15 ਜਨਵਰੀ ਨੂੰ ਸਮੂਹ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ ਲੰਬਿਤ ਇੰਤਕਾਲਾਂ ਨੂੰ ਦਰਜ ਕਰਨ ਲਈ ਮੁੜ ਲੱਗਣਗੇ ਵਿਸ਼ੇਸ਼ ਕੈਂਪ: ਜਤਿੰਦਰ ਜੋਰਵਾਲ
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤਾਂ ਜਾਰੀ
Sanghol Times/ਦਲਜੀਤ ਕੌਰ/ਸੰਗਰੂਰ/12 ਜਨਵਰੀ,2024: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਦੀਆਂ ਸਮੂਹ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ 15 ਜਨਵਰੀ ਨੂੰ ਲੰਬਿਤ ਇੰਤਕਾਲਾਂ ਨੂੰ ਦਰਜ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਸਮੁੱਚੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਆਯੋਜਿਤ ਵਿਸ਼ੇਸ਼ ਕੈਂਪਾਂ ਦੌਰਾਨ 1093 ਲੰਬਿਤ ਇੰਤਕਾਲਾਂ ਦੇ ਦਰਜ ਹੋਣ ਨਾਲ ਲੋਕਾਂ ਨੂੰ ਵੱਡਾ ਲਾਭ ਹੋਇਆ ਹੈ ਜਿਸ ਕਾਰਨ ਹੋਰਨਾਂ ਲੋੜਵੰਦ ਲੋਕਾਂ ਨੂੰ ਇਨ੍ਹਾਂ ਕੈਂਪਾਂ ਰਾਹੀਂ ਲਾਭ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ 15 ਜਨਵਰੀ ਦਿਨ ਸੋਮਵਾਰ ਨੂੰ ਮੁੜ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ ਮਾਲ ਵਿਭਾਗ ਨੂੰ ਅਜਿਹੇ ਹੀ ਕੈਂਪ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 15 ਜਨਵਰੀ ਨੂੰ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ ਆਪਣੇ ਲੰਬਿਤ ਇੰਤਕਾਲਾਂ ਨੂੰ ਦਰਜ ਕਰਵਾਉਣ ਲਈ ਪਹੁੰਚ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ 15 ਜਨਵਰੀ ਨੂੰ ਲੱਗਣ ਵਾਲੇ ਕੈਂਪਾਂ ਦੌਰਾਨ ਉਪ ਮੰਡਲ ਮੈਜਿਸਟਰੇਟ ਕੈਂਪਾਂ ਦੀ ਨਿਗਰਾਨੀ ਕਰਦੇ ਹੋਏ ਪਟਵਾਰੀਆਂ, ਕਾਨੂੰਗੋਆਂ, ਨਾਇਬ ਤਹਿਸੀਲਦਾਰਾਂ ਅਤੇ ਤਹਿਸੀਲਦਾਰਾਂ ਨੂੰ ਕੈਂਪਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਲੰਬਿਤ ਇੰਤਕਾਲਾਂ ਦਾ ਨਿਪਟਾਰਾ ਕਰਵਾਉਣਗੇ।