‘ਆਈ ਫਲੂ’ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਲੋੜ: ਸਿਵਲ ਸਰਜਨ
ਮਾਸ ਮੀਡੀਆ ਵਿੰਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਰੀ
ਦਲਜੀਤ ਕੌਰ
Sanghol Times/ਦਲਜੀਤ ਕੌਰ/ਸੰਗਰੂਰ/03 ਅਗਸਤ,3023: ਇਨ੍ਹੀ ਦਿਨੀ ‘ਆਈ ਫਲੂ’ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਲੋਕ ਹਿੱਤ ਵਿੱਚ ਲੋੜੀਂਦੀਆਂ ਸਾਵਧਾਨੀਆਂ ਬਾਰੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਨੂੰ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੀ ਹਦਾਇਤ ਕਰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਅਹਿਤਿਆਤੀ ਤੌਰ ’ਤੇ ਕਦਮ ਚੁੱਕੇ ਜਾਣ ਦੀ ਲੋੜ ਹੈ।
ਅੱਜ ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਵਿਭਾਗੀ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਇਸ ਮੌਸਮ ਵਿੱਚ ਆਮ ਤੌਰ ‘ਤੇ ਅੱਖਾਂ ਵਿੱਚ ਇੰਫੈਕਸ਼ਨ ਦੇ ਕੇਸ ਜਿਆਦਾ ਪਾਏ ਜਾਂਦੇ ਹਨ ਜਿਸ ਸਬੰਧੀ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅੱਖਾਂ ਦੇ ਫਲੂ ਜਿਸਨੂੰ ਕੰਜਕਟੀਵਾਇਟਸ ਵੀ ਕਿਹਾ ਜਾਂਦਾ ਹੈ, ਪ੍ਰਤੀ ਸੁਚੇਤ ਹੋਣਾ ਜਰੂਰੀ ਹੈ ।ਉਹਨਾਂ ਕਿਹਾ ਕਿ ਅੱਖਾਂ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਇੰਨਫੈਕਸ਼ਨ ਨਾਲ ਆਈ ਲਾਲੀ ਲਾਗ ਦੀ ਬਿਮਾਰੀ ਦੀ ਨਿਸ਼ਾਨੀ ਹੈ ਜਿਸ ਨੂੰ ਫਲੂ ਵੀ ਕਿਹਾ ਜਾਂਦਾ ਹੈ।ਉਹਨਾਂ ਲੋਕਾਂ ਨੂੰ ਅੱਖਾਂ ਵਿੱਚ ਕਿਸੇ ਤਰਾਂ ਦੀ ਇਨਫੈਕਸ਼ਨ ਹੋਣ ‘ਤੇ ਸਵੈ-ਦਵਾਈ ਜਾਂ ਘਰੇਲੂ ਉਪਚਾਰਾਂ ਤੋਂ ਬਚਣ ਦੀ ਥਾਂ ਤੇ ਸਰਕਾਰੀ ਸਿਹਤ ਕੇਂਦਰਾਂ ਵਿਖੇ ਇਲਾਜ ਲਈ ਸੰਪਰਕ ਕਰਨ ਲਈ ਕਿਹਾ ਕਿੳਂਕਿ ਸਮੇਂ ਸਿਰ ਇਸ ਨੂੰ ਬੇਹੱਦ ਸਧਾਰਨ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ, ਪਰ ਇਨਫੈਕਸ਼ਨ ਨਾਲ ਛੇੜ ਛਾੜ ਕਰਨ ਤੇ ਸਮੱਸਿਆ ਵੀ ਆ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਅੱਖਾਂ ਦੇ ਫਲੂ ਦੇ ਲੱਛਣਾਂ ਵਿੱਚ ਅੱਖਾਂ ਵਿੱਚ ਖੁਜਲੀ, ਅੱਖਾਂ ਦਾ ਲਾਲ ਹੋਣਾ, ਪਲਕਾਂ ਵਿੱਚ ਸੋਜ ਅਤੇ ਲਾਗ ਵਾਲੀ ਅੱਖ ਵਿੱਚੋਂ ਪਾਣੀ ਆਉਣਾ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਵਾਇਰਲ ਲਾਗ ਹੈ ਅਤੇ ਇੱਕ ਹਫ਼ਤੇ ਤੱਕ ਰਹਿੰਦੀ ਹੈ। ਇਕ ਇਨਫੈਕਟਿਡ ਵਿਅਕਤੀ ਤੋਂ ਦੂਜੇ ਨੂੰ ਅਤੇ ਵਰਤੇ ਗਏ ਸਮਾਨ ਜਿਵੇਂ ਦਰਵਾਜੇ ਦੇ ਹੈਂਡਲ, ਟੇਬਲ, ਪੇਨ ਆਦਿ ਚੀਜਾਂ ਰਾਹੀਂ ਫੈਲਦਾ ਹੈ।ਉਹਨਾਂ ਕਿਹਾ ਕਿ ਸੰਕਰਮਿਤ ਵਿਅਕਤੀਆਂ ਦੇ ਤੌਲੀਏ, ਬਿਸਤਰੇ ਦੀਆਂ ਚਾਦਰਾਂ ਅਤੇ ਹੋਰ ਕੱਪੜੇ ਵੱਖ ਕੀਤੇ ਜਾਣੇ ਚਾਹੀਦੇ ਹਨ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬਿਮਾਰੀ ਫੈਲਣ ਤੋਂ ਰੋਕਣ ਲਈ ਨਿਯਮਤ ਤੌਰ ‘ਤੇ ਹੱਥ ਧੋਣੇ ਚਾਹੀਦੇ ਹਨ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸਰੋਜ ਰਾਣੀ ਅਤੇ ਬੀ.ਈ.ਈ. ਹਰਪ੍ਰੀਤ ਕੌਰ, ਯਾਦਵਿੰਦਰ, ਹਰਦੀਪ ਕੁਮਾਰ, ਨਰਿੰਦਰ ਪਾਲ ਸਿੰਘ ਹਾਜ਼ਰ ਸਨ।