ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਅਹਿਮ ਉਪਾਅ : ਡਾ. ਮਾਨ
ਵੱਖ-ਵੱਖ ਥਾਈਂ ਰਾਸ਼ਟਰੀ ਡੇਂਗੂ ਦਿਵਸ ਮਨਾਇਆ
Sanghol Times/ਬਲਾਚੌਰ,16.05.2023(ਜਤਿੰਦਰ ਪਾਲ ਸਿੰਘ ਕਲੇਰ ) ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਅੱਜ ਬਲਾਕ ਬਲਾਚੌਰ ਦੇ ਸਿਹਤ ਕੇਂਦਰਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ ਅਤੇ ਲੋਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।
ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਡੇਂਗੂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਵਿਭਾਗ ਦੇ ਅਣਥੱਕ ਯਤਨਾਂ ਨਾਲ ਡੇਂਗੂ ਦੀ ਬਿਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ। ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤੇ ਖੜ੍ਹੇ ਪਾਣੀ ਵਿਚ ਕਾਲਾ ਤੇਲ ਪਾ ਦਿੱਤਾ ਜਾਵੇ। ਘਰਾਂ ਵਿੱਚ ਛੱਤਾਂ ਤੇ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੁੱਧਾ ਮਾਰਨ, ਢਕਣ ਜਾਂ ਨਸ਼ਟ ਕਰਨ ਸਬੰਧੀ ਕਿਹਾ ਤਾਂ ਜੋ ਉਨ੍ਹਾਂ ਵਿਚ ਮੀਂਹ ਦਾ ਪਾਣੀ ਇਕੱਠਾ ਨਾ ਹੋ ਸਕੇ। ਇਸ ਤੋਂ ਇਲਾਵਾ ਲੋਕਾਂ ਨੂੰ ਖਾਲੀ ਪਏ ਟਾਇਰਾਂ ਨੂੰ ਘਰਾਂ ਦੇ ਅੰਦਰ ਰੱਖਣ, ਤਰਪਾਲ ਰਾਹੀਂ ਢਕ ਕੇ ਰੱਖਣ ਜਾਂ ਇਨ੍ਹਾਂ ਨੂੰ ਨਸ਼ਟ ਕਰਨ ਲਈ ਕਿਹਾ।
ਡਾ. ਮਾਨ ਨੇ ਇਹ ਵੀ ਦੱਸਿਆ ਕਿ ਡੇਂਗੂ ਬੁਖ਼ਾਰ ਮਾਦਾ ਏਡੀਜ਼ ਅਜਿਪਟੀ ਨਾਮੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ‘ਟਾਈਗਰ ਮੱਛਰ’ ਵੀ ਕਹਿੰਦੇ ਹਨ, ਜੋ ਇੱਕ ਹਫ਼ਤੇ ‘ਚ ਇਕ ਅੰਡੇ ਤੋਂ ਪੂਰਾ ਜਵਾਨ ਮੱਛਰ ਤਿਆਰ ਹੋ ਜਾਂਦਾ ਹੈ। ਇਹ ਸਾਫ਼ ਖੜੇੵ ਪਾਣੀ ਵਿਚ ਹੀ ਪਣਪਦਾ ਹੈ। ਇਹ ਮੱਛਰ ਜ਼ਿਆਦਾਤਰ ਸਵੇਰ ਤੇ ਸ਼ਾਮ ਨੂੰ ਕੱਟਦਾ ਹੈ। ਇਸ ਦੇ ਸਰੀਰ ਉੱਤੇ ਟਾਈਗਰ ਵਰਗੀਆਂ ਕਾਲੀਆਂ ਚਿੱਟੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਡੇਂਗੂ ਤੇ ਮਲੇਰੀਏ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰਾਂ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਂਕਿ ਇਲਾਜ ਨਾਲੋਂ ਪ੍ਰਹੇਜ਼ ਜ਼ਿਆਦਾ ਬਿਹਤਰ ਹੈ ਅਤੇ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਅਹਿਮ ਉਪਾਅ ਹੈ।
ਡਾ. ਮਾਨ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਹਰੇਕ ਸ਼ੁੱਕਰਵਾਰ ਨੂੰ ਖ਼ੁਸ਼ਕ ਦਿਵਸ ਦੇ ਤੌਰ ‘ਤੇ ਮਨਾ ਕੇ ਆਪਣੇ ਕੂਲਰਾਂ ਤੇ ਫ਼ਰਿਜਾਂ ਆਦਿ ਨੂੰ ਸਾਫ ਕਰਕੇ ਸੁਕਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਸ ਬਿਮਾਰੀ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਵੀ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਕਾਰਨ ਹੀ ਡੇਂਗੂ ਦੇ ਕੇਸਾਂ ਵਿਚ ਕਮੀ ਪਾਈ ਗਈ ਸੀ, ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਵੀ ਸਿਹਤ ਵਿਭਾਗ ਦਾ ਪੂਰਾ-ਪੂਰਾ ਸਹਿਯੋਗ ਦੇਣ।
ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ, ਸਿਹਤ ਇੰਸਪੈਕਟਰ ਦਿਲਬਾਗ ਸਿੰਘ, ਅਮਰਜੀਤ ਕੁਮਾਰ, ਰਾਮ ਗੋਪਾਲ, ਸਤੀਸ਼ ਕੁਮਾਰ, ਸੁਰਿੰਦਰ ਕੁਮਾਰ ਤੇ ਜਸਪਾਲ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।