ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ “ਚ “ਆਪ” ਨਾਲ ਕਾਂਗਰਸ ਗਠਜੋੜ ਨਕਾਰਿਆ, ਕਿਹਾ – ਸਾਰੀਆਂ ਲੋਕ ਸਭਾ ਸੀਟਾਂ ਤੇ ਉਤਾਰਾਂਗੇ ਅਪਣੇ ਉਮੀਦਵਾਰ
Sanghol Times/ਚੰਡੀਗੜ੍ਹ/ਬਲਾਚੌਰ/09 ਜਨਵਰੀ,2024(ਮਲਕੀਤ ਸਿੰਘ ਭਾਮੀਆਂ) :- ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਦਵਿੰਦਰ ਸਿੰਘ ਯਾਦਵ ਵੱਲੋ ਅਪਣੀ ਪੰਜਾਬ ਫੇਰੀ ਦੌਰਾਨ ਬਲਾਚੌਰ ਵਿਖੇ ਸ਼ਿਰਕਤ ਕਰਕੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਓਪੀ ਸੋਨੀ, ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਵੀ ਉੱਚ ਕੋਟੀ ਦੇ ਆਗੂ ਮੌਜੂਦ ਸਨ। ਆਗੂਆਂ ਨੇ ਦੱਸਿਆ ਕਿ ਉਹ ਸੱਭ ਤੋਂ ਪਹਿਲਾਂ ਅੱਜ ਅਪਣੀ ਇਸ ਯਾਤਰਾ ਵਿੱਚ ਅਮ੍ਰਿਤਸਰ ਦਰਬਾਰ ਸਾਹਿਬ ਨਤਮਸਤਕ ਹੋਣ ਉਪਰੰਤ ਆਪਣੇ ਵੱਡੀ ਗਿਣਤੀ ਵਿੱਚ ਮੌਜੂਦ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਸ਼੍ਰੀ ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਮਗਰੋਂ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਵਿੱਚ ਲੋਕ ਸਭਾ ਚੋਣਾਂ ਸੰਬੰਧੀ ਗਠਜੋੜ ਬਾਰੇ ਕੋਈ ਵੀ ਸੰਭਾਵਨਾ ਨਹੀਂ ਹੈ, ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਉਪਰ ਅਪਣੇ ਉਮੀਦਵਾਰ ਖੜ੍ਹੇ ਕਰੇਗੀ। ਸ਼੍ਰੀ ਰਾਮ ਮੰਦਰ ਦੇ ਨਿਰਮਾਣ ਸੰਬੰਧੀ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਸ਼੍ਰੀ ਰਾਮ ਭਾਜਪਾ ਦੇ ਇਕੱਲੇ ਨਹੀਂ ਹਨ, ਮੰਦਰ ਨੂੰ ਬਣਾਉਣ ਦਾ ਫੈਸਲਾ ਸੁਪਰੀਮ ਕੋਰਟ ਵੱਲੋ ਕੀਤਾ ਗਿਆ ਹੈ। ਕਾਂਗਰਸ ਪਾਰਟੀ ਵੀ ਉਥੇ ਜਾ ਸਕਦੀ ਹੈ। ਇਸ ਮੌਕੇ ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਪ੍ਰਧਾਨ ਅਜੇ ਮੰਗੂਪੁਰ, ਸੁਰਜੀਤ ਭਾਟੀਆ, ਸੰਦੀਪ ਭਾਟੀਆ ਧਰਵੀਰ ਪਿੰਦਾਂ ਬਲਦੇਵ ਭਾਟੀਆ, ਸੰਦੀਪ ਸੰਧੂ, ਵਿੱਕੀ ਚੋਧਰੀ, ਭਾਰਤ ਭੂਸ਼ਨ ਨਰੇਸ਼ ਕੁਮਾਰ ਕੌਂਸਲਰ, ਦੇਸ ਰਾਜ ਹੱਕਲਾ, ਪ੍ਰੇਮ ਖਟਾਣਾ, ਸੁਰੇਸ਼ ਚੋਧਰੀ, ਰਾਜਿੰਦਰ ਖਟਾਣਾ, ਭਜਨ ਸਿੰਘ ਮੰਨੂੰ ਸਰਪੰਚ, ਰਾਮ ਲਾਲ ਸਮੇਤ ਹੋਰ ਵੀ ਇਲਾਕੇ ਦੀਆਂ ਉਘੀਆਂ ਸਖਸ਼ੀਅਤਾਂ ਹਾਜ਼ਰ ਸਨ। ਇਸ ਤੋਂ ਪਹਿਲਾਂ ਯੂਥ ਕਾਂਗਰਸ ਦੇ ਨੇਤਾ ਚੌਧਰੀ ਦੀਪਕ ਖੁਰਾਣਾ ਅਤੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋ ਕਾਂਗਰਸੀ ਨੇਤਾਵਾਂ ਦਾ ਨਿੱਘਾ ਸਵਾਗਤ ਕੀਤਾ।