲ ਜੀਵਨਸ਼ੈਲੀ ਵਿੱਚ ਤਬਦੀਲੀਆਂ ਗੈਰ-ਅਲਕੋਹਲ ਵਾਲੇ ਫੈਟੀ ਲਿਵਰ ਦੀ ਬਿਮਾਰੀ ਨੂੰ ਰੋਕ ਸਕਦੀਆਂ ਹਨ। ਸਮੇਂ ਸਿਰ ਅਤੇ ਮਾਹਿਰਾਂ ਦੀ ਸਲਾਹ ਲੈਣੀ ਜ਼ਰੂਰੀ ਹੈ।
ਡਾ. ਕੋਛੜ ਨੇ ਕਿਹਾ ਕਿ ਜੀਵਨਸ਼ੈਲੀ ਵਿਚ ਕੁੱਝ ਬਦਲਾਅ ਕਰਕੇ ਜਿਗਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ‘‘ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸ਼ਰਾਬ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸਰੀਰਕ ਗਤੀਵਿਧੀਆਂ ਨੂੰ ਸ਼ਾਮਿਲ ਕਰੋ ਕਿਉਂਕਿ ਇਸ ਨਾਲ ਸਰੀਰ ਫਿੱਟ ਰਹਿੰਦਾ ਹੈ। ਆਪਣੇ ਭਾਰ ਨੂੰ ਕੰਟਰੋਲ ਵਿੱਚ ਰੱਖੋ ਅਤੇ ਸੰਤੁਲਿਤ ਖੁਰਾਕ ਦਾ ਇਸਤੇਮਾਲ ਯਕੀਨੀ ਬਣਾਓ। ਜੂਸ, ਸਾਫਟ ਡਰਿੰਕਸ, ਸਪੋਰਟਸ ਡਰਿੰਕਸ ਆਦਿ ਖੰਡ ਆਧਾਰਿਤ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰਨ ਤੋਂ ਇਲਾਵਾ ਖੰਡ ਅਤੇ ਨਮਕ ਦਾ ਇਸਤੇਮਾਲ ਵੀ ਸੀਮਤ ਕਰਨਾ ਚਾਹੀਦਾ ਹੈ।