ਯੂਨੀਅਨ ਸਿਟੀ ਕੈਲੀਫ਼ੋਰਨਿਆ ਦੇ ਪਹਿਲੇ ਸਿੱਖ ਮੇਅਰ ਦਾ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਸਨਮਾਨ
ਮੇਅਰ ਗੈਰੀ ਸਿੰਘ ਵੱਲੋਂ ਟਕਸਾਲ ਮੁੱਖੀ ਨਾਲ ਕੀਤੀ ਗਈ ਵਿਸ਼ੇਸ਼ ਬੈਠਕ
ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ/30Nov., 2024 –
ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਪ੍ਰਧਾਨ ਸੰਤ ਸਮਾਜ ਜੋ ਇਹਨੀਂ ਦਿਨੀਂ ਆਪਣੀ ਧਰਮ ਪ੍ਰਚਾਰ ਦੀ ਅਮੈਰੀਕਾ ਫ਼ੇਰੀ ਉੱਤੇ ਗਏ ਹਨ, ਵੱਲੋਂ ਕੈਲੀਫੋਰਨੀਆ ਸਟੇਟ ਦੀ ਯੂਨੀਅਨ ਸਿਟੀ ਦੇ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਗੈਰੀ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੇਅਰ ਗੈਰੀ ਸਿੰਘ ਵਿਸ਼ੇਸ਼ ਤੌਰ ਤੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਮਿਲਣ ਪੁੱਜੇ ਸਨ।ਜ਼ਿਕਰਯੋਗ ਹੈ ਕਿ ਯੂਨੀਅਨ ਸਿਟੀ ਵਿੱਚ 95 ਫ਼ੀਸਦੀ ਅਮਰੀਕੀ ਲੋਕਾਂ ਦੀ ਵਸੋਂ ਹੈ ਪਰ ਫ਼ਿਰ ਵੀ ਇੱਕ ਸਿੱਖ ਦਾ ਮੇਅਰ ਬਣਨਾ ਉਹਨਾਂ ਦੀ ਇੱਕ ਵਿਸ਼ੇਸ਼ ਪ੍ਰਾਪਤੀ ਹੈ। ਗੈਰੀ ਸਿੰਘ ਯੂਨੀਅਨ ਸਿਟੀ ਦੀ ਪਹਿਲੇ ਸਿੱਖ ਮੇਅਰ ਬਣੇ ਹਨ। ਇਸ ਮੌਕੇ ਉਹਨਾਂ ਨੇ ਸੰਤ ਬਾਬਾ ਹਰਨਾਮ ਸਿੰਘ ਨਾਲ ਅਮਰੀਕਾ ਵਸਦੇ ਸਿੱਖ ਭਾਈਚਾਰੇ ਦੇ ਭਵਿੱਖ ਬਾਰੇ ਵਿਸ਼ੇਸ਼ ਚਰਚਾ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਜੰਡੀ ਪ੍ਰਧਾਨ ਗੁਰਦੁਆਰਾ ਸਾਹਿਬ ਫਰੀਮੋਂਟ, ਭਾਈ ਜੁਝਾਰ ਸਿੰਘ ਪਰਮਾਰ, ਭਾਈ ਪਵਿੱਤਰ ਸਿੰਘ, ਸਰਪੰਚ ਹਰਜੀਤ ਸਿੰਘ ਸਾਊਥ ਹਾਲ ਇੰਗਲੈਂਡ ਤੋਂ ਇਲਾਵਾ ਹੋਰ ਸਿੱਖ ਸੰਗਤਾਂ ਵੀ ਹਾਜ਼ਰ ਸਨ।
