
ਬਿਲਡਰਾਂ ਤੋਂ ਈ ਡੀ ਸੀ ਦੀ ਵਸੂਲੀ ਕਰਨ ਲਈ ਰਜਿਸਟਰੀਆਂ ਤੇ ਰੋਕ ਲਾਉਣ ਦੀ ਬਜਾਏ ਕੋਈ ਹੋਰ ਰਸਤਾ ਅਖਤਿਆਰ ਕਰੇ ਗਮਾਡਾ
ਵੱਖ-ਵੱਖ ਮੇਗਾ ਪ੍ਰੋਜੈਕਟਾਂ ਦੇ ਵਸਨੀਕਾਂ ਦੀ ਸੰਸਥਾ ਵਲੋਂ ਗਮਾਡਾ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ
Sanghol Times/ਐਸ ਏ ਐਸ ਨਗਰ/06 ਦਸੰਬਰ,2023 – ਕੌਂਸਲ ਆਫ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ਼ ਦੇ ਅਹੁਦੇਦਾਰਾਂ ਵਲੋਂ ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੇ ਪ੍ਰਧਾਨਗੀ ਹੇਠ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਬਲਵਿੰਦਰ ਸਿੰਘ, ਜਿਲ੍ਹਾ ਟਾਊਨ ਪਲਾਨਰ ਗੁਰਦੇਵ ਸਿੰਘ ਅਟਵਾਲ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਮੰਗ ਕੀਤੀ ਗਈ ਕਿ ਮੁਹਾਲੀ ਦੇ ਮੈਗਾ ਪ੍ਰੋਜੈਕਟਾਂ ਤੇ ਕੁਝ ਸੈਕਟਰਾਂ ਦੀਆਂ ਰਜਿਸਟਰੀਆਂ ਦੇ ਹਾਲ ਵਿੱਚ ਲਗਾਈ ਗਈ ਰੋਕ ਨੂੰ ਤੁਰੰਤ ਹਟਾਇਆ ਜਾਵੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੌਂਸਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ਾਮਿਲ ਹੋਏ ਵੱਖ-ਵੱਖ ਮੇਗਾ ਪ੍ਰੋਜੈਕਟਾਂ ਨਾਲ ਸੰਬੰਧਿਤ ਐਸੋਸੀਏਸ਼ਨਾਂ ਅਤੇ ਸੁਸਾਇਟੀਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਉਹਨਾਂ ਦੱਸਿਆ ਕਿ ਇਸ ਮੌਕੇ ਗਮਾਡਾ ਦੇ ਉੱਚ ਅਧਿਕਾਰੀਆਂ ਦੇ ਧਿਆਨ ਲਿਆਂਦਾ ਗਿਆ ਕਿ ਰਜਿਸਟਰੀਆਂ ਤੇ ਰੋਕ ਲਾਉਣ ਨਾਲ ਬਿਲਡਰਾਂ ਦੀਆਂ ਬਜਾਏ ਆਮ ਲੋਕ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਬਿਲਡਰ ਇਹਨਾਂ ਸੈਕਟਰਾਂ ਵਿੱਚ ਲਗਭਗ 100 ਫੀਸਦੀ ਪਲਾਟ ਵਗੈਰਾ ਪਹਿਲਾਂ ਹੀ ਵੇਚ ਚੁੱਕੇ ਹਨ। ਉਹਨਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਲਡਰਾਂ ਤੋਂ ਈ ਡੀ ਸੀ ਦੀ ਵਸੂਲੀ ਕਰਨ ਲਈ ਰਜਿਸਟਰੀਆਂ ਤੇ ਰੋਕ ਲਾਉਣ ਦੀ ਬਜਾਏ ਕੋਈ ਹੋਰ ਰਸਤਾ ਅਖਤਿਆਰ ਕੀਤਾ ਜਾਵੇ।
ਮੀਟਿੰਗ ਦੌਰਾਨ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਇਹਨਾਂ ਪ੍ਰਾਈਵੇਟ ਸੈਕਟਰਾਂ ਤੋਂ ਪਿਛਲੇ ਲਗਭਗ 15 ਸਾਲਾਂ ਦੌਰਾਨ ਈ ਡੀ ਸੀ ਵਜੋਂ ਜੋ ਰਾਸ਼ੀ ਇਕੱਤਰ ਕੀਤੀ ਗਈ ਹੈ ਉਹ ਇਹਨਾਂ ਸੈਕਟਰਾਂ ਨਾਲ ਸੰਬੰਧਿਤ ਵਿਕਾਸ ਕਾਰਜਾਂ ਤੇ ਲਾਈ ਜਾਵੇ ਅਤੇ ਇਹਨਾਂ ਸੈਕਟਰਾਂ ਨੂੰ ਮੁਹਾਲੀ ਅਤੇ ਚੰਡੀਗੜ੍ਹ ਨਾਲ ਜੋੜਦਿਆਂ ਸੜਕਾਂ ਦਾ ਤੁਰੰਤ ਨਿਰਮਾਣ ਕੀਤਾ ਜਾਵੇ।
ਮੀਟਿੰਗ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਸਾਲ 2006 ਤੋਂ ਬਿਲਡਰਾਂ ਨੂੰ ਮਿਲਦੀ ਪਾਪਰਾਂ ਦੀਆਂ ਛੋਟਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਵੱਖ-ਵੱਖ ਰੈਜੀਡੈਂਸ ਸੈਲਫ ਐਸੋਸੀਏਸ਼ਨਾਂ ਦੀਆਂ ਗਮਾਡਾ ਦੇ ਦਫਤਰ ਵਿੱਚ ਲੰਬਿਤ ਪਈਆਂ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ ਤਾਂ ਜੋ ਬਿਲਡਰਾਂ ਦੇ ਸਤਾਏ ਹੋਏ ਵਸਨੀਕਾਂ ਨੂੰ ਕੁਝ ਰਾਹਤ ਮਿਲ ਸਕੇ।
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਧੀਕ ਮੁੱਖ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨਾਲ ਵਿਚਾਰ ਕਰਕੇ ਅਗਲੇ ਮੀਟਿੰਗ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਪਾਲ ਸਿੰਘ ਰੱਤੂ, ਭੁਪਿੰਦਰ ਸਿੰਘ ਸੈਣੀ, ਕਵਰ ਸਿੰਘ ਗਿੱਲ, ਅਨਿਲ ਪਰਾਸ਼ਰ, ਗੋਰਵ ਗੋਇਲ, ਸੁਮਿਕਸ਼ਾ ਸੂਦ, ਵਸਣ ਸਿੰਘ ਗਲੋਇਆ, ਬੀ ਆਰ ਕ੍ਰਿਸ਼ਨਾ, ਮਨੋਜ ਸ਼ਰਮਾ, ਮਨੀਸ਼ ਗੁਪਤਾ, ਦਵਿੰਦਰ ਪਾਲ ਸਿੰਘ, ਸੰਜੀਵ ਠੁਕਰਾਲ, ਜਸਵੀਰ ਸਿੰਘ ਗੜਾਂਗ, ਸੁਖਬੀਰ ਸਿੰਘ ਢਿੱਲੋਂ, ਐਸ ਕੇ ਸ਼ਰਮਾ, ਹਰਮਿੰਦਰ ਸਿੰਘ ਸੋਹੀ, ਹਰਬੰਸ ਸਿੰਘ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।