ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਰ 21 ਅਕਤੂਬਰ ਤੋਂ 15 ਨਵੰਬਰ ਤੱਕ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ: ਡਿਪਟੀ ਕਮਿਸ਼ਨਰ
Sanghol Times/ਦਲਜੀਤ ਕੌਰ/ਸੰਗਰੂਰ/19 ਅਕਤੂਬਰ, 2023 : ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਨਿਯਮਾਂਵਲੀ 1959 ਅਧੀਨ ਗੁਰਦੁਆਰਾ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ 21 ਅਕਤੂਬਰ 2023 ਨੂੰ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ ਜੋ ਕਿ 15 ਨਵੰਬਰ 2023 ਤੱਕ ਚੱਲੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ 5 ਦਸੰਬਰ 2023 ਨੂੰ ਮੁੱਢਲੀ ਪ੍ਰਕਾਸ਼ਨਾ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਬਿਨੈਕਾਰ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ। ਬਿਨੈਕਾਰ ਕੇਸਾਧਾਰੀ ਸਿੱਖ ਜੋ ਆਪਣੇ ਦਾੜ੍ਹੀ ਜਾਂ ਕੇਸਾਂ ਨੂੰ ਨਾ ਕੱਟਦਾ ਹੋਵੇ ਜਾਂ ਸ਼ੇਵ ਨਾ ਕਰਦਾ ਹੋਵੇ ਅਤੇ ਸਿਗਰਟ, ਸ਼ਰਾਬ ਨਾ ਪੀਂਦਾ ਹੋਵੇ ਅਤੇ ਮਾਸ ਦਾ ਸੇਵਨ ਨਾ ਕਰਦਾ ਹੋਵੇ। ਜਿੱਥੇ ਉਹ ਰਹਿੰਦਾ ਹੈ, ਸਬੰਧਤ ਗੁਰਦੁਆਰਾ ਚੋਣ ਹਲਕੇ ਦੀ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰ. 1 (ਕੇਸਧਾਰੀ ਸਿੱਖ ਲਈ) ਭਰ ਕੇ ਪਿੰਡਾਂ ਵਿਚ ਪਟਵਾਰੀਆਂ ਅਤੇ ਸ਼ਹਿਰਾਂ ਵਿੱਚ ਸਬੰਧਤ ਉਪ ਮੰਡਲ ਮੈਜਿਸਟਰੇਟ ਵਲੋਂ ਨਿਯੁਕਤ ਕਰਮਚਾਰੀਆਂ ਨੂੰ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਫਾਰਮ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਆਧਾਰ ਕਾਰਡ ਦੁਆਰਾ ਜਾਂ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਸ਼ਨਾਖਤੀ ਕਾਰਡ ਤੋਂ ਵੋਟਰ ਦਾ ਨਾਮ, ਮਾਤਾ/ਪਿਤਾ/ਪਤੀ ਦਾ ਨਾਮ ਆਦਿ ਦੀ ਤਸਦੀਕ ਅਤੇ ਪੁਸ਼ਟੀ ਕੀਤੀ ਜਾਵੇਗੀ ਅਤੇ ਨੰਬਰ ਲਿਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 6 ਗੁਰਦੁਆਰਾ ਚੋਣ ਹਲਕੇ 41-ਮੂਨਕ, 42-ਸੁਨਾਮ, 43-ਲੌਂਗੋਵਾਲ, 47-ਧੂਰੀ, 50-ਸੰਗਰੂਰ, 51-ਦਿੜ੍ਹਬਾ ਪੈਂਦੇ ਹਨ। ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਵੋਟਰ ਸੂਚੀ ਵਿਚ ਨਿਯੁਕਤ ਕਰਮਚਾਰੀ ਨੂੰ ਆਪਣਾ ਫਾਰਮ ਨੰ. 1 ਭਰ ਕੇ ਮਿੱਥੇ ਸਮੇਂ ਵਿਚ ਦਿੱਤਾ ਜਾਵੇ ਅਤੇ ਵੋਟਰ ਰਜਿਸਟ੍ਰੇਸ਼ਨ ਦੀ ਇਸ ਮੁਹਿੰਮ ਵਿੱਚ ਹਿੱਸਾ ਲੈ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਅਹਿਮ ਕੰਮ ਵਿੱਚ ਆਪਣਾ ਯੋਗਦਾਨ ਪਾਉਣਾ ਯਕੀਨੀ ਬਣਾਵੇ।