
‘ਸਾਰੇ ਆਰੋਪ ਸਹੀ, ‘ਜੱਜ ਸਾਹਿਬ ਨੂੰ ਦੱਸਾਂਗੇ ਸੱਚ, ਸੁਖਬੀਰ ਬਾਦਲ ਵੱਲੋ ਕੀਤੇ ਮਾਣਹਾਨੀ ਕੇਸ ‘ਤੇ ਮੁੱਖ ਮੰਤਰੀ ਦਾ ਜੁਆਬ
Sanghol Times/ਚੰਡੀਗੜ੍ਹ/ਮੁਕਤਸਰ/11 ਜਨਵਰੀ,2024( ਮਲਕੀਤ ਸਿੰਘ ਭਾਮੀਆਂ) :- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਲਤ ਬਿਆਨਬਾਜ਼ੀ ਦਾ ਆਰੋਪ ਲਗਾਉਂਦਿਆਂ ਵੀਰਵਾਰ ਨੂੰ ਮੁਕਤਸਰ ਦੀ ਅਦਾਲਤ ‘ਚ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ। ਇਸਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਉਨ੍ਹਾਂ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੀਤੀ 1 ਨਵੰਬਰ ਨੂੰ ਐਸਵਾਈਐਲ ਦੇ ਮੁੱਦੇ ਉੱਤੇ ਉਨ੍ਹਾਂ ਨੇ ਜੋ ਬਾਦਲ ਪਰਿਵਾਰ ਤੇ ਆਰੋਪ ਲਾਏ ਹਨ, ਉਹ ਬਿਲਕੁਲ ਸਹੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਚਾਹੁਣ ਤਾਂ ਉਨ੍ਹਾਂ ਖਿਲਾਫ ਕੋਈ ਵੀ ਕੇਸ ਦਰਜ ਕਰਵਾ ਸਕਦੇ ਹਨ। ਉਹ ਉਸ ਤਰੀਕ ਨੂੰ ਕੋਰਟ ਵਿੱਚ ਪੇਸ਼ ਹੋਣਗੇ ਅਤੇ ਜੱਜ ਨੂੰ ਦੱਸਣਗੇ ਕਿ ਉਨ੍ਹਾਂ ਕੋਲ ਨਾ ਸਿਰਫ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਦੇ ਇਹ ਸਬੂਤ ਹਨ, ਸਗੋਂ ਬਾਦਲ ਪਰਿਵਾਰ ਵੱਲੋਂ ਸੁਖ ਵਿਲਾ ਰਿਜ਼ੋਰਟ ਸਮੇਤ ਕਈ ਹੋਰ ਕਾਰੋਬਾਰਾਂ ਵਿੱਚ ਕੀਤੇ ਭ੍ਰਿਸ਼ਟਾਚਾਰ ਦੇ ਸਾਰੇ ਦਸਤਾਵੇਜ਼ ਵੀ ਮੌਜੂਦ ਹਨ, ਜੋ ਉਹ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਨਗੇ। ਇੰਨਾਂ ਨੂੰ ਹਰ ਤਰੀਕ ਦੌਰਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਖੁੱਦ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਨੂੰ ਲੈਕੇ ਮੁਕਤਸਰ ਦੀ ਜਿਲ੍ਹਾ ਅਦਾਲਤ ‘ਚ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ 1 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਭਗਵੰਤ ਮਾਨ ਨੂੰ ਝੂਠ ਬੋਲਣ ਦੀ ਆਦਤ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ ਪਰਿਵਾਰ ਬਾਰੇ ਝੂਠ ਬੋਲਣ ਵਿਰੁੱਧ ਕਈ ਵਾਰ ਚੇਤਾਵਨੀ ਦੇ ਚੂੱਕੇ ਹਨ। ਪਰ ਉਸਦੇ ਬਾਵਜੂਦ ਲਗਾਤਾਰ ਉਨ੍ਹਾਂ ਦੇ ਪਰਿਵਾਰ ਖਿਲਾਫ ਝੂਠ ਬੋਲਿਆ ਜਾ ਰਿਹਾ ਹੈ। ਸੁਖਬੀਰ ਬਾਦਲ ਅਨੁਸਾਰ ਮੁੱਖ ਮੰਤਰੀ ਮਾਨ ਨੇ ਬਿਆਨ ਵੀ ਦਿੱਤਾ ਸੀ ਕਿ ਬਾਲਾਸਰ ਵਿੱਚ ਉਨ੍ਹਾਂ ਦੇ ਖੇਤ ਵਿੱਚੋਂ ਜੋ ਨਹਿਰ ਬਣੀ ਹੈ, ਉਹ ਸਿਰਫ ਬਾਦਲ ਦੇ ਖੇਤਾਂ ਲਈ ਬਣਾਈ ਗਈ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਦੀ ਟਰਾਂਸਪੋਰਟ ਕੰਪਨੀ ਬਾਰੇ ਵੀ ਝੂਠਾ ਬਿਆਨ ਦਿੱਤਾ ਕਿ ਬਾਦਲ ਪਰਿਵਾਰ ਉਨ੍ਹਾਂ ਦੀਆਂ ਸਾਰੀਆਂ ਬੱਸਾਂ ਦੇ ਪਰਮਿਟ ਵਧਾ ਕੇ ਚੰਡੀਗੜ੍ਹ ਲੈ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਦੀ ਤਰਫੋਂ ਮੁੱਖ ਮੰਤਰੀ ਮੁੱਖ ਮੰਤਰੀ ਨੂੰ ਨੋਟਿਸ ਭੇਜਿਆ ਸੀ, ਜਿਸਦਾ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਨੂੰ ਮੁਕਤਸਰ ਦੀ ਅਦਾਲਤ ‘ਚ ਮੁੱਖ ਮੰਤਰੀ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਉਹ ਮੁੱਖ ਮੰਤਰੀ ਨੂੰ ਮੁਕਤਸਰ ਦੀ ਅਦਾਲਤ ਵਿੱਚ ਲੈਕੇ ਆਉਣਗੇ ਜਿੱਥੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਝੂਠ ਬੋਲਣ ਦੀ ਸਜ਼ਾ ਕੀ ਹੁੰਦੀ ਹੈ। ਮੁੱਖ ਮੰਤਰੀ ਮਾਨ ਵੱਲੋ ਹਰ ਤਰੀਕ ‘ਤੇ ਕੋਰਟ ਵਿੱਚ ਪੇਸ਼ ਹੋਣ ਦੇ ਬਿਆਨ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਹਰ ਤਰੀਕ ‘ਤੇ ਆਉਣਗੇ, ਇਸ ਲਈ ਉਹ ਇਹ ਵੀ ਦੇਖਣਗੇ ਕਿ ਮੁੱਖ ਮੰਤਰੀ ਕਿੰਨੀ ਵਾਰ ਤਰੀਕਾ ‘ਤੇ ਆਉਂਦੇ ਹਨ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਮੁਕਤਸਰ ਦੀ ਧਰਤੀ ਲਈ ਖੁੱਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਇਸ ਬਹਾਨੇ ਹੀ ਸਹੀ, ਮੁਕਤਸਰ ਆਉਣਗੇ ਤਾਂ ਸਹੀ।