
ਐਮ.ਐਲ.ਏ. ਕੁਲਵੰਤ ਸਿੰਘ ਵੱਲੋਂ ਨਵ-ਨਿਯੁਕਤਆਂਗਣਵਾੜੀ ਹੈਲਪਰਾਂ ਅਤੇ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ
ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਚ ਹੁਣ ਤੱਕ 38 ਹਜ਼ਾਰ ਤੋਂ ਵਧੇਰੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ
Sanghol Times/ਐਸ.ਏ.ਐਸ.ਨਗਰ/21 ਦਸੰਬਰ,2023 –
ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਕਾਬਲ ਤੇ ਯੋਗ ਲੋਕਾਂ ਨੂੰ ਮੈਰਿਟ ਅਧਾਰ ਤੇ ਰੋਜ਼ਗਾਰ ਮੁੱਹਈਆ ਕਰਵਾਉਣ ਦੇ ਉਪਰਾਲਿਆਂ ਦੀ ਲਗਾਤਾਰਤਾ ਵਿੱਚ ਅੱਜ ਐਮ ਐਲ ਏ ਮੋਹਾਲੀ ਸ. ਕੁਲਵੰਤ ਸਿੰਘ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਨਵ-ਨਿਯੁਕਤ 07 ਆਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ।
ਆਪਣੇ ਮੋਹਾਲੀ ਦਫ਼ਤਰ ਵਿਖੇ ਨਿਯੁਕਤੀ ਪੱਤਰਾਂ ਦੀ ਵੰਡ ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਨਿਰੋਲ ਮੈਰਿਟ ਅਤੇ ਪਾਰਦਰਸ਼ੀ ਤਰੀਕੇ ਨਾਲ ਰਾਜ ਅੰਦਰ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨਾਲ ਸਿਰਫ ਕਾਬਲ, ਹੱਕਦਾਰ ਤੇ ਲੋੜਵੰਦ ਉਮੀਦਵਾਰਾਂ ਨੂੰ ਹੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਿੱਚ ਹੁਣ ਤੱਕ 38 ਹਜ਼ਾਰ ਤੋਂ ਵਧੇਰੇ ਨੌਜਵਾਨਾਂ ਨੂੰ ਵੱਖ ਵੱਖ ਮਹਿਕਮਿਆਂ ਵਿੱਚ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ, ਜੋ ਪਹਿਲੀ ਵਾਰ ਕਿਸੇ ਵੀ ਸਰਕਾਰ ਦੇ ਆਪਣੇ ਸ਼ੁਰੂਆਤੀ ਕਾਰਜਕਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਐਮ.ਐਲ.ਏ. ਕੁਲਵੰਤ ਸਿੰਘ ਵਲੋਂ ਨਵੇਂ ਨਿਯੁਕਤ ਹੋਏ ਹੈਲਪਰਾਂ ਤੇ ਆਂਗਣਵਾੜੀ ਵਰਕਰਾਂ ਨੂੰ ਵਧਾਈ ਦਿੰਦਿਆਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੇ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਦੀ ਹਦਾਇਤ ਵੀ ਕੀਤੀ।
ਇਸ ਮੌਕੇ ਗਗਨਦੀਪ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ, ਐਸ.ਏ. ਐਸ. ਨਗਰ, ਸ਼੍ਰੀਮਤੀ ਗੁਰਸਿਮਰਨ ਕੌਰ ਸੀ ਡੀ ਪੀ ਓ ਬਲਾਕ ਖਰੜ-2 ਅਤੇ ਸਮੂਹ ਬਲਾਕ ਸੁਪਰਵਾਈਜ਼ਰਾਂ ਹਾਜ਼ਰ ਸਨ।